ਕੰਬਲਾਂ ਦੀ ਰੱਸੀ ਬਣਾ ਸੈਂਟਰਲ ਜੇਲ ''ਚੋਂ 3 ਹਵਾਲਾਤੀਆਂ ਵੱਲੋਂ ਫਰਾਰ ਹੋਣ ਦਾ ਯਤਨ
Tuesday, May 12, 2020 - 07:22 PM (IST)
ਲੁਧਿਆਣਾ (ਸਿਆਲ) : ਸਥਾਨਕ ਸੈਂਟਰਲ ਜੇਲ ਦੇ ਅਧਿਕਾਰੀਆਂ ਦੀ ਕਾਰਜਸ਼ੈਲੀ 'ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਨਸ਼ਾ ਸਮੱਗਲਿੰਗ ਦੇ ਕੇਸ ਵਿਚ ਨਾਮਜ਼ਦ ਤਿੰਨ ਮੁਜ਼ਰਮ ਹਵਾਲਾਤੀਆਂ ਵੱਲੋਂ ਚਾਦਰਾਂ ਨੂੰ ਰੱਸੀ ਬਣਾ ਕੇ ਜੇਲ ਦੀ ਕੰਧ ਟੱਪ ਕੇ ਫਰਾਰ ਹੋਣ ਦਾ ਯਤਨ ਕੀਤਾ। ਮੌਕੇ 'ਤੇ ਮੌਜੂਦ ਜੇਲ ਮੁਲਾਜ਼ਮਾਂ ਵੱਲੋਂ ਰੌਲਾ ਪਾਉਣ 'ਤੇ ਇਕ ਹਵਾਲਾਤੀ ਹਫੜਾ-ਦਫੜੀ ਵਿਚ ਕੰਧ ਟੱਪਦੇ ਹੋਏ ਡਿੱਗ ਗਿਆ, ਜਿਸ ਦੇ ਗੋਡੇ 'ਤੇ ਗੰਭੀਰ ਸੱਟ ਲੱਗੀ ਹੈ। ਹੋਰਨਾਂ ਦੋ ਹਵਾਲਾਤੀਆਂ ਨੂੰ ਜੇਲ ਦੇ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ, ਕਰਣਵੀਰ ਸਿੰਘ, ਜਗਪਾਲ ਸਿੰਘ, ਹੈੱਡ ਵਾਰਡਨ ਹਰਜੀਤ ਸਿੰਘ, ਵਾਰਡਨ ਮੇਨ ਕੰਟਰੋਲ ਹੌਲਦਾਰ ਗੁਰਮੇਲ ਸਿੰਘ ਦੀ ਚੌਕਸੀ ਕਾਰਨ ਦਬੋਚ ਲਿਆ ਗਿਆ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਅੰਮ੍ਰਿਤਸਰ ਜ਼ਿਲੇ ਵਿਚ ਚੌਥੀ ਮੌਤ, ਸੂਬੇ 'ਚ 33 ਤਕ ਪੁੱਜਾ ਅੰਕੜਾ
ਤਿੰਨਾਂ ਦੀ ਫਰਾਰੀ ਦੀ ਯੋਜਨਾ ਬਣਾਉਣ ਵਾਲੇ ਹਵਾਲਾਤੀਆਂ ਦੀ ਪਛਾਣ ਹਰਪ੍ਰੀਤ ਸਿੰਘ ਅਤੇ ਸੂਰਜ ਪ੍ਰਤਾਪ ਵਜੋਂ ਹੋਈ ਹੈ। ਉਪਰੋਕਤ ਤਿੰਨੇ ਹਵਾਲਾਤੀ ਬੀ. ਕੇ. ਯੂ. ਦੀ ਬੈਰਕ ਨੰ. 1 ਅਤੇ 7 ਵਿਚ ਬੰਦ ਸਨ। ਹੈਰਾਨੀਜਨਕ ਗੱਲ ਇਹ ਹੈ ਕਿ 3 ਹਵਾਲਾਤੀਆਂ ਨੇ ਜੇਲ ਤੋਂ ਫਰਾਰੀ ਦੀ ਯੋਜਨਾ ਬਣਾਈ ਅਤੇ ਉਸ ਕੰਮ ਨੂੰ ਅਮਲੀ ਰੂਪ ਦੇਣ ਦਾ ਯਤਨ ਵੀ ਕੀਤਾ ਪਰ ਜੇਲ ਦੇ ਕਿਸੇ ਵੀ ਅਧਿਕਾਰੀ ਨੂੰ ਇਸ ਯੋਜਨਾ ਦੀ ਭਿਣਕ ਤੱਕ ਨਹੀਂ ਲੱਗੀ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਜੇਲ ਦਾ ਖੁਫੀਆ ਤੰਤਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ ਜਾਂ ਜੇਲ ਦੇ ਜ਼ਿੰਮੇਦਾਰ ਅਧਿਕਾਰੀ ਕੁੰਭਕਰਨੀ ਨੀਂਦ ਸੌਂ ਰਹੇ ਹਨ। ਵਰਣਨਯੋਗ ਹੈ ਕਿ ਡੇਢ ਮਹੀਨੇ ਪਹਿਲਾਂ ਵੀ ਕੰਬਲਾਂ ਦੀ ਰੱਸੀ ਬਣਾ ਕੇ ਹਵਾਲਾਤੀ ਜੇਲ ਦੀ ਕੰਧ ਟੱਪ ਕੇ ਭੱਜਣ ਵਿਚ ਸਫਲ ਹੋ ਗਏ ਸਨ, ਜਿਨ੍ਹਾਂ ਵਿਚੋਂ ਦੋ ਹਵਾਲਾਤੀ ਅੱਜ ਤੱਕ ਫਰਾਰ ਹਨ।
ਇਹ ਵੀ ਪੜ੍ਹੋ : ਕੋਰੋਨਾ ਸੰਕਟ ਦਰਮਿਆਨ ਅੰਮ੍ਰਿਤਸਰ ਤੋਂ ਆਈ ਚੰਗੀ ਖਬਰ