ਬੈਂਸ ਨੇ ਸਪੀਕਰ ਨੂੰ ਸੌਂਪੀ ਵਿਸ਼ੇਸ਼ ਅਧਿਕਾਰ ਹਨਨ ਦੀ ਸ਼ਿਕਾਇਤ

09/11/2019 11:25:18 AM

ਚੰਡੀਗੜ੍ਹ (ਰਮਨਜੀਤ) - ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਬੈਂਸ ਨੇ ਗੁਰਦਾਸਪੁਰ ਘਟਨਾਕ੍ਰਮ ਸਬੰਧੀ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕਰਕੇ ਡੀ.ਸੀ. ਖਿਲਾਫ ਵਿਸ਼ੇਸ਼ ਅਧਿਕਾਰ ਹਨਨ ਦੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਸਪੀਕਰ ਤੋਂ ਮੰਗ ਕੀਤੀ ਹੈ ਕਿ ਜਨ ਪ੍ਰਤੀਨਿਧੀ ਅਤੇ ਦੁਰਘਟਨਾ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਅਪਮਾਨਜਨਕ ਵਰਤਾਓ ਕਰਨ ਵਾਲੇ ਅਧਿਕਾਰੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਬੈਂਸ ਨੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਪੀਕਰ ਵਲੋਂ ਉਨ੍ਹਾਂ ਕੋਲੋਂ ਕੁਝ ਹੋਰ ਸਬੰਧਤ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਹੈ ਅਤੇ ਵਾਅਦਾ ਕੀਤਾ ਕਿ ਉਕਤ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਹਨਨ ਕਮੇਟੀ ਦੇ ਸਾਹਮਣੇ ਭੇਜਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਐੱਫ. ਆਈ. ਆਰ. ਦਰਜ ਹੁੰਦੇ ਹੀ ਉਨ੍ਹਾਂ ਨੇ ਦੱਸ ਦਿੱਤਾ ਸੀ ਕਿ ਇਹ ਮਾਮਲਾ ਅਧਿਕਾਰੀਆਂ ਵਲੋਂ ਨਹੀਂ ਦਰਜ ਕਰਵਾਇਆ ਗਿਆ ਸਗੋਂ ਕੈਪਟਨ ਵਲੋਂ ਸਿਆਸੀ ਰੰਜਿਸ਼ ਕਾਰਨ ਦਰਜ ਕਰਾਇਆ ਗਿਆ, ਜਿਸ ਨੂੰ ਕਬੂਲ ਕਰਕੇ ਕੈ. ਅਮਰਿੰਦਰ ਸਿੰਘ ਨੇ ਮੇਰੀ ਗੱਲ ਨੂੰ ਸੱਚ ਸਾਬਿਤ ਕਰ ਦਿੱਤਾ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਦੀ ਚੁਣੌਤੀ ਕਬੂਲ ਹੈ ਅਤੇ ਉਹ ਇਸ ਤੋਂ ਡਰਨ ਵਾਲੇ ਨਹੀਂ ਹਨ। ਲੁਧਿਆਣਾ ਸਿਟੀ ਸੈਂਟਰ ਘੋਟਾਲੇ 'ਚ ਕਿਉਂਕਿ ਮੈਂ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੋਈ ਹੈ ਅਤੇ ਕੋਸ਼ਿਸ਼ ਕਰ ਰਿਹਾ ਹਾਂ ਕਿ ਘੋਟਾਲੇ 'ਚ ਸ਼ਾਮਲ ਕੈ. ਅਮਰਿੰਦਰ ਸਿੰਘ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇ, ਇਸ ਲਈ ਇਹ ਮਾਮਲਾ ਮੇਰੇ ਖਿਲਾਫ਼ ਦਰਜ ਕਰਾਇਆ ਗਿਆ ਹੈ। ਮੇਰਾ ਮਾਮਲਾ ਸਿਰਫ ਤੂੰ-ਤੜਾਕ ਦਾ ਸੀ, ਜਿਸ ਨੂੰ ਦੰਗੇ-ਫਸਾਦ ਦੇ ਤੌਰ 'ਤੇ ਦਰਜ ਕੀਤਾ ਗਿਆ ਹੈ, ਜਦੋਂਕਿ ਸੱਤਾਧਾਰੀ ਵਿਧਾਇਕਾਂ ਅਤੇ ਮੰਤਰੀਆਂ ਵਲੋਂ ਅਧਿਕਾਰੀਆਂ ਨੂੰ ਧਮਕਾਉਣ ਦੇ ਮਾਮਲਿਆਂ ਨੂੰ ਰਫਾ-ਦਫਾ ਕਰ ਦਿੱਤਾ ਗਿਆ।

ਬੈਂਸ ਨੇ ਉਨ੍ਹਾਂ ਖਿਲਾਫ਼ ਮੁਲਾਜ਼ਮ ਸੰਗਠਨਾਂ ਵਲੋਂ ਕੀਤੀ ਗਈ ਹੜਤਾਲ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਉਹੀ ਅਧਿਕਾਰੀ ਹੈ, ਜਿਨ੍ਹਾਂ ਨੂੰ ਹਰ ਵੇਲੇ ਇਹ ਡਰ ਸਤਾਉਂਦਾ ਰਹਿੰਦਾ ਹੈ ਕਿ ਕਿਤੇ ਬੈਂਸ ਆ ਕੇ ਉਨ੍ਹਾਂ ਦੀ ਜੇਬ ਤੋਂ ਕਿਸੇ ਗਰੀਬ ਤੋਂ ਲਈ ਗਈ ਰਿਸ਼ਵਤ ਦੇ ਪੈਸੇ ਨਾ ਕਢਵਾ ਕੇ ਉਸ ਨੂੰ ਵਾਪਸ ਕਰ ਦੇਵੇ। ਬੈਂਸ ਨੇ ਕਿਹਾ ਕਿ ਅਜਿਹੀਆਂ ਚਾਲਾਂ ਤੋਂ ਉਹ ਨਹੀਂ ਡਰਦੇ ਅਤੇ ਨਾ ਹੀ ਝੁਕਣਗੇ।


rajwinder kaur

Content Editor

Related News