6 ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਅੱਗੇ ਗਰਜੇ ਬੇਰੋਜ਼ਗਾਰ ਅਧਿਆਪਕ

12/16/2019 9:58:06 AM

ਚੰਡੀਗੜ੍ਹ (ਸ਼ਰਮਾ) : ਪਿਛਲੇ ਤਿੰਨ ਮਹੀਨਿਆਂ ਤੋਂ ਸੰਗਰੂਰ ਵਿਖੇ ਪੱਕਾ ਮੋਰਚਾ ਲਾ ਕੇ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਵਲੋਂ ਪੰਜਾਬ ਦੇ 6 ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਅੱਗੇ ਰੋਸ-ਪ੍ਰਦਰਸ਼ਨ ਕਰਦਿਆਂ ਮੰਤਰੀਆਂ ਦੇ ਨਿੱਜੀ-ਸਹਾਇਕਾਂ ਨੂੰ ਮੰਗ ਪੱਤਰ ਦਿੱਤੇ ਗਏ ਤਾਂ ਕਿ 18 ਦਸੰਬਰ ਦੀ ਕੈਬਨਿਟ ਮੀਟਿੰਗ ‘ਚ ਬੇਰੋਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਏਜੰਡਾ ਲਿਆਂਦਾ ਜਾਵੇ।

ਟੈੱਟ ਪਾਸ ਬੇਰੋਜ਼ਗਾਰ ਬੀ. ਐੱਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ, ਜਨਰਲ ਸਕੱਤਰ ਗੁਰਜੀਤ ਕੌਰ ਖੇੜੀ, ਸੂਬਾ ਆਗੂ ਯੁੱਧਜੀਤ ਬਠਿੰਡਾ ਅਤੇ ਈ.ਟੀ.ਟੀ. ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਦੀਪ ਬਨਾਰਸੀ ਨੇ ਕਿਹਾ ਕਿ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਭਰੋਸਾ ਦਿੱਤਾ ਹੈ ਕਿ 18 ਦਸੰਬਰ ਦੀ ਕੈਬਨਿਟ ਮੀਟਿੰਗ ‘ਚ ਬੇਰੋਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਫੈਸਲੇ ਲਏ ਜਾਣਗੇ। ਕੈਬਨਿਟ ਮੰਤਰੀਆਂ ‘ਚ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ-ਬਠਿੰਡਾ, ਗੁਰਪ੍ਰੀਤ ਕਾਂਗੜ-ਬਠਿੰਡਾ, ਬ੍ਰਹਮ ਮਹਿੰਦਰਾ-ਪਟਿਆਲਾ, ਰਾਣਾ ਗੁਰਮੀਤ -ਫਿਰੋਜ਼ਪੁਰ, ਰਜ਼ੀਆ ਸੁਲਤਾਨਾ-ਮਾਲੇਰਕੋਟਲਾ-ਸੰਗਰੂਰ, ਚਰਨਜੀਤ ਚੰਨੀ ਦੀ ਚਮਕੌਰ ਸਾਹਿਬ ਵਿਖੇ ਕੋਠੀਆਂ ਸਾਹਮਣੇ ਰੋਸ-ਪ੍ਰਦਰਸ਼ਨ ਕਰ ਕੇ ਮੰਗ-ਪੱਤਰ ਦਿੱਤੇ ਗਏ।

ਇਸ ਦੌਰਾਨ ਬੇਰੋਜ਼ਗਾਰ ਅਧਿਆਪਕਾਂ ਨੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਬਰਨਾਲਾ ਵਿਖੇ ਬੇਰੋਜ਼ਗਾਰ ਅਧਿਆਪਕਾਂ ਲਈ ਭੱਦੀ-ਸ਼ਬਦਾਵਲੀ ਵਰਤਣ ਲਈ ਮੁਆਫ਼ੀ ਮੰਗਣ। ਉਨ੍ਹਾਂ ਕਿਹਾ ਕਿ 18 ਦਸੰਬਰ ਨੂੰ ਮਸਲਿਆਂ ਦਾ ਹੱਲ ਨਾ ਹੋਣ ‘ਤੇ 25 ਦਸੰਬਰ ਨੂੰ ਸੰਗਰੂਰ ਵਿਖੇ ਪੰਜਾਬ ਭਰ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਟੈੱਟ ਪਾਸ ਬੇਰੋਜ਼ਗਾਰ ਬੀ.ਐੱਡ ਅਧਿਆਪਕਾਂ ਦੀਆਂ ਮੁੱਖ ਮੰਗਾਂ ‘ਚ ਬੀ. ਐੱਡ ਅਧਿਆਪਕਾਂ ਦੀ ਭਰਤੀ ਲਈ ਗ੍ਰੈਜੂਏਸ਼ਨ ‘ਚੋਂ 55 ਫੀਸਦੀ ਅਤੇ ਈ.ਟੀ.ਟੀ. ਦੀ ਭਰਤੀ ਲਈ ਗ੍ਰੈਜੂਏਸ਼ਨ ਦੀ ਸ਼ਰਤ ਖਤਮ ਕਰਨਾ, ਬੀ. ਐੱਡ ਦੀਆਂ 15 ਹਜ਼ਾਰ ਅਤੇ ਈ. ਟੀ. ਟੀ. ਦੀਆਂ 12 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਵਾਉਣਾ ਅਤੇ ਉਮਰ ਹੱਦ 37 ਤੋਂ 42 ਸਾਲ ਕਰਨਾ ਸ਼ਾਮਲ ਹੈ। 


cherry

Content Editor

Related News