ਚੰਡੀਗੜ੍ਹ ''ਚ ਕੈਬ ਸੇਵਾਵਾਂ ''ਤੇ ਐਕਸ਼ਨ ਮਗਰੋਂ ਡਰਾਈਵਰਾਂ ''ਤੇ ਵੱਡਾ ਸੰਕਟ! EMI ਭਰਨੀ ਵੀ ਹੋਈ ਔਖੀ
Tuesday, Sep 22, 2026 - 01:35 PM (IST)
ਚੰਡੀਗੜ੍ਹ (ਅੰਕੁਰ) : ਸ਼ਹਿਰ ਦੀਆਂ ਸੜਕਾਂ ’ਤੇ ਦਿਨ-ਰਾਤ ਕੈਬ ਚਲਾਉਣ ਵਾਲੇ ਡਰਾਈਵਰਾਂ ਲਈ ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਗੱਡੀ ਦੀ ਈ. ਐੱਮ. ਆਈ. ਕਿਵੇਂ ਭਰੀ ਜਾਵੇ, ਜਦੋਂ ਰਾਈਡਾਂ ਦੇ ਮੌਕੇ ਹੀ ਘੱਟਦੇ ਜਾ ਰਹੇ ਹਨ। ਦੂਜੇ ਪਾਸੇ ਰੋਜ਼ਾਨਾ ਦਫ਼ਤਰ, ਕਾਲਜ, ਹਸਪਤਾਲ, ਰੇਲਵੇ ਸਟੇਸ਼ਨ ਅਤੇ ਏਅਰਪੋਰਟ ਜਾਣ ਵਾਲੇ ਯਾਤਰੀਆਂ ਲਈ ਵੀ ਸਵਾਲ ਇਹ ਹੈ ਕਿ ਜੇਕਰ ਇਕ ਐਪ ’ਤੇ ਕੈਬ ਨਾ ਮਿਲੇ ਜਾਂ ਕਿਰਾਇਆ ਜ਼ਿਆਦਾ ਹੋਵੇ ਤਾਂ ਦੂਜੇ ਪਲੇਟਫਾਰਮ ’ਤੇ ਜਾਣ ਦਾ ਵਿਕਲਪ ਕਿੱਥੇ ਹੈ? ਚੰਡੀਗੜ੍ਹ ’ਚ ਓਲਾ, ਇਨਡ੍ਰਾਈਵ, ਓਬਰ ਅਤੇ ਰੈਪੀਡੋ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਤੋਂ ਬਾਅਦ ਇਹ ਦੋਵੇਂ ਸਵਾਲ ਹੁਣ ਹੋਰ ਤਿੱਖੇ ਹੋ ਗਏ ਹਨ। ਪਿਛਲੇ ਕੁੱਝ ਮਹੀਨਿਆਂ ਦੌਰਾਨ ਪ੍ਰਸ਼ਾਸਨ ਵੱਲੋਂ ਇਨ੍ਹਾਂ ਚਾਰਾਂ ਪ੍ਰਮੁੱਖ ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਓਲਾ ਦਾ ਲਾਇਸੈਂਸ 17 ਜੂਨ, ਇਨਡ੍ਰਾਈਵ ਦਾ 10 ਅਗਸਤ ਅਤੇ ਓਬਰ-ਰੈਪੀਡੋ ਦੇ ਲਾਇਸੈਂਸ 8 ਸਤੰਬਰ ਨੂੰ 6 ਮਹੀਨਿਆਂ ਲਈ ਮੁਅੱਤਲ ਕੀਤੇ ਗਏ। ਪ੍ਰਸ਼ਾਸਨ ਵੱਲੋਂ ਕਾਰਵਾਈ ਪਿੱਛੇ ਡਰਾਈਵਰਾਂ ਦੀ ਸਿਹਤ ਅਤੇ ਟਰਮ ਇੰਸ਼ੋਰੈਂਸ, ਨਿਰਧਾਰਤ ਕਿਰਾਏ ਦੀ ਪਾਲਣਾ ਅਤੇ ਹੋਰ ਨਿਯਮਾਂ ਦੀ ਉਲੰਘਣਾ ਨੂੰ ਕਾਰਨ ਦੱਸਿਆ ਗਿਆ। ਨਿਯਮਾਂ ਦੀ ਪਾਲਣਾ ਅਤੇ ਯਾਤਰੀਆਂ ਦੀ ਸੁਰੱਖਿਆ ਆਪਣੀ ਥਾਂ ’ਤੇ ਅਹਿਮ ਹੈ ਪਰ ਇਨ੍ਹਾਂ ਕਾਰਵਾਈਆਂ ਤੋਂ ਬਾਅਦ ਡਰਾਈਵਰਾਂ ਤੇ ਯਾਤਰੀਆਂ ਦੋਵਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਸਰਕਾਰੀ ਬੱਸਾਂ ਚੱਲਣਗੀਆਂ ਜਾਂ ਨਹੀਂ? ਹੜਤਾਲ ਨੂੰ ਲੈ ਕੇ ਆਈ ਨਵੀਂ ਅਪਡੇਟ
‘ਗੱਡੀ ਦੀ EMI ਤਾਂ ਨਹੀਂ ਰੁਕੀ, ਫਿਰ ਕਮਾਈ ਦਾ ਰਾਹ ਕਿਉਂ ਰੁਕ ਗਿਆ?
ਕੈਬ ਡਰਾਈਵਰਾਂ ਹਿਮਾਂਸ਼, ਰਿਸ਼ਭ, ਸੰਦੀਪ, ਆਨੰਦ ਤੇ ਹਰਪ੍ਰੀਤ ਲਈ ਕੈਬ ਸਿਰਫ਼ ਇਕ ਗੱਡੀ ਨਹੀਂ, ਸਗੋਂ ਪਰਿਵਾਰ ਦੀ ਆਮਦਨ ਦਾ ਸਾਧਨ ਹੈ। ਕਈ ਡਰਾਈਵਰਾਂ ਨੇ ਗੱਡੀਆਂ ਲੋਨ ਜਾਂ ਈ. ਐੱਮ. ਆਈ. ’ਤੇ ਲਈਆਂ ਹੋਈਆਂ ਹਨ। ਗੱਡੀ ਦੀ ਕਿਸ਼ਤ ਹਰ ਮਹੀਨੇ ਦੇਣੀ ਹੈ, ਤੇਲ ਦਾ ਖ਼ਰਚਾ ਕਰਨਾ ਹੈ, ਸਰਵਿਸਿੰਗ ਅਤੇ ਟਾਇਰਾਂ ਦਾ ਖ਼ਰਚਾ ਵੀ ਹੈ, ਬੀਮਾ ਕਰਵਾਉਣਾ ਹੈ ਅਤੇ ਘਰ ਦਾ ਰਾਸ਼ਨ ਅਤੇ ਬੱਚਿਆਂ ਦੀ ਪੜ੍ਹਾਈ ਵਰਗੇ ਖ਼ਰਚੇ ਵੀ ਉਸੇ ਕਮਾਈ ਨਾਲ ਪੂਰੇ ਕਰਨੇ ਹਨ। ਡਰਾਈਵਰਾਂ ਲਈ ਮੁਸ਼ਕਲ ਇਹ ਹੈ ਕਿ ਇਨ੍ਹਾਂ ’ਚੋਂ ਕੋਈ ਵੀ ਖ਼ਰਚਾ ਰੁਕਿਆ ਨਹੀਂ। ਜੇਕਰ ਗੱਡੀ ਦੀ ਈ. ਐੱਮ. ਆਈ. ਨਹੀਂ ਰੁਕੀ, ਤਾਂ ਫਿਰ ਰਾਈਡਾਂ ਦੇ ਮੌਕੇ ਘੱਟਣ ਨਾਲ ਬਣਨ ਵਾਲੇ ਆਰਥਿਕ ਘਾਟੇ ਨੂੰ ਕੌਣ ਪੂਰਾ ਕਰੇਗਾ? ਇਹੀ ਸਵਾਲ ਸੜਕ ’ਤੇ ਕੈਬ ਚਲਾਉਣ ਵਾਲੇ ਡਰਾਈਵਰਾਂ ਦੀ ਸਭ ਤੋਂ ਵੱਡੀ ਚਿੰਤਾ ਬਣਿਆ ਹੋਇਆ ਹੈ। ਐਪ ਆਧਾਰਤ ਕੈਬ ਮਾਡਲ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਸੀ ਕਿ ਡਰਾਈਵਰ ਕਿਸੇ ਇੱਕ ਕੰਪਨੀ ’ਤੇ ਨਿਰਭਰ ਨਹੀਂ ਰਹਿੰਦਾ ਸੀ। ਇਕ ਐਪ ’ਤੇ ਰਾਈਡ ਘੱਟ ਮਿਲੀ ਤਾਂ ਦੂਜੀ ਐਪ ਖੋਲ੍ਹ ਲਈ। ਕਿਸੇ ਪਲੇਟਫਾਰਮ ’ਤੇ ਕਮਿਸ਼ਨ ਜਾਂ ਕੰਮ ਦੀਆਂ ਸ਼ਰਤਾਂ ਠੀਕ ਨਾ ਲੱਗੀਆਂ ਤਾਂ ਦੂਜੇ ਪਲੇਟਫਾਰਮ ਨਾਲ ਕੰਮ ਕਰਨ ਦਾ ਵਿਕਲਪ ਸੀ। ਇਸ ਤਰ੍ਹਾਂ ਡਰਾਈਵਰ ਆਪਣੇ ਕੰਮ ਦੇ ਸਮੇਂ ਅਤੇ ਕਮਾਈ ਦੇ ਮੌਕਿਆਂ ਨੂੰ ਆਪਣੇ ਹਿਸਾਬ ਨਾਲ ਬਦਲ ਸਕਦਾ ਸੀ। ਹੁਣ ਚਾਰ ਵੱਡੇ ਪਲੇਟਫਾਰਮਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਨਾਲ ਇਹ ਚੋਣ ਕਾਫੀ ਘੱਟ ਗਈ ਹੈ। ਉਨ੍ਹਾਂ ਦੀ ਚਿੰਤਾ ਸਿਰਫ਼ ਇਹ ਨਹੀਂ ਕਿ ਇਕ ਐਪ ਬੰਦ ਹੋ ਗਈ, ਸਗੋਂ ਇਹ ਹੈ ਕਿ ਕੰਮ ਕਰਨ ਲਈ ਕਈ ਪਲੇਟਫਾਰਮ ਹੀ ਉਪਲੱਬਧ ਨਾ ਰਹਿਣ ਤਾਂ ਉਹ ਆਪਣੀ ਕਮਾਈ ਦੇ ਮੌਕੇ ਕਿਵੇਂ ਵਧਾਉਣਗੇ?
100 ਦਿਨ ਧਰਨਾ ਅਤੇ ਭੁੱਖ ਹੜਤਾਲ, ਫਿਰ ਵੀ ਮੁਸ਼ਕਲਾਂ ਬਰਕਰਾਰ
ਕੰਪਨੀਆਂ ਦੀਆਂ ਨੀਤੀਆਂ, ਡਰਾਈਵਰਾਂ ਦੇ ਹੱਕਾਂ ਤੇ ਇੰਸ਼ੋਰੈਂਸ ਸਮੇਤ ਹੋਰ ਮਸਲਿਆਂ ਨੂੰ ਲੈ ਕੇ ਡਰਾਈਵਰਾਂ ਵੱਲੋਂ ਲਗਭਗ 100 ਦਿਨ ਤੱਕ ਧਰਨਾ ਤੇ ਭੁੱਖ-ਹੜਤਾਲ ਵੀ ਕੀਤੀ ਗਈ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ ਅਤੇ ਕੰਮ ਨਾਲ ਜੁੜੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ। 8 ਸਤੰਬਰ ਨੂੰ ਓਬਰ ਤੇ ਰੈਪੀਡੋ ਦੇ ਲਾਇਸੈਂਸ ਮੁਅੱਤਲ ਹੋਣ ਤੋਂ ਇਕ ਦਿਨ ਬਾਅਦ ਡਰਾਈਵਰਾਂ ਨੇ ਆਪਣਾ ਅੰਦੋਲਨ ਖ਼ਤਮ ਕਰ ਦਿੱਤਾ ਪਰ ਹੁਣ ਨਵੀਂ ਸਥਿਤੀ ’ਚ ਇਕ ਹੋਰ ਸਵਾਲ ਖੜ੍ਹਾ ਹੋ ਗਿਆ ਹੈ ਕਿ ਜਿਨ੍ਹਾਂ ਮਸਲਿਆਂ ਨੂੰ ਲੈ ਕੇ ਡਰਾਈਵਰ ਸੜਕਾਂ ’ਤੇ ਉਤਰੇ ਸਨ, ਕੀ ਉਨ੍ਹਾਂ ਦਾ ਹੱਲ ਹੋਇਆ ਜਾਂ ਨਹੀਂ? ਅਤੇ ਐਪ ਆਧਾਰਿਤ ਕੰਮ ਦੇ ਮੌਕੇ ਹੀ ਘੱਟ ਜਾਣ ਤਾਂ ਡਰਾਈਵਰਾਂ ਦੀ ਆਮਦਨ ਦਾ ਕੀ ਬਣੇਗਾ?
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ! ਬਿੱਲਾਂ ਨੂੰ ਲੈ ਕੇ ਮਚੀ ਹਾਹਾਕਾਰ, ਪੜ੍ਹੋ ਕਾਰਨ
ਯਾਤਰੀ ਵੀ ਪੁੱਛ ਰਹੇ, ‘ਕੈਬ ਮਹਿੰਗੀ ਹੈ ਤਾਂ ਦੂਜੀ ਐਪ ਕਿੱਥੇ ਹੈ?’
ਐਪ ਆਧਾਰਿਤ ਕੈਬ ਹੁਣ ਸਿਰਫ਼ ਸੁਵਿਧਾ ਨਹੀਂ ਰਹੀ, ਸਗੋਂ ਹਜ਼ਾਰਾਂ ਲੋਕਾਂ ਦੀ ਰੋਜ਼ਾਨਾ ਆਵਾਜਾਈ ਦਾ ਹਿੱਸਾ ਬਣ ਚੁੱਕੀ ਹੈ। ਦਫ਼ਤਰ ਜਾਣ ਵਾਲੇ ਕਰਮਚਾਰੀ, ਕਾਲਜ ਵਿਦਿਆਰਥੀ, ਹਸਪਤਾਲ ਜਾਣ ਵਾਲੇ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਟੇਸ਼ਨ ਜਾਂ ਏਅਰਪੋਰਟ ਜਾਣ ਵਾਲੇ ਯਾਤਰੀ ਇਸ ਸੇਵਾ ’ਤੇ ਨਿਰਭਰ ਕਰਦੇ ਹਨ। ਪਹਿਲਾਂ ਯਾਤਰੀ ਇੱਕੋ ਸਮੇਂ ਕਈ ਐਪਾਂ ’ਤੇ ਕਿਰਾਇਆ ਦੇਖ ਸਕਦਾ ਸੀ ਅਤੇ ਲੋੜ ਤੇ ਜੇਬ ਮੁਤਾਬਕ ਫ਼ੈਸਲਾ ਕਰ ਸਕਦਾ ਸੀ। ਹੁਣ ਇਸ ਦੀ ਗੁੰਜਾਇਸ਼ ਘੱਟ ਹੋ ਗਈ ਹੈ। ਦੇਰ ਰਾਤ ਜਾਂ ਕਿਸੇ ਐਮਰਜੈਂਸੀ ’ਚ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਉਪਲੱਬਧ ਸੇਵਾ ’ਤੇ ਉਸ ਸਮੇਂ ਕੈਬ ਨਾ ਮਿਲੇ ਤਾਂ ਯਾਤਰੀ ਤੁਰੰਤ ਦੂਜੇ ਐਪ ’ਤੇ ਜਾਣ ਦੀ ਸਹੂਲਤ ਤੋਂ ਵਾਂਝਾ ਰਹਿ ਸਕਦਾ ਹੈ।
'ਭਾਰਤ ਟੈਕਸੀ' ਆਈ ਪਰ ਦੋਪਹੀਆ ਰਾਈਡ ਦੀ ਕਮੀ ਬਣੀ ਵੱਡੀ ਰੁਕਾਵਟ
18 ਸਤੰਬਰ ਨੂੰ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਭਾਰਤ ਟੈਕਸੀ ਦੀ ਡਿਜੀਟਲ ਸ਼ੁਰੂਆਤ ਕੀਤੀ ਗਈ ਅਤੇ ਵਾਹਨਾਂ ਨੂੰ ਹਰੀ ਝੰਡੀ ਦਿਖਾਈ ਗਈ। ਸਹਿਕਾਰੀ ਮਾਡਲ ’ਤੇ ਆਧਾਰਿਤ ਇਸ ਸੇਵਾ ਦੀ ਐਂਟਰੀ ਉਸ ਸਮੇਂ ਹੋਈ ਹੈ, ਜਦੋਂ ਚਾਰ ਵੱਡੇ ਪ੍ਰਾਈਵੇਟ ਐਗਰੀਗੇਟਰਾਂ ਦੀਆਂ ਸੇਵਾਵਾਂ ਪ੍ਰਭਾਵਿਤ ਹਨ। ਭਾਰਤ ਟੈਕਸੀ ਤੋਂ ਯਾਤਰੀਆਂ ਤੇ ਡਰਾਈਵਰਾਂ ਨੂੰ ਨਵੇਂ ਵਿਕਲਪ ਦੀ ਉਮੀਦ ਹੈ ਪਰ ਫਿਲਹਾਲ ਚੰਡੀਗੜ੍ਹ ’ਚ ਦੋਪਹੀਆ ਬੁਕਿੰਗ ਦੀ ਸਹੂਲਤ ਉਪਲੱਬਧ ਨਾ ਹੋਣ ਕਾਰਨ ਛੋਟੀ ਦੂਰੀ ਦੀ ਸਸਤੀ ਰਾਈਡ ਲੱਭਣ ਵਾਲੇ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ। ਖ਼ਾਸ ਕਰਕੇ ਵਿਦਿਆਰਥੀਆਂ ਤੇ ਘੱਟ ਦੂਰੀ ਤੈਅ ਕਰਨ ਵਾਲੇ ਯਾਤਰੀਆਂ ਲਈ ਦੋਪਹੀਆ ਸਵਾਰੀ ਇਕ ਘੱਟ ਖ਼ਰਚ ਵਾਲਾ ਵਿਕਲਪ ਰਹੀ ਹੈ। ਇਸ ਲਈ ਸਿਰਫ਼ ਕੈਬ ਉਪਲੱਬਧ ਹੋਣ ਨਾਲ ਉਨ੍ਹਾਂ ਦੀ ਪੂਰੀ ਲੋੜ ਪੂਰੀ ਨਹੀਂ ਹੁੰਦੀ।
231 ਚਲਾਨ, 16 ਵਾਹਨ ਜ਼ਬਤ, ਰਾਈਡਰਾਂ ’ਚ ਹੋਰ ਚਿੰਤਾ
ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੇ ਨਿਲੰਬਿਤ ਐਗਰੀਗੇਟਰਾਂ ਨਾਲ ਜੁੜੇ ਵਾਹਨਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। 9 ਤੋਂ 12 ਸਤੰਬਰ ਦਰਮਿਆਨ 231 ਵਾਹਨਾਂ ਦੇ ਚਲਾਨ ਅਤੇ 16 ਵਾਹਨ ਜ਼ਬਤ ਕੀਤੇ ਗਏ। ਇਸ ਕਾਰਵਾਈ ਨਾਲ ਇਕ ਪਾਸੇ ਪ੍ਰਸ਼ਾਸਨ ਵੱਲੋਂ ਨਿਯਮਾਂ ਨੂੰ ਲਾਗੂ ਕਰਨ ਦਾ ਸੰਦੇਸ਼ ਗਿਆ ਹੈ ਪਰ ਦੂਜੇ ਪਾਸੇ ਰਾਈਡਰਾਂ ਦੀ ਚਿੰਤਾ ਵੀ ਵਧੀ ਹੈ। ਜਿਨ੍ਹਾਂ ਡਰਾਈਵਰਾਂ ਦੀ ਰੋਜ਼ੀ-ਰੋਟੀ ਗੱਡੀ ਚਲਾ ਕੇ ਹੁੰਦੀ ਹੈ, ਉਨ੍ਹਾਂ ਲਈ ਵਾਹਨ ਜ਼ਬਤ ਹੋਣਾ ਜਾਂ ਕੰਮ ਕਰਨ ਦੇ ਵਿਕਲਪ ਘਟਣਾ ਸਿੱਧਾ ਆਮਦਨ ਨਾਲ ਜੁੜਿਆ ਮਾਮਲਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
