ਚੰਡੀਗੜ੍ਹ ਏਅਰਪੋਰਟ ਤੋਂ ਸ਼ਿਮਲਾ, ਧਰਮਸ਼ਾਲਾ ਅਤੇ ਮਨਾਲੀ ਲਈ ਦੌੜਨ ਲੱਗੀਆਂ ਵਾਲਵੋ ਬੱਸਾਂ
Monday, Mar 28, 2022 - 01:39 PM (IST)
ਚੰਡੀਗੜ੍ਹ (ਲਲਨ) : ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਮੁਸਾਫ਼ਰਾਂ ਨੂੰ ਇਕ ਹੋਰ ਸਹੂਲਤ ਮਿਲਣੀ ਸ਼ੁਰੂ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਟਰਾਂਸਪੋਰਟ ਵਿਭਾਗ ਨੇ ਏਅਰਪੋਰਟ ਤੋਂ ਵਾਲਵੋ ਬੱਸ ਸੇਵਾ ਸ਼ੁਰੂ ਕੀਤੀ ਹੈ। ਇਹ ਬੱਸਾਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਸ਼ਿਮਲਾ, ਧਰਮਸ਼ਾਲਾ ਅਤੇ ਮਨਾਲੀ ਲਈ ਚੱਲਣਗੀਆਂ, ਜਿਸ ਦਾ ਉਦਘਾਟਨ ਹਿਮਾਚਲ ਪ੍ਰਦੇਸ਼ ਦੇ ਟਰਾਂਸਪੋਰਟ ਮੰਤਰੀ ਵਿਕਰਮ ਸਿੰਘ ਠਾਕੁਰ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਨੇ ਹਰੀ ਝੰਡੀ ਦਿਖਾ ਕੇ ਪਹਿਲੀ ਸੇਵਾ ਸ਼ੁਰੂ ਕੀਤੀ।
ਏਅਰਪੋਰਟ ਅਥਾਰਟੀ ਨੇ ਐੱਚ. ਆਰ. ਟੀ. ਸੀ. ਲਈ ਕਾਊਂਟਰ ਖੋਲ੍ਹਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਐੱਚ. ਆਰ. ਟੀ. ਸੀ. ਦੇ ਮੈਨੇਜਰ ਪ੍ਰਦੀਪ ਠਾਕੁਰ ਨੇ ਦੱਸਿਆ ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਸ਼ਿਮਲਾ ਲਈ ਵਾਲਵੋ ਬੱਸ ਸ਼ਾਮ 6.30 ਵਜੇ ਚੰਡੀਗੜ੍ਹ ਤੋਂ ਚੱਲੇਗੀ ਅਤੇ 10 ਵਜੇ ਸ਼ਿਮਲਾ ਪਹੁੰਚ ਜਾਵੇਗੀ। ਇਸ ਲਈ ਮੁਸਾਫ਼ਰਾਂ ਨੂੰ 450 ਰੁਪਏ ਖ਼ਰਚ ਕਰਨੇ ਪੈਣਗੇ। ਇਸ ਦੀ ਬੁਕਿੰਗ ਆਨਲਾਈਨ ਅਤੇ ਟਿਕਟ ਕਾਊਂਟਰ ਤੋਂ ਵੀ ਕੀਤੀ ਜਾ ਸਕਦੀ ਹੈ।
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੂਜੀ ਬੱਸ ਸੇਵਾ ਮਨਾਲੀ ਲਈ ਸ਼ੁਰੂ ਕੀਤੀ ਗਈ ਹੈ। ਇਹ ਬੱਸ ਰਾਤ 7.30 ਵਜੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 6 ਵਜੇ ਮਨਾਲੀ ਪਹੁੰਚ ਜਾਵੇਗੀ। ਇਸ ਲਈ ਮੁਸਾਫ਼ਰ ਨੂੰ 1172 ਰੁਪਏ ਖ਼ਰਚ ਕਰਨੇ ਪੈਣਗੇ, ਜਦੋਂ ਕਿ ਤੀਜੀ ਸੇਵਾ ਧਰਮਸ਼ਾਲਾ ਲਈ ਸ਼ੁਰੂ ਕੀਤੀ ਗਈ ਹੈ। ਇਹ ਬੱਸ ਦੁਪਹਿਰ 2.30 ਵਜੇ ਚੱਲੇਗੀ ਅਤੇ ਧਰਮਸ਼ਾਲਾ ਰਾਤ 9.30 ਵਜੇ ਪਹੁੰਚ ਜਾਵੇਗੀ। ਇਸ ਲਈ ਮੁਸਾਫ਼ਰ ਨੂੰ 818 ਰੁਪਏ ਖ਼ਰਚ ਕਰਨੇ ਪੈਣਗੇ।