ਚੰਡੀਗੜ੍ਹ PGI ''ਚ 11 ਸਾਲਾ ਮਾਸੂਮ ਦੇ ਆਰਗਨ ਡੋਨੇਟ, 4 ਮਰੀਜ਼ਾਂ ਨੂੰ ਮਿਲੀ ਨਵੀਂ ਜ਼ਿੰਦਗੀ

Friday, Mar 11, 2022 - 04:03 PM (IST)

ਚੰਡੀਗੜ੍ਹ PGI ''ਚ 11 ਸਾਲਾ ਮਾਸੂਮ ਦੇ ਆਰਗਨ ਡੋਨੇਟ, 4 ਮਰੀਜ਼ਾਂ ਨੂੰ ਮਿਲੀ ਨਵੀਂ ਜ਼ਿੰਦਗੀ

ਚੰਡੀਗੜ੍ਹ (ਪਾਲ) : ਪੀ. ਜੀ. ਆਈ. ਵਿਚ ਫਿਰ ਬ੍ਰੇਨ ਡੈੱਡ ਹੋਏ ਮਰੀਜ਼ ਦੀ ਬਦੌਲਤ ਕਈ ਲੋੜਵੰਦ ਮਰੀਜ਼ਾਂ ਨੂੰ ਜਿਊਣ ਦੀ ਇਕ ਨਵੀਂ ਉਮੀਦ ਮਿਲੀ ਹੈ। 11 ਸਾਲਾ ਮਾਸੂਮ ਬੱਚੀ ਦੇ ਬ੍ਰੇਨ ਡੈੱਡ ਡਿਕਲੇਅਰ ਹੋਣ ਤੋਂ ਬਾਅਦ ਪਰਿਵਾਰ ਨੇ ਉਸ ਦੇ ਆਰਗਨ ਡੋਨੇਟ ਕੀਤੇ। ਕਾਰਨੀਆ ਅਤੇ ਕਿਡਨੀ ਪੀ. ਜੀ. ਆਈ. ਵਿਚ ਲੋੜਵੰਦ ਮਰੀਜ਼ਾਂ ਨੂੰ ਟਰਾਂਸਪਲਾਂਟ ਕੀਤਾ ਗਿਆ ਹੈ। ਪੀ. ਜੀ. ਆਈ. ਡਾਇਰੈਕਟਰ ਡਾ. ਸੁਰਜੀਤ ਸਿੰਘ ਮੁਤਾਬਕ ਆਪਣਿਆਂ ਨੂੰ ਗੁਆਉਣ ਸਮੇਂ ਇਸ ਤਰ੍ਹਾਂ ਦੀ ਹਿੰਮਤ ਹਰ ਕੋਈ ਨਹੀਂ ਵਿਖਾ ਸਕਦਾ ਹੈ ਪਰ ਪਰਿਵਾਰ ਨੇ ਇਕ ਹੌਂਸਲੇ ਵਾਲਾ ਫ਼ੈਸਲਾ ਲਿਆ ਹੈ। 11 ਸਾਲ ਦੀ ਛੋਟੀ ਉਮਰ ਵਿਚ ਜਾਨ ਗੁਆਉਣ ਵਾਲੀ ਨੈਨਾ ਦੇ ਪਰਿਵਾਰ ਨੇ ਇਹ ਹਿੰਮਤ ਵਿਖਾਈ ਹੈ। ਸੜਕ ਹਾਦਸੇ ਤੋਂ ਬਾਅਦ ਨੈਨਾ ਦੇ ਬ੍ਰੇਨ ਡੈੱਡ ਹੋਣ ’ਤੇ ਪਰਿਵਾਰ ਨੇ ਉਸਦੇ ਆਰਗਨ ਡੋਨੇਟ ਦਾ ਫ਼ੈਸਲਾ ਲਿਆ। ਇਸ ਨਾਲ 4 ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ ਹੈ। ਕਿਸੇ ਵੀ ਬ੍ਰੇਨ ਡੈੱਡ ਪਰਿਵਾਰ ਦਾ ਇਹ ਬਹੁਤ ਵੱਡਾ ਫ਼ੈਸਲਾ ਹੁੰਦਾ ਹੈ ਅਤੇ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀ ਇੱਛਾ ਪੂਰੀ ਹੋ ਸਕੇ।
ਤਿੰਨ ਦਿਨ ਜ਼ਿੰਦਗੀ ਅਤੇ ਮੌਤ ਨਾਲ ਲੜਦੀ ਰਹੀ
ਹਿਮਾਚਲ ਪ੍ਰਦੇਸ਼ ਦੇ ਮੰਡੀ ਦੀ ਰਹਿਣ ਵਾਲੀ ਨੈਨਾ ਠਾਕੁਰ 3 ਮਾਰਚ ਨੂੰ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਹਾਦਸੇ ਤੋਂ ਬਾਅਦ ਮਰੀਜ਼ ਨੂੰ ਪੀ. ਜੀ. ਆਈ. ਲਿਆਂਦਾ ਗਿਆ। ਸਿਰ ਵਿਚ ਡੂੰਘੀ ਸੱਟ ਲੱਗਣ ਤੋਂ ਬਾਅਦ ਐਮਰਜੈਂਸੀ ਵਿਚ ਉਸਨੂੰ ਲਿਆਂਦਾ ਗਿਆ ਸੀ। ਇਲਾਜ ਦੇ ਬਾਵਜੂਦ ਹਾਲਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ, ਜਿਸ ਤੋਂ ਬਾਅਦ ਬ੍ਰੇਨ ਡੈੱਥ ਸਰਟੀਫਿਕੇਟ ਕਮੇਟੀ ਨੇ ਸਾਰੇ ਪ੍ਰੋਟੋਕਾਲ ਤੋਂ ਬਾਅਦ ਮਰੀਜ਼ ਨੂੰ 7 ਮਾਰਚ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਇਸ ਤੋਂ ਬਾਅਦ ਪੀ. ਜੀ. ਆਈ. ਟਰਾਂਸਪਲਾਂਟ ਕੋ-ਆਰਡੀਨੇਟਰ ਨੇ ਪਰਿਵਾਰ ਦੀ ਆਰਗਨ ਡੋਨੇਸ਼ਨ ਪ੍ਰਤੀ ਕਾਊਂਸਲਿੰਗ ਕੀਤੀ। ਪਰਿਵਾਰ ਇਸ ਲਈ ਸਹਿਮਤ ਹੋਇਆ ਅਤੇ ਉਨ੍ਹਾਂ ਨੇ ਆਰਗਨ ਡੋਨੇਸ਼ਨ ਲਈ ਰਜ਼ਾਮੰਦੀ ਦਿੱਤੀ। ਨੈਨਾ ਦੇ ਪਿਤਾ ਮਨੋਜ ਕੁਮਾਰ ਨੇ ਕਿਹਾ ਕਿ ਕਿਸੇ ਹੋਰ ਨੂੰ ਉਨ੍ਹਾਂ ਦੀ ਬਦੌਲਤ ਜੇਕਰ ਇਕ ਨਵਾਂ ਜੀਵਨ ਮਿਲਦਾ ਹੈ ਤਾਂ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ, ਇਹੀ ਸੋਚ ਕੇ ਉਨ੍ਹਾਂ ਨੇ ਡੋਨੇਸ਼ਨ ਦਾ ਫ਼ੈਸਲਾ ਲਿਆ।
ਕਿਤੇ ਨਾ ਕਿਤੇ ਉਸਨੂੰ ਵੀ ਖੁਸ਼ੀ ਹੀ ਦੇਵੇਗਾ
ਨੈਨਾ ਦੇ ਦਾਦਾ ਜਗਦੀਸ਼ ਚੰਦ ਠਾਕੁਰ ਕਹਿੰਦੇ ਹਨ ਕਿ ਆਪਣੀ 11 ਸਾਲਾ ਪੋਤੀ ਦੇ ਆਰਗਨ ਡੋਨੇਟ ਕਰਨ ਲਈ ਪਰਿਵਾਰ ਦਾ ਹਾਂ ਕਹਿਣਾ ਇਕ ਮੁਸ਼ਕਿਲ ਫ਼ੈਸਲਾ ਸੀ। ਹਾਲਾਂਕਿ ਸਿਰਫ ਇਕ ਵਿਚਾਰ ਨੇ ਉਨ੍ਹਾਂ ਨੂੰ ਇਹ ਫ਼ੈਸਲਾ ਲੈਣ ਲਈ ਹਾਂ ਕਹਿਣ ਦੀ ਹਿੰਮਤ ਦਿੱਤੀ। ਨੈਨਾ ਬਹੁਤ ਦਿਆਲੂ ਸੁਭਾਅ ਦੀ ਸੀ ਅਤੇ ਲੋਕਾਂ ਨੂੰ ਕੁੱਝ ਨਾ ਕੁੱਝ ਦੇਣ ਵਾਲੇ ਸੁਭਾਅ ਦੀ ਸੀ। ਇਸ ਲਈ ਉਸਦੇ ਆਰਗਨ ਡੋਨੇਟ ਕਰਨਾ ਕਿਤੇ ਨਾ ਕਿਤੇ ਉਸਨੂੰ ਵੀ ਖੁਸ਼ੀ ਹੀ ਦੇਵੇਗਾ। ਨੈਨਾ ਦੀਆਂ ਕਿਡਨੀਆਂ ਦੋ ਮਰੀਜ਼ਾਂ ਨੂੰ ਲਾਈਆਂ ਗਈਆਂ। ਇਹ ਦੋਵੇਂ ਮਰੀਜ਼ ਡਾਇਲਾਸਿਸ ’ਤੇ ਸਨ। ਇਸੇ ਤਰ੍ਹਾਂ ਕਾਰਨੀਆਂ ਦੋ ਮਰੀਜ਼ਾਂ ਨੂੰ ਲਾਏ ਗਏ। ਇਸ ਲਈ ਉਹ ਹੁਣ ਦੁਨੀਆ ਵੇਖ ਸਕਣਗੇ।
5 ਦਿਨਾਂ ’ਚ ਦੂਜਾ ਟਰਾਂਸਪਲਾਂਟ
ਪਿਛਲੇ 5 ਦਿਨਾਂ ਵਿਚ ਪੀ. ਜੀ. ਆਈ. ਦਾ ਇਹ ਦੂਜਾ ਆਰਗਨ ਟਰਾਂਸਪਲਾਂਟ ਕੇਸ ਹੈ, ਇਸਤੋਂ ਪਹਿਲਾਂ 5 ਫਰਵਰੀ ਨੂੰ 20 ਸਾਲਾਂ ਨੌਜਵਾਨ ਦੇ ਬ੍ਰੇਨ ਡੈੱਡ ਹੋਣ ਤੋਂ ਬਾਅਦ ਉਸਦੇ ਆਰਗਨ ਲੋੜਵੰਦਾਂ ਨੂੰ ਮਿਲੇ ਸਨ। ਮਰੀਜ਼ ਦੀ ਕਿਡਨੀ, ਪੈਂਕਰਿਆਜ, ਕਾਰਨੀਆਂ ਪੀ. ਜੀ. ਆਈ. ਵਿਚ, ਜਦੋਂ ਕਿ ਦਿਲ ਦੂਜੇ ਹਸਪਤਾਲ ਨਾਲ ਸ਼ੇਅਰ ਕੀਤਾ ਗਿਆ ਸੀ। ਦੋ ਬ੍ਰੇਨ ਡੈੱਡ ਦੇ ਪਰਿਵਾਰਾਂ ਕਾਰਨ 5 ਦਿਨਾਂ ਵਿਚ 9 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਚੁੱਕੀ ਹੈ।
  
 


author

Babita

Content Editor

Related News