ਟੂਰਿਸਟਾਂ ਲਈ ਰੇਲਵੇ ਸਟੇਸ਼ਨ ''ਤੇ ਬਣਿਆ ''ਟੂਰ ਐਂਡ ਟਰੈਵਲ'' ਡੈਸਕ

12/03/2019 11:36:54 AM

ਚੰਡੀਗੜ੍ਹ (ਲਲਨ ਯਾਦਵ) : ਇੰਡੀਅਨ ਰੇਲਵੇ ਸਟੇਸ਼ਨ ਡਿਵੈੱਲਪਮੈਂਟ ਕਾਰਪੋਰੇਸ਼ਨ (ਆਈ. ਆਰ. ਐੱਸ. ਡੀ. ਸੀ.) ਨੇ ਰੇਲਵੇ ਸਟੇਸ਼ਨ ਦੇ ਦਾਖਲਾ ਗੇਟ 'ਤੇ ਟੂਰ ਐਂਡ ਟ੍ਰੈਵਲ ਡੈਸਕ ਬਣਾਇਆ ਹੈ। ਇਸ ਦਾ ਮੁੱਖ ਮਕਸਦ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਦੂਜੇ ਰਾਜਾਂ ਤੋਂ ਆਉਣ ਵਾਲੇ ਟੂਰਿਸਟਾਂ ਨੂੰ ਸਾਰੀਆਂ ਸਹੂਲਤਾਂ ਇਕ ਛੱਤ ਹੇਠਾਂ ਦੇਣਾ ਹੈ। ਯੂ. ਡੀ. ਐੱਸ. ਕੰਪਨੀ ਦੇ ਮੈਨੇਜਰ ਤਾਰਾ ਚੰਦ ਨੇ ਦੱਸਿਆ ਕਿ ਦੂਸਜੇ ਰਾਜਾਂ ਤੇ ਵਿਦੇਸ਼ਾਂ ਤੋਂ ਆਉਣ ਵਾਲੇ ਟੂਰਿਸਟ ਸ਼ਿਮਲਾ ਜਾਂ ਜੰਮੂ-ਕਸ਼ਮੀਰ ਜਾਣ ਲਈ ਟੂਰ ਐਂਡ ਟ੍ਰੈਵਲ ਏਜੰਟਾਂ ਦੇ ਚੱਕਰ ਵਿਚ ਫਸ ਜਾਂਦੇ ਸੀ ਅਤੇ ਟੂਰਿਸਟਾਂ ਨੂੰ ਕਾਫੀ ਚਪਤ ਲੱਗੀ ਸੀ। ਇਸ ਦੀ ਹਮੇਸ਼ਾ ਸ਼ਿਕਾਇਤ ਮਿਲਦੀ ਰਹਿੰਦੀ ਸੀ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਡੈਸਕ ਬਣਾਇਆ ਗਿਆ ਹੈ। ਕੰਪਨੀ ਨਿਰਧਾਰਤ ਮੁੱਲਾਂ 'ਤੇ ਟੂਰਿਸਟਾਂ ਨੂੰ ਟੂਰ ਪੈਕੇਜ, ਹੋਟਲ ਅਤੇ ਟੈਕਸੀ ਉਪਲਬਧ ਕਰਵਾਏਗੀ।
24 ਘੰਟੇ ਖੁੱਲ੍ਹਾ ਰਹੇਗਾ
ਤਾਰਾ ਚੰਦ ਨੇ ਦੱਸਿਆ ਕਿ ਟੂਰ ਐਂਡ ਟ੍ਰੈਵਲ ਡੈਸਕ 24 ਘੰਟੇ ਖੁੱਲ੍ਹਾ ਰਹੇਗਾ। ਟੂਰਿਸਟ ਚਾਹੇ ਚੰਡੀਗੜ੍ਹ ਘੁੰਮਣਾ ਚਾਹੁਣ ਜਾਂ ਫਿਰ ਦੂਸਰੇ ਕਿਸੇ ਸੂਬੇ ਵਿਚ, ਉਸ ਨੂੰ ਘੱਟ ਤੋਂ ਘੱਟ ਕਿਰਾਏ 'ਤੇ ਹੋਟਲ ਅਤੇ ਟੈਕਸੀ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਹਰਿਆਣਾ ਤੇ ਪੰਜਾਬ ਦੇ ਧਾਰਮਿਕ ਸਥਾਨਾਂ ਬਾਰੇ ਵੀ ਜਾਣਕਾਰੀ ਟੂਰਿਸਟਾਂ ਨੂੰ ਦਿੱਤੀ ਜਾਵੇਗੀ।
ਦਰਿਆ ਦੇ ਟੂਰ ਐਂਡ ਟ੍ਰੈਵਲ ਏਜੰਟਾਂ ਤੋਂ ਟੂਰਿਸਟਾਂ ਨੂੰ ਮਿਲੇਗਾ ਛੁਟਕਾਰਾ
ਰੇਲਵੇ ਸਟੇਸ਼ਨ ਦੇ ਨੇੜੇ ਦਰਿਆ ਪਿੰਡ ਵਿਚ ਕਈ ਲੋਕਾਂ ਨੇ ਪ੍ਰਾਈਵੇਟ ਟੂਰ ਐਂਡ ਟ੍ਰੈਵਲ ਦਾ ਦਫਤਰ ਖੋਲ੍ਹਿਆ ਹੋਇਆ ਹੈ, ਜੋ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਆਉਣ ਵਾਲੇ ਟੂਰਿਸਟਾਂ ਨੂੰ ਬਹਿਲਾ-ਫੁਸਲਾ ਕੇ ਪਹਿਲਾਂ ਦਰਿਆ ਪਿੰਡ ਲੈ ਜਾਂਦੇ ਹਨ ਅਤੇ ਉਸ ਤੋਂ ਬਾਅਦ ਉਨ੍ਹਾਂ ਤੋਂ ਮਨਮਾਨੀ ਰਾਸ਼ੀ ਵਸੂਲਦੇ ਹਨ। ਇਸ ਦੀ ਸ਼ਿਕਾਇਤ ਕਈ ਵਾਰ ਜੀ. ਆਰ. ਪੀ. ਤੇ ਆਰ. ਪੀ. ਐੱਫ. ਨੂੰ ਕੀਤੀ ਜਾ ਚੁੱਕੀ ਹੈ। ਪੁਲਸ ਨੇ ਕਾਰਵਾਈ ਵੀ ਕੀਤੀ ਪਰ ਇਸ ਤੋਂ ਬਾਅਦ ਵੀ ਉਨ੍ਹਾਂ 'ਤੇ ਪੂਰੀ ਤਰ੍ਹਾਂ ਨਾਲ ਨਕੇਲ ਨਹੀਂ ਕੱਸੀ ਜਾ ਸਕੀ।


Babita

Content Editor

Related News