ਚੰਡੀਗੜ੍ਹ ਮੇਅਰ ਚੋਣਾਂ ਨਾਲ ਜੁੜੀ ਵੱਡੀ ਖ਼ਬਰ: ਸੁਪਰੀਮ ਕੋਰਟ ''ਚ ਸੁਣਵਾਈ ਤੋਂ ਪਹਿਲਾਂ ਮੇਅਰ ਨੇ ਦਿੱਤਾ ਅਸਤੀਫ਼ਾ

02/19/2024 5:54:38 AM

ਚੰਡੀਗੜ੍ਹ: ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਦੂਜੀ ਵਾਰ ਸੁਣਵਾਈ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮੇਅਰ ਮਨੋਜ ਸੋਨਕਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ ਦਿਨ ਤੱਕ ਚਰਚਾ ਸੀ ਕਿ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਜਲਦੀ ਹੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਐਤਵਾਰ ਨੂੰ ਚਰਚਾ ਸੀ ਕਿ ਆਮ ਆਦਮੀ ਪਾਰਟੀ ਵੀ ਭਾਜਪਾ ਦੇ ਦੋ ਕੌਂਸਲਰਾਂ ਨੂੰ ਆਪਣੇ ਨਾਲ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਜਲਦੀ ਹੀ ਦੋਵੇਂ ਕੌਂਸਲਰ ‘ਆਪ’ ਵਿਚ ਸ਼ਾਮਲ ਹੋ ਜਾਣਗੇ।

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਦੀ ਮੀਟਿੰਗ 'ਚੋਂ ਆਈ ਵੱਡੀ ਅਪਡੇਟ, ਇਸ ਫ਼ਾਰਮੂਲੇ ਤਹਿਤ MSP ਦੇਣ ਲਈ ਤਿਆਰ ਹੋਇਆ ਕੇਂਦਰ (ਵੀਡੀਓ)

ਇਹ ਵੀ ਚਰਚਾ ਸੀ ਕਿ ਭਾਜਪਾ ਮੇਅਰ ਮਨੋਜ ਸੋਨਕਰ ਨੂੰ ਅਦਾਲਤੀ ਸੁਣਵਾਈ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿਵਾਉਣ ਜਾ ਰਹੀ ਹੈ ਤਾਂ ਜੋ ਮੇਅਰ ਦੀ ਮੁੜ ਚੋਣ ਦਾ ਰਾਹ ਪੱਧਰਾ ਹੋ ਸਕੇ। ਇਸ ਤੋਂ ਇਲਾਵਾ ਭਾਜਪਾ ਵਲੋਂ ‘ਆਪ’ ਦੇ ਉਨ੍ਹਾਂ ਤਿੰਨ ਕੌਂਂਸਲਰਾਂ ’ਚੋਂ ਇਕ ਨੂੰ ਮੇਅਰ ਉਮੀਦਵਾਰ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਨ੍ਹਾਂ ਦੇ ਭਾਜਪਾ ’ਚ ਸ਼ਾਮਲ ਹੋਣ ਦੀ ਚਰਚਾ ਹੈ।

ਕੌਂਸਲਰ ਇੱਧਰ-ਉੱਧਰ ਹੋਏ ਤਾਂ ਬਦਲ ਜਾਣਗੇ ਅੰਕੜੇ

ਚਰਚਾ ਅਨੁਸਾਰ ਜੇ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਸ਼ਾਮਲ ਹੋ ਜਾਂਦੇ ਹਨ ਅਤੇ ਭਾਜਪਾ ਦਾ ਕੋਈ ਕੌਂਸਲਰ ਨਹੀਂ ਛੱਡਦਾ ਤਾਂ ਭਾਜਪਾ ਕੋਲ ਕੌਂਸਲਰਾਂ ਦੀ ਕੁੱਲ ਗਿਣਤੀ 17 ਹੋ ਜਾਵੇਗੀ। ਜੇ ਸੁਪਰੀਮ ਕੋਰਟ ਮੇਅਰ ਚੋਣਾਂ ਨੂੰ ਦੁਬਾਰਾ ਕਰਵਾਉਣ ਦਾ ਫ਼ੈਸਲਾ ਲੈਂਦੀ ਹੈ ਤਾਂ ਇਸ ਸਥਿਤੀ ’ਚ ਭਾਜਪਾ ਨੂੰ ਸਪੱਸ਼ਟ ਤੌਰ ’ਤੇ ਬਹੁਮਤ ਮਿਲੇਗਾ। ਭਾਜਪਾ ਦੇ 17 ਕੌਂਸਲਰਾਂ ਦੀਆਂ ਵੋਟਾਂ ਦੇ ਨਾਲ-ਨਾਲ ਸੰਸਦ ਮੈਂਬਰ ਦੀ ਇਕ ਵੋਟ ਵੀ ਵੱਖਰੀ ਪਾਈ ਜਾਵੇਗੀ। ਭਾਜਪਾ ਦੀਆਂ ਕੁੱਲ ਵੋਟਾਂ 18 ਹੋ ਜਾਣਗੀਆਂ। ਇਸ ਸਥਿਤੀ ’ਚ ‘ਆਪ’ ਕੋਲ ਸਿਰਫ਼ 10 ਕੌਂਸਲਰ ਰਹਿ ਜਾਣਗੇ ਅਤੇ ਇਸ ਤਰ੍ਹਾਂ ‘ਆਪ’ ਤੇ ਕਾਂਗਰਸ ਗਠਜੋੜ ਦੀਆਂ ਕੁੱਲ 17 ਵੋਟਾਂ ਰਹਿ ਜਾਣਗੀਆਂ।

ਇਹ ਖ਼ਬਰ ਵੀ ਪੜ੍ਹੋ - ਅੱਥਰੂ ਗੈਸ ਤੋਂ ਬਾਅਦ ਹੁਣ ਕਿਸਾਨਾਂ ਲਈ ਨਵਾਂ 'ਹਥਿਆਰ' ਲਿਆਈ ਪੁਲਸ! ਬਾਰਡਰ 'ਤੇ ਪਹੁੰਚਿਆ ਸਾਊਂਡ ਕੈਨਨ

ਇਸ ਦੇ ਨਾਲ ਹੀ ਚਰਚਾ ਅਨੁਸਾਰ ਜੇ ਭਾਜਪਾ ਦੇ 2 ਕੌਂਸਲਰ ਚਲੇ ਜਾਂਦੇ ਹਨ ਤਾਂ ਇਸ ਸਥਿਤੀ ’ਚ ਭਾਜਪਾ ਦੇ ਕੌਂਸਲਰਾਂ ਦੀ ਗਿਣਤੀ 15 ਹੋ ਜਾਵੇਗੀ ਅਤੇ ‘ਆਪ’ ਦੇ 12 ਕੌਂਸਲਰ ਰਹਿ ਜਾਣਗੇ। ਇਸ ਤਰ੍ਹਾਂ ‘ਆਪ’ ਤੇ ਕਾਂਗਰਸ ਗਠਜੋੜ ਦੀਆਂ ਕੁੱਲ 19 ਵੋਟਾਂ ਹੋ ਜਾਣਗੀਆਂ। ਇਸ ਸਥਿਤੀ ਵਿਚ ਭਾਜਪਾ ਕੋਲ ਬਹੁਮਤ ਨਹੀਂ ਹੋਵੇਗਾ। ਫ਼ਿਲਹਾਲ ਇਹ ਸਭ ਕਿਆਸ ਹੀ ਲਾਏ ਜਾ ਰਹੇ ਹਨ। ਅਸਲ ਤਸਵੀਰ ਤਾਂ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਸਖ਼ਤ ਰੁਖ਼ ਅਪਣਾਇਆ, ਇਸ ਵਾਰ ਮੁੜ ਚੋਣ ਦਾ ਆਦੇਸ਼ ਜਾਰੀ ਕੀਤਾ ਜਾ ਸਕਦਾ ਹੈ।

ਮੇਅਰ ਚੋਣ ਨੂੰ ਤੁਰੰਤ ਅਯੋਗ ਕਰਾਰ ਦੇਣ ਦੀ ਮੰਗ

’ਆਪ’ ਤੇ ਕਾਂਗਰਸ ਗਠਜੋੜ ਦਾ ਕਹਿਣਾ ਹੈ ਕਿ ਭਾਜਪਾ ਨੇ ਪ੍ਰੀਜ਼ਾਈਡਿੰਗ ਅਫ਼ਸਰ ਦੀ ਮਦਦ ਨਾਲ ਮੇਅਰ ਚੋਣਾਂ ’ਚ ਆਪਣੀ ਜਿੱਤ ਮਨਮਾਨੇ ਅਤੇ ਧੱਕੇ ਨਾਲ ਤੈਅ ਕੀਤੀ ਹੈ। ਗਠਜੋੜ ਵਲੋਂ ਪਟੀਸ਼ਨ ’ਚ ਮੰਗ ਕੀਤੀ ਗਈ ਹੈ ਕਿ ਮੇਅਰ ਚੋਣ ’ਚ ਭਾਜਪਾ ਅਤੇ ਪ੍ਰੀਜ਼ਾਈਡਿੰਗ ਅਫ਼ਸਰ ਵਲੋਂ ਕੀਤੀ ਗਈ ਧੋਖਾਧੜੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਸ ਮੇਅਰ ਚੋਣ ਨੂੰ ਤੁਰੰਤ ਅਯੋਗ ਕਰਾਰ ਦਿੱਤਾ ਜਾਵੇ।

ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ ਤੋਂ ਸਾਹਮਣੇ ਆਈ ਮੰਦਭਾਗੀ ਖ਼ਬਰ, ਖਨੌਰੀ ਬਾਰਡਰ 'ਤੇ ਇਕ ਹੋਰ ਕਿਸਾਨ ਦੀ ਹੋਈ ਮੌਤ

ਭਾਜਪਾ ਦੀ ਵੀ ਰਹੇਗੀ ਕੋਸ਼ਿਸ਼, ਕਿਤੇ ਟੁੱਟ ਨਾ ਜਾਣ ਕੌਂਸਲਰ

ਸੂਤਰਾਂ ਅਨੁਸਾਰ ਸੁਪਰੀਮ ਕੋਰਟ ’ਚ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੀ ਪ੍ਰਧਾਨਗੀ ਹੇਠ ਪੰਚਕੂਲਾ ਵਿਚ ਕੌਂਸਲਰਾਂ ਦੀ ਮੀਟਿੰਗ ਹੋਈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਸੁਣਵਾਈ ਤੱਕ ਸਾਰੇ ਕੌਂਸਲਰ ਪੰਚਕੂਲਾ ਵਿਚ ਇੱਕ ਥਾਂ ’ਤੇ ਹੀ ਰਹਿਣਗੇ। ਹਾਲਾਂਕਿ ਕੁਝ ਕੌਂਸਲਰ ਨਿੱਜੀ ਕਾਰਨਾਂ ਕਰਕੇ ਮੀਟਿੰਗ ਵਿਚ ਨਹੀਂ ਆ ਸਕੇ ਪਰ ਕੁਝ ਨਿੱਜੀ ਕੰਮਾਂ ਕਾਰਨ ਵਾਪਸ ਆਪਣੇ ਘਰਾਂ ਨੂੰ ਪਰਤ ਗਏ। ਭਾਜਪਾ ਦੀ ਵੀ ਕੋਸ਼ਿਸ਼ ਹੈ ਕਿ ਉਸ ਦੇ ਕੌਂਸਲਰ ਵੀ ਟੁੱਟ ਨਾ ਜਾਣ। ਤਿੰਨੋਂ ਪਾਰਟੀਆਂ ‘ਆਪ’ ਕਾਂਗਰਸ ਅਤੇ ਭਾਜਪਾ ਹੇਰਾਫੇਰੀ ਦੀ ਖੇਡ ਤੋਂ ਡਰ ਰਹੀਆਂ ਹਨ।

 


Anmol Tagra

Content Editor

Related News