ਭਰਾ ਦੇਖ ਰਹੇ ਸਨ TV, ਦੂਜੇ ਕਮਰੇ ’ਚ ਭੈਣ ਨੇ ਲੈ ਲਿਆ ਫਾਹਾ, ਮੌਤ
Sunday, Dec 29, 2019 - 12:24 PM (IST)

ਚੰਡੀਗੜ੍ਹ (ਸੁਸ਼ੀਲ) - ਸੈਕਟਰ-41 ਸਥਿਤ ਮਕਾਨ ’ਚ ਇਕ ਵਿਦਿਆਰਥਣ ਵਲੋਂ ਪੱਖੇ ਨਾਲ ਫਾਹਾ ਲੈ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਵਿਦਿਆਰਥਣ ਨੂੰ ਹੇਠਾਂ ਉਤਾਰ ਜੀ.ਐੱਮ.ਐੱਸ.ਐੱਚ.-16 ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮਿ੍ਤਕ ਦੀ ਪਛਾਣ ਸੈਕਟਰ-41 ਨਿਵਾਸੀ ਸਪਨਾ ਪਾਲ ਵਜੋਂ ਹੋਈ ਹੈ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪੁਲਸ ਅਨੁਸਾਰ ਸਪਨਾ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਅਤੇ ਸ਼ਹਿਰ ਦੇ ਇਕ ਸੰਸਥਾਨ ’ਚ ਕੋਚਿੰਗ ਲੈਂਦੀ ਸੀ। ਕਿਸੇ ਕਾਰਨ ਉਹ ਪਿਛਲੇ ਕਾਫ਼ੀ ਦਿਨਾਂ ਤੋਂ ਪਰੇਸ਼ਾਨ ਸੀ।
ਜਾਣਕਾਰੀ ਅਨੁਸਾਰ ਬੀਤੇ ਦਿਨ ਪਰਿਵਾਰ ਦੇ ਲੋਕ ਕਿਸੇ ਕੰਮ ਲਈ ਮਾਰਕੀਟ ਗਏ ਹੋਏ ਸਨ ਅਤੇ ਸਪਨਾ ਦੇ ਦੋਵੇਂ ਭਰਾ ਆਪਣੇ ਕਮਰੇ ’ਚ ਟੀ.ਵੀ. ਦੇਖ ਰਹੇ ਸਨ। ਇਸੇ ਦੌਰਾਨ ਉਸ ਨੇ ਆਪਣੇ ਕਮਰੇ ’ਚ ਫਾਹ ਲੈ ਲਿਆ। ਪਰਿਵਾਰ ਦੇ ਵਾਪਸ ਆਉਣ ਮਗਰੋਂ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।