ਪੰਜਾਬ 'ਚ ਘਟਿਆ ਨਰਮੇ ਦਾ ਰਕਬਾ, ਜ਼ਿਆਦਾ ਝੋਨਾ ਲੱਗਣ ਨਾਲ ਖੜ੍ਹੀ ਹੋ ਸਕਦੀ ਹੈ ਚੁਣੌਤੀ
Tuesday, Jun 11, 2024 - 02:35 PM (IST)
ਚੰਡੀਗੜ੍ਹ: ਪੰਜਾਬ ਵਿਚ ਅੱਜ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲੇ ਫੇਜ਼ ਵਿਚ ਮੁਕਤਸਰ ਸਾਹਿਬ, ਫਰੀਦਕੋਟ, ਮਾਨਸਾ, ਬਠਿੰਡਾ, ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਕਿਸਾਨ ਝੋਨਾ ਲਗਾ ਸਕਣਗੇ। ਪਾਣੀ ਦੀ ਕਿੱਲਤ ਕਾਰਨ ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦਾ ਰਕਬਾ ਵਧਾਉਣ ਦੀ ਯੋਜਨਾ ਸੀ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ, ਪਰ ਪੰਜਾਬ ਵਿਚ ਨਰਮੇ ਦੇ ਘਟਦੇ ਰਕਬੇ ਨੇ ਵਿਭਾਗ ਦੇ ਅੰਕੜੇ ਵਿਗਾੜ ਦਿੱਤੇ ਹਨ।
ਨਰਮੇ ਦੇ ਰਕਬਾ ਘਟਣ ਨਾਲ ਹੁਣ ਝੋਨੇ ਦਾ ਰਕਬਾ ਵਧਣ ਦਾ ਖ਼ਦਸ਼ਾ ਰਹੇਗਾ। ਅਜਿਹੇ ਵਿਚ ਪਾਣੀ ਦੀ ਜ਼ਿਆਦਾ ਖ਼ਪਤ ਦੇ ਨਾਲ-ਨਾਲ ਪਾਵਰਕੌਮ ਨੂੰ ਵੀ 8-8 ਘੰਟੇ ਬਿਜਲੀ ਸਪਲਾਈ ਦੇਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਵਿਚ 2023 ਵਿਚ ਨਰਮੇ ਦਾ ਰਕਬਾ 1.69 ਲੱਖ ਹੈਕਟੇਅਰ ਸੀ, ਜੋ ਇਸ ਵਾਰ ਘੱਟ ਕੇ 96 ਹਜ਼ਾਰ ਹੈਕਟੇਅਰ ਤਕ ਸਿਮਟ ਗਿਆ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 79 ਹਜ਼ਾਰ ਹੈਕਟੇਅਰ ਘੱਟ ਹੈ। ਇਸ ਦਾ ਮੁੱਖ ਕਾਰਨ ਨਰਮੇ 'ਤੇ ਗੁਲਾਬੀ ਤੇ ਚਿੱਟੀ ਸੂੰਡੀ ਦਾ ਹਮਲਾ, ਘਟੀਆ ਬੀਜ ਦੀ ਵਿਕਰੀ, ਘਟੀਆ ਕੀਟਨਾਸ਼ਕ ਦੀ ਵਰਤੋਂ ਤੇ ਖ਼ਰਾਬ ਫ਼ਸਲ ਦਾ ਮੁਆਵਜ਼ਾ ਨਾ ਮਿਲਣਾ ਮੰਨਿਆ ਜਾਂਦਾ ਹੈ। ਅਜਿਹੇ ਵਿਚ ਕਿਸਾਨ ਝੋਨਾ ਉਗਾਉਣਗੇ ਜਿਸ ਨਾਲ ਸੂਬੇ ਵਿਚ ਝੋਨੇ ਦਾ ਰਕਬਾ ਵਧੇਗਾ। ਇਸ ਤੋਂ ਇਲਾਵਾ ਕਿਸਾਨ ਬਾਸਮਤੀ, ਮੱਕੀ ਤੇ ਮੂੰਗੀ ਦੀਆਂ ਫ਼ਸਲਾਂ ਵੀ ਉਗਾਉਣਗੇ।
ਇਹ ਖ਼ਬਰ ਵੀ ਪੜ੍ਹੋ - ਸਿਰਫ਼ ਜਲੰਧਰ ਵੈਸਟ ਲਈ ਜ਼ਿਮਨੀ ਚੋਣ ਦੇ ਐਲਾਨ ਨਾਲ ਸਿਆਸੀ ਹਲਕੇ ਹੈਰਾਨ, 4 ਹੋਰ ਸੀਟਾਂ 'ਤੇ ਵੀ ਹੋਣੀ ਸੀ ਚੋਣ
ਪੰਜਾਬ 'ਚ ਨਰਮੇ ਦੇ ਘਟਦੇ ਰਕਬੇ ਬਾਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਗੁਲਾਬੀ ਸੂੰਡੀ, ਸਹੀ ਕੀਮਤ ਨਾ ਮਿਲਣਾ ਨਰਮੇ ਦਾ ਰਕਬਾ ਘੱਟਣ ਦਾ ਸਭ ਤੋਂ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਖੇਤੀ ਨੀਤੀ ਵਿਚ ਇਹ ਸਾਫ਼ ਹੋਣਾ ਚਾਹੀਦਾ ਹੈ ਕਿ ਕਿਸ ਖੇਤਰ ਵਿਚ ਕਿਹੜੀ ਫ਼ਸਲ ਬੀਜੀ ਜਾਵੇ। ਇਸ ਬਾਰੇ ਸਰਕਾਰ ਕੋਲ ਕੋਈ ਰੋਡਮੈਪ ਨਹੀਂ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਨੇ ਕਿਹਾ ਕਿ ਇਸ ਵਾਰ ਨਰਮੇ ਦਾ ਰਕਬਾ ਘਟਿਆ ਹੈ। ਇਸ ਪਿੱਛੇ ਪਿਛਲੇ ਸਾਲ ਬਾਰਿਸ਼ ਨਾਲ ਬੀਜ ਦੀ ਕੁਆਲਟੀ ਖ਼ਰਾਬ ਹੋਣਾ, ਗੁਲਾਬੀ ਸੂੰਡੀ ਦਾ ਹਮਲਾ ਤੇ ਹੋਰ ਕਾਰਨ ਹਨ। ਉਨ੍ਹਾਂ ਕਿਹਾ ਕਿ ਝੋਨੇ ਦਾ ਰਕਬਾ ਜ਼ਿਆਦਾ ਨਾ ਵਧੇ, ਇਸ ਲਈ ਬਾਸਮਤੀ, ਮੱਕੀ ਜਾਂ ਮੂੰਗੀ ਦੀਆਂ ਫ਼ਸਲਾਂ ਉਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇੱਥੇ ਘਟਿਆ ਰਕਬਾ
ਮਾਨਸਾ
2022-23 : 42250
2023-24 : 18000
ਬਠਿੰਡਾ
2022-23 : 70500
2023-24 : 55000
ਫਾਜ਼ਿਲਕਾ
2022-23 : 83000
2023-24 : 50000
ਮੁਕਤਸਰ
2022-23 : 19384
2023-24 : 8000
ਇਹ ਖ਼ਬਰ ਵੀ ਪੜ੍ਹੋ - ਚੰਗੇ ਭਵਿੱਖ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ, ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਿਹੈ ਸਾਥੀ
ਨਰਮੇ ਅਤੇ ਝੋਨੇ ਦਾ ਰਕਬਾ (ਲੱਖ ਹੈਕਟੇਅਰ 'ਚ)
ਸਾਲ ਨਰਮਾ ਝੋਨਾ
2018-19 2.68 31.02
2019-20 2.48 31.43
2020-21 2.51 31.49
2021-22 2.50 31.43
2022-23 2.48 31.67
2023-24 1.69 32.92
2024-25 0.96 .....
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8