ਪੰਜਾਬੀ ਗਾਇਕ ਜੈਲੀ ਦੀਆਂ ਵਧੀਆਂ ਮੁਸ਼ਕਲਾਂ, ਇਕ ਹੋਰ ਚਲਾਨ ਪੇਸ਼

Thursday, Feb 22, 2018 - 09:14 AM (IST)

ਮੋਹਾਲੀ (ਕੁਲਦੀਪ) : ਮਸ਼ਹੂਰ ਪੰਜਾਬੀ ਗਾਇਕ ਜਰਨੈਲ ਸਿੰਘ ਜੈਲੀ ਦੀਆਂ ਮੁਸ਼ਕਲਾਂ 'ਚ ਉਸ ਸਮੇਂ ਹੋਰ ਵਾਧਾ ਹੋ ਗਿਆ, ਜਦੋਂ ਸਟੇਟ ਕ੍ਰਾਈਮ ਬ੍ਰਾਂਚ ਵਲੋਂ ਜੈਲੀ ਖਿਲਾਫ ਮੋਹਾਲੀ ਦੀ ਅਦਾਲਤ 'ਚ ਇਕ ਹੋਰ ਚਲਾਨ ਪੇਸ਼ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਜੈਲੀ ਖਿਲਾਫ ਬੁੱਧਵਾਰ ਨੂੰ ਆਈ. ਪੀ. ਸੀ. ਧਾਰਾ-506 ਤਹਿਤ ਚਲਾਨ ਪੇਸ਼ ਕੀਤਾ ਗਿਆ ਹੈ। ਐੱਸ. ਐੱਚ. ਓ. ਇੰਸਪੈਕਟਰ ਕੁਲਵੰਤ ਸਿੰਘ ਨੇ ਅਦਾਲਤ 'ਚ ਚਲਾਨ ਪੇਸ਼ ਕਰਨ ਦੀ ਪੁਸ਼ਟੀ ਕੀਤੀ ਹੈ। ਧਾਰਾ-506 ਮੁਲਜ਼ਮ ਜੈਲੀ ਵਲੋਂ ਫਿਲਮੀ ਅਦਾਕਾਰਾ ਨਾਲ ਬਲਾਤਕਾਰ ਕਰਨ ਉਪਰੰਤ ਗਰਭਵਤੀ ਹੋਣ 'ਤੇ ਡਰਾ-ਧਮਕਾ ਕੇ ਉਸ ਦਾ ਗਰਭਪਾਤ ਕਰਾਉਣ ਦੇ ਦੋਸ਼ ਨੂੰ ਦਰਸਾਉਂਦੀ ਹੈ। 
ਜਾਣਕਾਰੀ ਮੁਤਾਬਕ ਜੈਲੀ ਖਿਲਾਫ ਉਕਤ ਫਿਲਮੀ ਅਦਾਕਾਰਾ ਦਾ ਜ਼ਬਰਦਸਤੀ ਗਰਭਪਾਤ ਕਰਾਉਣ ਸਬੰਧੀ ਆਈ. ਪੀ. ਸੀ. ਦੀ ਧਾਰਾ-313 ਤਹਿਤ ਚਲਾਨ ਪਹਿਲਾਂ ਹੀ ਅਦਾਲਤ 'ਚ ਪੇਸ਼ ਕੀਤਾ ਜਾ ਚੁੱਕਾ ਹੈ। ਇਸ ਕੇਸ 'ਚ ਜੈਲੀ ਦੇ ਦੋ ਸਾਥੀਆਂ ਦਾ ਝੂਠ ਬੋਲਣ ਵਾਲਾ ਟੈਸਟ ਕ੍ਰਾਈਮ ਬ੍ਰਾਂਚ ਵਲੋਂ ਕਰਵਾਇਆ ਗਿਆ ਸੀ, ਜਿਨ੍ਹਾਂ ਖਿਲਾਫ ਕੋਈ ਦੋਸ਼ ਸਾਬਿਤ ਨਹੀਂ ਹੋ ਸਕਿਆ। ਜੈਲੀ 'ਤੇ ਔਰਤ ਵਲੋਂ ਗੈਂਗਰੇਪ ਦੇ ਲਾਏ ਗਏ ਦੋਸ਼ਾਂ ਤਹਿਤ ਚੰਡੀਗੜ੍ਹ ਦੇ ਸੈਕਟਰ-39 ਪੁਲਸ ਸਟੇਸ਼ਨ 'ਚ ਕੇਸ ਦਰਜ ਕੀਤਾ ਗਿਆ ਸੀ, ਜਿਸ 'ਚ ਚੰਡੀਗੜ੍ਹ ਪੁਲਸ ਵਲੋਂ ਉੱਥੋਂ ਦੀ ਅਦਾਲਤ 'ਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ।


Related News