ਕੇਂਦਰੀ ਜੇਲ ਬਠਿੰਡਾ ''ਚ ਨਹੀਂ ਬੰਦ ਹੋ ਰਹੀ ਕੈਦੀਆਂ ਦੀ ''ਹੈਲੋ-ਹੈਲੋ''

02/17/2020 11:46:01 AM

ਬਠਿੰਡਾ (ਪਰਮਿੰਦਰ) : ਸੁਰੱਖਿਆ ਦੇ ਵੱਡੇ ਪ੍ਰਬੰਧਾਂ ਦੇ ਬਾਵਜੂਦ ਬਠਿੰਡਾ ਦੀ ਹਾਈ ਸਕਿਓਰਿਟੀ ਵਾਲੀ ਕੇਂਦਰੀ ਜੇਲ 'ਚ ਬੰਦ ਕੈਦੀਆਂ ਦੀ ਮੋਬਾਇਲ ਫੋਨ 'ਤੇ ਹੋਣ ਵਾਲੀ 'ਹੈਲੋ-ਹੈਲੋ' ਬੰਦ ਨਹੀਂ ਹੋ ਸਕੀ। ਕੇਂਦਰੀ ਜੇਲ 'ਚ ਹਰ ਰੋਜ਼ ਮੋਬਾਇਲ ਫੋਨ ਬਰਾਮਦ ਹੋ ਰਹੇ ਹਨ, ਜਿਸ ਕਰ ਕੇ ਜੇਲ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ 'ਚ ਹੈ। ਜੇਲ ਅਧਿਕਾਰੀਆਂ ਵੱਲੋਂ ਮੋਬਾਇਲ ਫੋਨ ਮਿਲਣ ਦੇ ਮਾਮਲੇ 'ਚ ਪੁਲਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਜਾਂਦਾ ਹੈ ਪਰ ਉਕਤ ਮਾਮਲਿਆਂ ਦੀ ਕੋਈ ਜਾਂਚ ਨਹੀਂ ਹੁੰਦੀ ਕਿ ਜੇਲ 'ਚ ਆਖਿਰਕਾਰ ਮੋਬਾਇਲ ਫੋਨ ਕਿਵੇਂ ਪੁੱਜ ਰਹੇ ਹਨ। ਜੇਲ ਦੀ ਸੁਰੱਖਿਆ ਵਿਵਸਥਾ ਸੀ. ਆਰ. ਪੀ. ਐੱਫ. ਦੇ ਹਵਾਲੇ ਕਰਨ ਤੋਂ ਲੱਗਭਗ 4 ਮਹੀਨੇ ਦੇ ਬਾਅਦ ਵੀ ਜੇਲ 'ਚ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਨਹੀਂ ਰੁਕਿਆ, ਬਲਕਿ ਮੋਬਾਇਲ ਫੋਨ ਮਿਲਣ ਦੀਆਂ ਘਟਨਾਵਾਂ ਹੋਰ ਵੀ ਵੱਧ ਗਈਆਂ ਹਨ।

2 ਮਹੀਨਿਆਂ 'ਚ ਮਿਲੇ ਲੱਗਭਗ 30 ਮੋਬਾਇਲ ਫੋਨ
ਕੇਂਦਰੀ ਜੇਲ ਬਠਿੰਡਾ 'ਚ ਆਏ ਦਿਨ ਮੋਬਾਇਲ ਫੋਨ ਬਰਾਮਦ ਹੋ ਰਹੇ ਹਨ। ਜ਼ਿਆਦਾਤਰ ਮੌਕਿਆਂ 'ਤੇ ਇਹ ਮੋਬਾਇਲ ਫੋਨ ਲਾਵਾਰਿਸ ਹਾਲਤ 'ਚ ਪਏ ਮਿਲ ਰਹੇ ਹਨ, ਜਦਕਿ ਕੁੱਝ ਮਾਮਲਿਆਂ 'ਚ ਮੋਬਾਇਲ ਫੋਨ ਕੈਦੀਆਂ ਤੋਂ ਵੀ ਬਰਾਮਦ ਕੀਤੇ ਜਾ ਰਹੇ ਹਨ। ਹਰ 2-3 ਦਿਨਾਂ ਦੇ ਬਾਅਦ ਜੇਲ 'ਚ 2-3 ਮੋਬਾਇਲ ਫੋਨ ਬਰਾਮਦ ਹੋ ਰਹੇ ਹਨ। ਪਿਛਲੇ 2 ਮਹੀਨੇ ਦੌਰਾਨ ਜੇਲ ਤੋਂ ਲਗਭਗ 30 ਮੋਬਾਇਲ ਫੋਨ ਤੇ ਚਾਰਜਰ ਬਰਾਮਦ ਕੀਤੇ ਗਏ ਹਨ ਤੇ ਇਹ ਗਿਣਤੀ ਕਈ ਸਵਾਲ ਖੜ੍ਹੇ ਕਰਦੀ ਹੈ। ਦਸੰਬਰ 2019 ਦੌਰਾਨ ਜੇਲ 'ਚ ਹੋਈ ਚੈਕਿੰਗ ਦੌਰਾਨ ਜ਼ਿਲਾ ਪ੍ਰਸ਼ਾਸਨ ਵੱਲੋਂ ਇਕ ਹੀ ਦਿਨ 'ਚ 14 ਮੋਬਾਇਲ ਫੋਨ ਤੇ ਨਸ਼ੇ ਵਾਲੇ ਪਦਾਰਥ ਜੇਲ ਦੇ ਅੰਦਰੋਂ ਬਰਾਮਦ ਕੀਤੇ ਗਏ। ਜ਼ਿਕਰਯੋਗ ਹੈ ਕਿ ਸਖਤ ਸੁਰੱਖਿਆ ਦਰਮਿਆਨ ਮੋਬਾਇਲ ਫੋਨਾਂ ਦਾ ਜੇਲ ਦੇ ਅੰਦਰ ਕੈਦੀਆਂ ਕੋਲ ਪੁੱਜਣ ਦੀਆਂ ਇਨ੍ਹਾਂ ਘਟਨਾਵਾਂ 'ਚ ਜੇਲ ਦੇ ਕੁਝ ਮੁਲਾਜ਼ਮਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਨ੍ਹਾਂ ਮਾਮਲਿਆਂ ਦੀ ਕਦੇ ਗੰਭੀਰਤਾ ਨਾਲ ਜਾਂਚ ਨਹੀਂ ਹੋ ਪਾਉਂਦੀ।

ਨਵੰਬਰ 'ਚ ਸੀ. ਆਰ. ਪੀ. ਐੱਫ. ਨੂੰ ਕੀਤਾ ਸੀ ਤਾਇਨਾਤ
ਜੇਲ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਸਖਤ ਕਰਨ ਲਈ ਨਵੰਬਰ 2019 'ਚ ਇਸ ਦੀ ਸੁਰੱਖਿਆ ਦਾ ਜ਼ੁੰਮਾ ਸੀ. ਆਰ. ਪੀ. ਐੱਫ. ਨੂੰ ਸੌਂਪ ਦਿੱਤਾ ਗਿਆ ਸੀ, ਜੋ ਜੇਲ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਦੀ ਹੈ। ਸੀ. ਆਰ. ਪੀ. ਐੱਫ. ਦੇ ਮੁਲਾਜ਼ਮਾਂ ਨੂੰ ਜੇਲ ਦੇ ਅੰਦਰ ਤੇ ਬਾਹਰ ਤਾਇਨਾਤ ਕੀਤਾ ਗਿਆ ਹੈ। ਜੇਲ ਦੇ ਮੁੱਖ ਗੇਟ, ਮੁਲਾਕਾਤ ਵਾਲੀ ਥਾਂ ਦੇ ਇਲਾਵਾ ਕੈਦੀ ਵਾਰਡ, ਸਪੈਸ਼ਲ ਸੈੱਲ ਅਤੇ ਗੈਂਗਸਟਰਾਂ ਨਾਲ ਮੁਲਾਕਾਤ ਕਰਨ ਵਾਲਿਆਂ ਨੂੰ ਸੀ. ਆਰ. ਪੀ. ਐੱਫ. ਦੇ ਜਵਾਨ ਮੁਸਤੈਦੀ ਨਾਲ ਜਾਂਚ ਕਰ ਕੇ ਅੰਦਰ ਭੇਜਦੇ ਹਨ। ਕੁੱਝ ਹਵਾਲਾਤੀਆਂ ਤੋਂ ਕਈ ਵਾਰ ਕੁਝ ਨਸ਼ੇ ਵਾਲੀਆਂ ਦਵਾਈਆਂ, ਬੀੜੀ-ਸਿਗਰੇਟ, ਤੰਬਾਕੂ ਆਦਿ ਫੜਿਆ ਜਾਂਦਾ ਹੈ ਪਰ ਇਨ੍ਹਾਂ ਸਭ ਦੇ ਬਾਵਜੂਦ ਜੇਲ ਦੇ ਅੰਦਰ ਮੋਬਾਇਲ ਫੋਨ ਪਹੁੰਚਾਉਣ ਵਾਲੀ ਪ੍ਰਕਿਰਿਆ 'ਤੇ ਕੋਈ ਰੋਕ ਨਹੀਂ ਲਗਾ ਸਕਿਆ। ਕੁਝ ਸਮਾਂ ਪਹਿਲਾਂ 2 ਪੁਲਸ ਮੁਲਾਜ਼ਮਾਂ ਨੂੰ ਜੇਲ 'ਚ ਮੋਬਾਇਲ ਫੋਨ ਪਹੁੰਚਾਉਣ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਸ ਦੇ ਬਾਅਦ ਵੀ ਹਾਲਾਤ ਨਹੀਂ ਬਦਲੇ।

ਤਿੰਨ ਦਿਨਾਂ 'ਚ ਮਿਲੇ 4 ਮੋਬਾਇਲ ਫੋਨ
ਕੇਂਦਰੀ ਜੇਲ ਬਠਿੰਡਾ ਅੰਦਰੋਂ ਪਿਛਲੇ 3 ਦਿਨਾ ਦੌਰਾਨ 4 ਮੋਬਾਇਲ ਫੋਨ ਤੇ ਚਾਰਜਰ ਬਰਾਮਦ ਹੋਏ। ਹਮੇਸ਼ਾ ਦੀ ਤਰ੍ਹਾਂ ਸਹਾਇਕ ਜੇਲ ਸੁਪਰਿੰਟੈਂਡੈਂਟ ਦੀ ਸ਼ਿਕਾਇਤ 'ਤੇ ਥਾਣਾ ਕੈਂਟ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ਼ 2 ਮਾਮਲੇ ਦਰਜ ਕਰ ਲਏ ਹਨ। ਸਹਾਇਕ ਜੇਲ ਸੁਪਰਿੰਟੈਂਡੈਂਟ ਨੇ ਪੁਲਸ ਨੂੰ ਦੱਸਿਆ ਕਿ ਜੇਲ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਜੇਲ 'ਚ ਤਲਾਸ਼ੀ ਲਈ ਗਈ। ਇਸ ਦੌਰਾਨ ਜੇਲ ਦੇ ਅੰਦਰੋਂ ਜ਼ੋਨ ਨੰਬਰ-1 ਦੀ ਛੱਤ ਤੋਂ 1 ਮੋਬਾਇਲ ਫੋਨ ਤੇ 1 ਚਾਰਜਰ ਬਰਾਮਦ ਹੋਇਆ। ਇਸ ਤਰ੍ਹਾਂ ਉਨ੍ਹਾਂ ਦੱਸਿਆ ਕਿ 13 ਫਰਵਰੀ ਨੂੰ ਲਈ ਗਈ ਤਲਾਸ਼ੀ ਦੌਰਾਨ ਬੈਰਕ ਨੰਬਰ-8 ਦੇ ਬਾਥਰੂਮ ਤੋਂ 2 ਮੋਬਾਇਲ ਫੋਨ ਤੇ ਚਾਰਜਰ ਬਰਾਮਦ ਕੀਤੇ ਗਏ। ਇਸ ਸਬੰਧ 'ਚ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ਼ ਕੇਸ ਦਰਜ ਕਰ ਲਏ ਹਨ। ਇਸ ਤੋਂ ਪਹਿਲਾਂ 12 ਫਰਵਰੀ ਨੂੰ ਵੀ ਇਕ ਕੈਦੀ ਤੋਂ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਸੀ।


cherry

Content Editor

Related News