ਕੇਂਦਰੀ ਜੇਲ ’ਚੋਂ ਮੁੜ ਵਾਇਰਲ ਹੋਈ ਕੈਦੀ ਦੀ ਵੀਡੀਓ, ਲਾਏ ਇਹ ਦੋਸ਼
Wednesday, Mar 04, 2020 - 09:58 AM (IST)
ਪਟਿਆਲਾ (ਬਲਜਿੰਦਰ) - ਕੇਂਦਰੀ ਜੇਲ ਪਟਿਆਲਾ ਵਿਚ ਕੁਝ ਦਿਨ ਪਹਿਲਾਂ ਸੁਪਰਡੈਂਟ ਤੇ ਉਸ ਦੇ ਗੰਨਮੈਨ ’ਤੇ ਸਹੂਲਤਾਂ ਦੇਣ ਲਈ ਰਿਸ਼ਵਤ ਲੈਣ ਦੇ ਦੋਸ਼ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਤੋਂ ਬਾਅਦ ਹੁਣ ਇਕ ਹੋਰ ਵੀਡੀਓ ਵਾਇਰਲ ਹੋ ਗਈ ਹੈ, ਜਿਸ ਵਿਚ ਦੀਪਕ ਸ਼ਰਮਾ ਨਾਂ ਦੇ ਕੈਦੀ ਨੇ ਉਸ ਨਾਲ ਨਾਜਾਇਜ਼ ਕੁੱਟ-ਮਾਰ ਕਰਨ ਦੇ ਦੋਸ਼ ਲਗਾਏ ਹਨ। ਦੱਸ ਦੇਈਏ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਜ਼ਖਮੀ ਕੈਦੀ ਦਾ ਮੈਡੀਕਲ ਕਰਵਾ ਦਿੱਤਾ।
ਜਾਣਕਾਰੀ ਅਨੁਸਾਰ ਵਾਇਰਲ ਹੋ ਰਹੀ ਇਸ ਵੀਡੀਓ ’ਚ ਦੀਪਕ ਨਾਂ ਦੇ ਕੈਦੀ ਨੇ ਮੋਬਾਇਲ ’ਤੇ ਆਪਣੀ ਵੀਡੀਓ ਬਣਾ ਕੇ ਦੋ ਡਿਪਟੀ ਜੇਲ ਸੁਪਰਡੈਂਟਾਂ ’ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਕਿਹਾ ਕਿ ਉਨ੍ਹਾਂ ਵਲੋਂ ਉਸ ਦੀ ਨਾਜਾਇਜ਼ ਕੁੱਟ-ਮਾਰ ਕੀਤੀ ਗਈ ਅਤੇ ਉਸ ਨੂੰ ਥਰਡ ਡਿਗਰੀ ਟਾਰਚਰ ਕੀਤਾ ਗਿਆ। ਵੀਡੀਓ ਵਿਚ ਦੀਪਕ ਸ਼ਰਮਾ ਦੇ ਪਿਛਲੇ ਹਿੱਸੇ ਅਤੇ ਲੱਤਾਂ ’ਤੇ ਡਾਂਗਾਂ ਦੇ ਨਿਸ਼ਾਨ ਸਾਫ ਤੌਰ ’ਤੇ ਦਿਖਾਈ ਦੇ ਰਹੇ ਹਨ। ਦੀਪਕ ਸ਼ਰਮਾ ਦਾ ਕਹਿਣਾ ਹੈ ਕਿ ਉਸ ਨੂੰ ਤਿੰਨ ਸਾਲ ਦੀ ਸਜ਼ਾ ਹੋਈ ਹੈ ਅਤੇ ਉਸ ਤੋਂ ਜੇਲ ਵਿਚ ਠੀਕ-ਠਾਕ ਰਹਿਣ ਲਈ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਪੈਸੇ ਨਾ ਦੇਣ ਦੀ ਸੂਰਤ ਵਿਚ ਉਸ ਨੂੰ ਹੋਰ ਔਖੀਆਂ ਥਾਵਾਂ ’ਤੇ ਰੱਖਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦੋ ਡਿਪਟੀ ਸੁਪਰਡੈਂਟਾਂ ਨੇ ਕੁਝ ਹੋਰ ਮੁਲਾਜ਼ਮਾਂ ਨੂੰ ਨਾਲ ਲੈ ਕੇ ਉਸ ਦੀ ਕੁੱਟ-ਮਾਰ ਕੀਤੀ। ਦੀਪਕ ਨੇ ਦੱਸਿਆ ਕਿ ਉਸ ਨੇ ਇਕ ਵਾਰ ਭੱਜਣ ਦੀ ਵੀ ਕੋਸ਼ਿਸ਼ ਕੀਤੀ, ਜਿਸ ਦੇ ਬਾਵਜੂਦ ਉਕਤ ਲੋਕਾਂ ਨੇ ਉਸ ਦੀ ਮਾਰਕੁੱਟ ਕੀਤੀ। ਦੀਪਕ ਫਿਲਹਾਲ ਜ਼ੇਰੇ ਇਲਾਜ ਹੈ ਅਤੇ ਜੇਲ ਸੁਪਰਡੈਂਟ ਵਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੰਗਰੂਰ ਜੇਲ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ’ਚ ਜੇਲ ਸੁਪਰਡੈਂਟ ’ਤੇ ਗੰਭੀਰ ਦੋਸ਼ ਲਾਏ ਗਏ।
ਪੜੋਂ ਇਹ ਖਬਰ ਵੀ --- ਸੰਗਰੂਰ ਜੇਲ ਦਾ ਵੀਡੀਓ ਵਾਇਰਲ, ਜੇਲ ਸੁਪਰਡੈਂਟ ’ਤੇ ਲੱਗੇ ਗੰਭੀਰ ਦੋਸ਼
ਹੈੱਡ ਵਾਰਡਨ ਰੇਸ਼ਮ ਸਿੰਘ ਖਿਲਾਫ ਕੇਸ ਦਰਜ
ਕੇਂਦਰੀ ਜੇਲ ਪਟਿਆਲਾ ਵਿਚ ਸਹੂਲਤਾਂ ਦੇਣ ਦੇ ਬਦਲੇ ਪੈਸੇ ਲੈਣ ਦੇ ਦੋਸ਼ਾਂ ਦੀ ਜਾਰੀ ਹੋਈ ਵੀਡੀਓ ਦੇ ਮਾਮਲੇ ਵਿਚ ਹੈੱਡ ਵਾਰਡਨ ਰੇਸ਼ਮ ਸਿੰਘ ਖਿਲਾਫ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਰੇਸ਼ਮ ਸਿੰਘ ਨੂੰ ਵੀਡੀਉ ਵਾਇਰਲ ਹੋਣ ਤੋਂ ਬਾਅਦ ਵਿਭਾਗ ਨੇ ਸਸਪੈਂਡ ਕਰ ਦਿੱਤਾ ਸੀ ਅਤੇ ਸਸਪੈਂਸ਼ਨ ਦੌਰਾਨ ਰੇਸ਼ਮ ਸਿੰਘ ਨੂੰ ਹੈੱਡ ਆਫਿਸ ਚੰਡੀਗੜ੍ਹ ਨਾਲ ਅਟੈਚ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਵਾਇਰਲ ਹੋਈ ਪਹਿਲੀ ਵੀਡੀਓ ਵਿਚ ਰੇਸ਼ਮ ਸਿੰਘ ’ਤੇ ਜੇਲ ਸੁਪਰਡੈਂਟ ਦੇ ਨਾਂ ’ਤੇ ਪੈਸੇ ਲੈਣ ਦਾ ਦੋਸ਼ ਲੱਗਿਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਆਈ. ਜੀ. ਜੇਲਾਂ ਰੂਪ ਕੁਮਾਰ ਅਰੋੜਾਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਈ. ਜੀ. ਵਲੋਂ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਕੈਦੀ ਦੇ ਬਿਆਨ ਵੀ ਦਰਜ ਕੀਤੇ ਸਨ ਅਤੇ ਮੁੱਢਲੀ ਜਾਂਚ ਤੋਂ ਬਾਅਦ ਰੇਸ਼ਮ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਹੈ।