ਚੰਡੀਗੜ੍ਹ 'ਚ ਅੱਜ ਅੱਧੀ ਰਾਤ ਤੋਂ ਕਰਫਿਊ ਖਤਮ, ਲਾਕਡਾਊਨ ਰਹੇਗਾ ਜਾਰੀ
Sunday, May 03, 2020 - 12:23 AM (IST)

ਚੰਡੀਗੜ੍ਹ,(ਸਾਜਨ): ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸ਼ਹਿਰ 'ਚ 3 ਮਈ ਅੱਧੀ ਰਾਤ ਤੋਂ ਕਰਫਿਊ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰਸਾਸ਼ਨ ਨੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਪ੍ਰਸਾਸ਼ਨ ਨੇ ਪ੍ਰੋਟੋਕਾਲ ਅਨੁਸਾਰ ਵਾਹਨਾਂ ਨੂੰ ਬਿਨਾਂ ਪਾਸ ਚਲਾਉਣ ਦੀ ਵੀ ਆਗਿਆ ਦੇ ਦਿੱਤੀ ਗਈ ਹੈ। ਦੁਕਾਨਾਂ ਖੋਲ੍ਹਣ ਅਤੇ ਗੱਡੀਆਂ ਦੇ ਇਸਤੇਮਾਲ ਨੂੰ ਲੈ ਕੇ ਆਡ-ਈਵਨ ਦਾ ਫਾਰਮੂਲਾ ਅਪਣਾਇਆ ਗਿਆ ਹੈ। 4 ਮਈ ਨੂੰ ਉਹੀ ਦੁਕਾਨਾਂ ਖੁੱਲ੍ਹਣਗੀਆਂ, ਜਿਨ੍ਹਾਂ ਦੇ ਰਜਿਸਟ੍ਰੇਸ਼ਨ ਦਾ ਆਖਰੀ ਨੰਬਰ ਈਵਨ ਹੋਵੇਗਾ। ਭਾਵ ਦੋ, ਚਾਰ, ਛੇ, ਅੱਠ ਨੰਬਰ ਵਾਲੀਆਂ ਦੁਕਾਨਾਂ 4 ਮਈ ਨੂੰ ਖੁੱਲ੍ਹਣਗੀਆਂ। ਇਸ ਤਰ੍ਹਾਂ 5 ਮਈ ਨੂੰ ਆਡ ਨੰਬਰ ਵਾਲੀਆਂ ਦੁਕਾਨਾਂ ਖੁੱਲ੍ਹਣਗੀਆਂ। ਇਹੀ ਨਿਯਮ ਗੱਡੀਆਂ 'ਤੇ ਵੀ ਲਾਗੂ ਕੀਤਾ ਗਿਆ ਹੈ। ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਦੂਜੇ ਰਾਜਾਂ ਤੋਂ ਚੰਡੀਗੜ੍ਹ ਆਉਣ ਵਾਲੇ ਵਾਹਨਾਂ ਨੂੰ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ।
ਗਰੋਸਰੀ, ਮੈਡੀਸਨ, ਫਲ-ਸਬਜ਼ੀਆਂ ਦੀਆਂ ਦੁਕਾਨਾਂ ਪੂਰਾ ਹਫਤਾ ਖੁੱਲ੍ਹੀਆਂ ਰਹਿਣਗੀਆਂ। ਰੈਸਟੋਰੈਂਟਸ ਅਤੇ ਈਟਿੰਗ ਪਲੇਸ ਪਹਿਲਾਂ ਦੀ ਤਰ੍ਹਾਂ ਬੰਦ ਹੀ ਰਹਿਣਗੇ, ਆਨਲਾਈਨ ਫੂਡ ਡਿਲੀਵਰੀ ਬੰਦ ਰਹੇਗੀ। ਆਪਣੀਆਂ ਮੰਡੀਆਂ ਵੀ ਇਸ ਦੌਰਾਨ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਸਰਕਾਰੀ ਬੱਸਾਂ ਨਾਲ ਸੈਕਟਰਾਂ 'ਚ ਫਲਾਂ ਅਤੇ ਸਬਜ਼ੀਆਂ ਦੀ ਵੰਡ ਜਾਰੀ ਰਹੇਗੀ। ਸ਼ਾਪਿੰਗ ਮਾਲਜ਼ ਅਤੇ ਸ਼ਾਪਿੰਗ ਕੰਪਲੈਕਸ ਜਿਵੇਂ ਸੈਕਟਰ-17 ਜਾਂ ਜੋ ਸੈਕਟਰਾਂ ਦੇ ਡਿਵਾਈਡਿੰਗ ਰੋਡ 'ਤੇ ਸ਼ਾਪਿੰਗ ਕੰਪਲੈਕਸ ਹਨ, ਉਹ ਬੰਦ ਰਹਿਣਗੇ। ਸੰਪਰਕ ਸੈਂਟਰ ਖੁੱਲ੍ਹੇ ਰਹਿਣਗੇ। ਸਾਰੇ ਸਰਕਾਰੀ ਦਫ਼ਤਰ ਕੇਂਦਰ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਕੰਮ ਕਰਨਗੇ। ਦੂਜੇ ਰਾਜਾਂ ਵਲੋਂ ਅਪਣਾਈ ਗਈ ਰਣਨੀਤੀ ਨੂੰ ਧਿਆਨ 'ਚ ਰੱਖਕੇ ਮੈਡੀਕਲ ਐਕਸਪਰਟਸ, ਪਬਲਿਕ ਹੈਲਥ ਅਫਸਰਾਂ ਅਤੇ ਉਤਮ ਅਫਸਰਾਂ ਦੀ ਰਾਏ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਪ੍ਰਸਾਸ਼ਨ ਨੇ ਜਿਨ੍ਹਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਹੈ, ਉਨ੍ਹਾਂ 'ਚ ਪਹਿਲਾਂ ਦੀ ਤਰ੍ਹਾਂ ਪਾਬੰਦੀਆਂ ਜਾਰੀ ਰਹਿਣਗੀਆਂ। ਸ਼ਹਿਰ ਦੇ 6 ਕੰਟੇਨਮੈਂਟ ਏਰੀਏ ਬਾਪੂਧਾਮ, ਸੈਕਟਰ- 52 ਦਾ ਕੁੱਝ ਹਿੱਸਾ, ਕੱਚੀ ਕਾਲੋਨੀ ਧਨਾਸ, ਸ਼ਾਸਤਰੀ ਨਗਰ ਮਨੀਮਾਜਰਾ ਅਤੇ ਸੈਕਟਰ- 30 ਬੀ ਅਤੇ ਸੈਕਟਰ-38 ਦਾ ਕੁੱਝ ਏਰੀਆ ਪੂਰੀ ਤਰ੍ਹਾਂ ਬੰਦ ਰਹੇਗਾ। ਕੰਟੇਨਮੈਂਟ ਜ਼ੋਨ 'ਚ ਸਕਰੀਨਿੰਗ ਅਤੇ ਟੈਸਟਿੰਗ ਦਾ ਕੰਮ ਚਲਦਾ ਰਹੇਗਾ। ਵਾਰ ਰੂਮ ਮੀਟਿੰਗ 'ਚ ਪ੍ਰਸਾਸ਼ਕ ਵੀ. ਪੀ. ਸਿੰਘ ਬਦਨੌਰ ਨੇ ਸਾਰੇ ਸਟੇਕਹੋਲਡਰਜ਼ ਤੋਂ ਰਾਏ ਲੈਣ ਤੋਂ ਬਾਅਦ ਇਹ ਆਦੇਸ਼ ਦਿੱਤਾ।