ਹੁਣ ਐਂਟਰੀ ’ਤੇ ਨਹੀਂ, ਬਾਹਰ ਨਿਕਲਣ ’ਤੇ ਲਏ ਜਾ ਸਕਦੇ ਨੇ ਪਾਰਕਿੰਗ ਦੇ ਪੈਸੇ
Thursday, Mar 20, 2025 - 12:37 PM (IST)

ਚੰਡੀਗੜ੍ਹ (ਰੌਏ) : ਨਿਗਮ ਨੇ ਸ਼ਹਿਰ ਦੀਆਂ 89 ਪੇਡ ਪਾਰਕਿੰਗਾਂ ਦੀ ਨਿਲਾਮੀ ਕਰਨ ਦੀ ਤਿਆਰੀ ਕਰ ਲਈ ਹੈ। ਕਰੀਬ 2 ਸਾਲਾਂ ਤੋਂ ਇਨ੍ਹਾਂ ਪਾਰਕਿੰਗਾਂ ਨੂੰ ਨਿਗਮ ਚਲਾ ਰਿਹਾ ਹੈ। ਹਾਊਸ ਦੀ 25 ਮਾਰਚ ਨੂੰ ਹੋਣ ਵਾਲੀ ਮੀਟਿੰਗ ’ਚ ਪੇਡ ਪਾਰਕਿੰਗਾਂ ਦੀ ਨਿਲਾਮੀ ਕਰਨ ਦਾ ਮਤਾ ਲਿਆਂਦਾ ਜਾ ਰਿਹਾ ਹੈ। ਮੇਅਰ ਹਰਪ੍ਰੀਤ ਕੌਰ ਬਬਲਾ ਅਨੁਸਾਰ ਪਾਰਕਿੰਗ ਨੂੰ ਲੋਕਾਂ ਦੇ ਅਨੁਕੂਲ ਬਣਾਉਣ ਲਈ ਨਿਯਮਾਂ ਤੇ ਸ਼ਰਤਾਂ ’ਚ ਕਈ ਬਦਲਾਅ ਕੀਤੇ ਹਨ। ਮਤਾ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਪਰ ਤੈਅ ਹੈ ਕਿ ਪਾਰਕਿੰਗ ’ਚ ਐਂਟਰੀ ਦੀ ਬਜਾਏ ਬਾਹਰ ਨਿਕਲਣ ਵੇਲੇ ਪੈਸੇ ਲਏ ਜਾਣਗੇ। ਐਂਟਰੀ ’ਤੇ ਪੈਸੇ ਲੈਣ ਸਮੇਂ ਵਾਹਨਾਂ ਦੀ ਲਾਈਨ ਲੱਗ ਜਾਂਦੀ ਸੀ। ਇਸ ਦੇ ਮੱਦੇਨਜ਼ਰ ਇਹ ਤਬਦੀਲੀ ਕੀਤੀ ਜਾ ਰਹੀ ਹੈ। ਸਾਰੀਆਂ ਪਾਰਕਿੰਗਾਂ ਸਮਾਰਟ ਹੋਣਗੀਆਂ ਅਤੇ ਡਿਜੀਟਲ ਮਾਧਿਅਮ ਰਾਹੀਂ ਚਾਰਜ ਲਏ ਜਾਣਗੇ। ਸਾਰੀਆਂ ਪਾਰਕਿੰਗਾਂ ’ਤੇ ਮਸ਼ੀਨਾਂ ਅਲਾਟ ਕੀਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਖੁੱਲ੍ਹੇ ਪੈਸੇ ਜਾਂ ਹੋਰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਪਾਰਕਿੰਗਾਂ ਤੋਂ ਨਿਗਮ ਨੂੰ 10 ਤੋਂ 15 ਕਰੋੜ ਰੁਪਏ ਦਾ ਮਾਲੀਆ ਆ ਸਕਦਾ ਹੈ।
ਹਾਊਸ ’ਚ ਤੈਅ ਕੀਤੇ ਜਾਣਗੇ ਰੇਟ
ਪ੍ਰਸਤਾਵਿਤ ਪੇਡ ਪਾਰਕਿੰਗ ’ਚ ਦੋਪਹੀਆ ਵਾਹਨਾਂ ਨੂੰ ਮੁਫ਼ਤ ਤੇ ਚਾਰਪਹੀਆ ਵਾਹਨਾਂ ਦੇ ਰੇਟ ਹਾਊਸ ਮੀਟਿੰਗ ’ਚ ਬਹਿਸ ਜਾਂ ਚਰਚਾ ਤੋਂ ਬਾਅਦ ਹੀ ਤੈਅ ਕੀਤੇ ਜਾਣਗੇ। ਦੱਸਿਆ ਗਿਆ ਕਿ ਮਤੇ ਮੁਤਾਬਕ ਇਸ ਵਾਰ ਪੂਰੇ ਸ਼ਹਿਰ ਦੀ ਪਾਰਕਿੰਗ ਇਕ ਕੰਪਨੀ ਨੂੰ ਸੌਂਪੀ ਜਾਵੇਗੀ, ਜਿਸ ’ਤੇ ਜ਼ਿਆਦਾਤਰ ਕੌਂਸਲਰ ਇਤਰਾਜ਼ ਜਤਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਕਿੰਗ ਨੂੰ ਜ਼ੋਨਾਂ ’ਚ ਵੰਡਿਆ ਜਾਵੇ ਤੇ ਇਕ ਕੰਪਨੀ ਦੀ ਬਜਾਏ ਜ਼ੋਨ ਅਨੁਸਾਰ ਠੇਕੇਦਾਰ ਜਾਂ ਕੰਪਨੀ ਨੂੰ ਸੌਂਪਿਆ ਜਾਣਾ ਚਾਹੀਦਾ ਹੈ।
ਨਿਲਾਮੀ ਤੋਂ ਨਿਗਮ ਨੂੰ ਚੰਗਾ ਮਾਲੀਆ ਆਉਣ ਦੀ ਉਮੀਦ
ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਦਲੀਲ ਦਿੱਤੀ ਕਿ ਪਹਿਲਾਂ ਵੀ ਇਕ ਠੇਕੇਦਾਰ ਨੂੰ ਪਾਰਕਿੰਗ ਦਿੱਤੀ ਗਈ ਸੀ, ਜੋ ਠੇਕਾ ਅੱਧ ਵਿਚਾਲੇ ਛੱਡ ਕੇ ਠੱਗੀ ਕਰ ਕੇ ਫ਼ਰਾਰ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਪਾਰਕਿੰਗ ਵੱਖ-ਵੱਖ ਕੰਪਨੀਆਂ ਜਾਂ ਠੇਕੇਦਾਰਾਂ ਨੂੰ ਦੇ ਦਿੱਤੀ ਹੁੰਦੀ ਅਤੇ ਜੇਕਰ ਕੋਈ ਭੱਜ ਵੀ ਜਾਂਦਾ ਹੈ ਤਾਂ ਹੋਰਨਾ ਤੋਂ ਨਿਗਮ ਨੂੰ ਮਾਲੀਆ ਮਿਲਦਾ ਰਹੇਗਾ। ਬੰਟੀ ਨੇ ਕਿਹਾ ਕਿ ਪਾਰਕਿੰਗ ਦੀ ਨਿਲਾਮੀ ਤੋਂ ਨਿਗਮ ਨੂੰ ਚੰਗਾ ਮਾਲੀਆ ਆਉਣ ਦੀ ਉਮੀਦ ਹੈ।