ਵਿਲੱਖਣ ਪਹਿਲ : ਚੰਡੀਗੜ੍ਹ ਦਾ 15 ਸਾਲਾ ਮੁੰਡਾ ਲੋੜਵੰਦ ਬੱਚਿਆਂ ਲਈ ਇਕੱਠੀਆਂ ਕਰੇਗਾ ਜੁੱਤੀਆਂ

11/20/2021 1:26:11 PM

ਚੰਡੀਗੜ੍ਹ (ਪਾਲ) : ਗੁਰਪੁਰਬ ਮੌਕੇ ਜੁੱਤੀਆਂ-ਚੱਪਲ ਚੋਣ ਮੁਹਿੰਮ ਦਾ ਐਲਾਨ ਕੀਤਾ ਗਿਆ ਹੈ। ਇਸ ਵਿਲੱਖਣ ਮੁਹਿੰਮ ਦੀ ਸ਼ੁਰੂਆਤ ਸ਼ਨੀਵਾਰ ਸ਼ਹਿਰ ਦੇ ਸੁਮੇਰ ਭਾਟੀਆ ਵੱਲੋਂ ਕੀਤੀ ਜਾਵੇਗੀ, ਜੋ ਅਮਰੀਕਾ ਸਥਿਤ ਦਿ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਹਾਈ ਸਕੂਲ ਵਿਚ 10ਵੀਂ ਜਮਾਤ ਦਾ ਵਿਦਿਆਰਥੀ ਹੈ। ਉਹ ਆਪਣੇ ਮਾਤਾ-ਪਿਤਾ ਨਾਲ ਸੈਕਟਰ-35 ਵਿਚ ਰਹਿੰਦਾ ਹੈ। ਸੁਮੇਰ ਇਨ੍ਹੀਂ ਦਿਨੀਂ ਆਨਲਾਈਨ ਪੜ੍ਹਾਈ ਕਰ ਰਿਹਾ ਹੈ। ਸੁਮੇਰ ਨੇ ‘ਦਿ ਹੈਲਪਿੰਗ ਫੀਟ ਇਨੀਸ਼ਿਏਟਿਵ’ ਦੀ ਸਥਾਪਨਾ ਕੀਤੀ ਹੈ, ਜਿਸ ਤਹਿਤ ਉਹ ਅਜਿਹੇ ਬੱਚਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਨ੍ਹਾਂ ਕੋਲ ਜੁੱਤੀਆਂ-ਚੱਪਲਾਂ ਨਹੀਂ ਹਨ। 15 ਸਾਲਾ ਸੁਮੇਰ ਦਾ ਕਹਿਣਾ ਹੈ ਕਿ ਗਰੀਬ ਬੱਚਿਆਂ ਨੂੰ ਜੁੱਤੀਆਂ-ਚੱਪਲ ਉਪਲੱਬਧ ਕਰਵਾਉਣ ਦੀ ਲੋੜ ਸਬੰਧੀ ਜਾਗਰੂਕਤਾ ਵਧਾਉਣ ਲਈ ਉਹ ਕੋਸ਼ਿਸ਼ ਕਰ ਰਿਹਾ ਹੈ। ਚੰਡੀਗੜ੍ਹ ਕਲੱਬ ਵਿਚ ਇਕ ‘ਸੇਵਾ ਬਾਕਸ’ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜੋ 20 ਅਤੇ 21 ਨਵੰਬਰ ਨੂੰ ਹੋਵੇਗਾ। ਉੱਥੇ ਟ੍ਰਾਈਸਿਟੀ ਅਤੇ ਆਸ-ਪਾਸ ਦੇ ਲੋਕ ਸਰਦੀਆਂ ਦੇ ਮੌਸਮ ਵਿਚ ਵਰਤੋਂ ਯੋਗ ਜੁੱਤੀਆਂ-ਚੱਪਲ ਦਾਨ ਕਰ ਸਕਦੇ ਹਨ, ਤਾਂ ਜੋ ਉਨ੍ਹਾਂ ਬੱਚਿਆਂ ਦੀ ਜ਼ਿੰਦਗੀ ਨੂੰ ਆਸਾਨ ਬਣਾਇਆ ਜਾ ਸਕੇ, ਜਿਨ੍ਹਾਂ ਨੂੰ ਨੰਗੇ ਪੈਰ ਚੱਲਣਾ ਪੈਂਦਾ ਹੈ।
ਹਰ ਵਿਅਕਤੀ ਲਈ ਜੁੱਤੀ ਇਕ ਲੋੜ
ਸੁਮੇਰ ਨੇ ਦੱਸਿਆ ਕਿ ‘ਦਿ ਹੈਲਪਿੰਗ ਫੀਟ ਇਨੀਸ਼ਿਏਟਿਵ’ ਬੱਚਿਆਂ ਨੂੰ ਜੁੱਤੀਆਂ-ਚੱਪਲਾਂ ਮੁਹੱਈਆ ਕਰ ਕੇ ਜ਼ਰੂਰਤਮੰਦ ਮਾਤਾ-ਪਿਤਾ ਦੀ ਮਦਦ ਕਰਨਾ ਚਾਹੁੰਦਾ ਹੈ, ਤਾਂਕਿ ਉਨ੍ਹਾਂ ਨੂੰ ਪੈਰਾਂ ਦੇ ਇਲਾਜ ’ਤੇ ਪੈਸੇ ਖਰਚ ਨਾ ਕਰਨੇ ਪੈਣ। ਹਰ ਵਿਅਕਤੀ ਲਈ ਜੁੱਤੀ ਇਕ ਜ਼ਰੂਰਤ ਹੈ। ਇਕ ਅਜਿਹੀ ਜ਼ਰੂਰਤ, ਜਿਸ ਤੋਂ ਬਿਨ੍ਹਾਂ ਅਸੀਂ ਰਹਿਣ ਬਾਰੇ ਸੋਚ ਵੀ ਨਹੀਂ ਸਕਦੇ। ਹਾਲਾਂਕਿ ਲੱਖਾਂ ਭਾਰਤੀ ਬੱਚਿਆਂ ਲਈ ਨੰਗੇ ਪੈਰ ਚੱਲਣਾ ਇਕ ਹਕੀਕਤ ਹੈ। ਉਨ੍ਹਾਂ ਨੂੰ ਸਕੂਲ ਜਾਣ ਲਈ ਅਤੇ ਤਪਦੀਆਂ ਸੜਕਾਂ ’ਤੇ ਨੰਗੇ ਪੈਰ ਚੱਲਣਾ ਪੈਂਦਾ ਹੈ। ਇਹ ਨੁਕਸਾਨਦਾਇਕ ਹੈ ਅਤੇ ਸਰੀਰਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਦਾ ਕਾਰਨ ਬਣਦਾ ਹੈ, ਜਿਸ ਨਾਲ ਉਨ੍ਹਾਂ ਨੂੰ ਜ਼ਿੰਦਗੀ ਭਰ ਪ੍ਰੇਸ਼ਾਨੀ ਹੋ ਸਕਦੀ ਹੈ।
ਆਰਥਿਕ ਮਦਦ ਸਵੀਕਾਰ ਨਹੀਂ ਕੀਤੀ ਜਾਵੇਗੀ
ਕੋਵਿਡ ਤੋਂ ਬਾਅਦ ਅਨੇਕਾਂ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਚਲੇ ਗਏ। ਇਸ ਕਾਰਨ ਬੱਚਿਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋ ਰਹੀਆਂ। ਅਜਿਹੇ ਵਿਚ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਉਹ ਮਹਾਮਾਰੀ ਤੋਂ ਬਾਅਦ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਪ੍ਰਤੀ ਭਾਵ ਰੱਖਣ, ਖਾਸ ਕਰ ਕੇ ਬੱਚਿਆਂ ਦੇ ਸਬੰਧ ਵਿਚ। ਸੁਮੇਰ ਦਾ ਕਹਿਣਾ ਹੈ ਕਿ ਆਰਥਿਕ ਮਦਦ ਸਵੀਕਾਰ ਨਹੀਂ ਕੀਤੀ ਜਾਵੇਗੀ। ਉਸਦੀ ਯੋਜਨਾ ਹੈ ਕਿ ਦਾਨ ਵਿਚ ਮਿਲੀਆਂ ਜੁੱਤੀਆਂ-ਚੱਪਲਾਂ ਨੂੰ ਸਾਫ਼ ਕਰ ਕੇ ਚੰਡੀਗੜ੍ਹ ਅਤੇ ਆਸਪਾਸ ਦੀਆਂ ਝੁੱਗੀਆਂ ਬਸਤੀਆਂ ਵਿਚ ਰਹਿਣ ਵਾਲੇ ਬੱਚਿਆਂ ਵਿਚ ਵੰਡਿਆ ਜਾਵੇਗਾ। ਸੁਮੇਰ ਨੇ ‘ਦਿ ਹੈਲਪਿੰਗ ਫੀਟ ਇਨੀਸ਼ਿਏਟਿਵ’ ਅਕਤੂਬਰ ਵਿਚ ਸ਼ੁਰੂ ਕੀਤਾ ਸੀ ਅਤੇ ਟ੍ਰਾਈਸਿਟੀ ਦੇ ਲੋਕਾਂ ਵੱਲੋਂ ਇਸਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ।
 


Babita

Content Editor

Related News