ਰਿਹਾਇਸ਼ੀ ਖੇਤਰ ''ਚ ਪਸ਼ੂਆਂ ਦੀਆਂ ਖੱਲਾਂ ਦਾ ਕਾਰੋਬਾਰ ਮੁੜ ਚਾਲੂ ਹੋਣ ''ਤੇ ਲੋਕਾਂ ''ਚ ਰੋਸ

11/11/2017 7:21:23 AM

ਮਾਲੇਰਕੋਟਲਾ(ਸ਼ਹਾਬੂਦੀਨ)-ਮਾਲੇਰਕੋਟਲਾ ਦੀ ਛੋਟੀ ਈਦਗਾਹ ਰੋਡ 'ਤੇ ਸਥਿਤ ਮੁਹੱਲਾ ਇਸਲਾਮਗੰਜ ਬੇਰੀਵਾਲਾ ਵਿਖੇ ਮੁਰਦਾ ਪਸ਼ੂਆਂ ਦੀਆਂ ਖੱਲਾਂ ਦਾ ਕਾਰੋਬਾਰ ਕਰਦੇ ਕੁਝ ਲੋਕਾਂ ਵੱਲੋਂ ਕੇਂਦਰ ਸਰਕਾਰ ਦੀ ਸਵੱਛਤਾ ਮੁਹਿੰਮ ਨੂੰ ਅੰਗੂਠਾ ਦਿਖਾ ਕੇ ਇਲਾਕੇ 'ਚ ਫੈਲਾਈ ਜਾ ਰਹੀ ਗੰਦਗੀ ਨੂੰ ਰੋਕਣ 'ਚ ਪ੍ਰਸ਼ਾਸਨ ਦੇ ਵੀ ਕਥਿਤ ਹੱਥ ਖੜ੍ਹੇ ਦਿਖਾਈ ਦਿੰਦੇ ਹਨ।  
   ਜਿਊਂਦੇ ਜੀਅ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਉਕਤ ਮੁਹੱਲਾ ਵਾਸੀ ਇਸ ਗੰਦਗੀ ਭਰੇ ਵਾਤਾਵਰਣ ਤੋਂ ਨਿਜਾਤ ਪਾਉਣ ਲਈ ਭਾਵੇਂ ਲੰਬੇ ਸਮੇਂ ਤੋਂ ਸਰਕਾਰੇ-ਦਰਬਾਰੇ ਲੀਡਰਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਖਾਕ ਛਾਣਦੇ ਫਿਰ ਰਹੇ ਹਨ ਪਰ ਕਿਸੇ ਵੀ ਸਬੰਧਤ ਪ੍ਰਸ਼ਾਸਨਿਕ ਅਧਿਕਾਰੀ ਜਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਅੱਜ ਤੱਕ ਇਨ੍ਹਾਂ ਮੁਹੱਲਾ ਵਾਸੀਆਂ ਨੂੰ ਇਸ ਨਰਕ ਭਰੇ ਮਾਹੌਲ ਤੋਂ ਛੁਟਕਾਰਾ ਨਹੀਂ ਦਿਵਾਇਆ। ਮਾਲੇਰਕੋਟਲਾ 'ਚ ਤਾਇਨਾਤ ਰਹਿ ਚੁੱਕੇ ਕਈ ਐੱਸ. ਡੀ. ਐੱਮ. ਦੀਆਂ ਅਦਾਲਤਾਂ 'ਚ ਚੱਲ ਚੁੱਕਿਆ ਇਹ ਮਾਮਲਾ ਅੱਜ ਤੱਕ ਕਿਸੇ ਵੀ ਸਪੱਸ਼ਟ ਨਤੀਜੇ 'ਤੇ ਨਹੀਂ ਪੁੱਜ ਸਕਿਆ। ਮੁਹੱਲਾ ਵਾਸੀਆਂ ਨੇ ਕਿਹਾ ਕਿ ਇਥੇ 24 ਘੰਟੇ  ਬਦਬੂ ਕਾਰਨ ਜਿਥੇ ਉਨ੍ਹਾਂ ਦਾ ਜਿਊਣਾ ਦੁੱਭਰ ਹੋ ਚੁੱਕਿਆ ਹੈ ਉਥੇ ਗੰਦਲੇ ਵਾਤਾਵਰਣ 'ਚ ਸਾਹ ਲੈਣ ਕਾਰਨ ਛਾਤੀ ਅਤੇ ਸਾਹ ਦੀਆਂ ਭਿਆਨਕ ਬੀਮਾਰੀਆਂ ਨਾਲ ਜੂਝਦੇ ਕਈ ਮੁਹੱਲਾ ਵਾਸੀ ਮਾਲੇਰਕੋਟਲਾ ਤੋਂ ਇਲਾਵਾ ਪਟਿਆਲਾ, ਲੁਧਿਆਣਾ ਤੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਵਾ ਰਹੇ ਹਨ। ਇਥੋਂ ਤੱਕ ਕਿ ਮੁਹੱਲੇ ਦੇ ਛੋਟੇ-ਛੋਟੇ ਮਾਸੂਮ ਬੱਚੇ ਵੀ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਦੂਸ਼ਣ ਬੋਰਡ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਉਕਤ ਖੇਤਰ ਦਾ ਦੌਰਾ ਕਰ ਕੇ ਦਿੱਤੀਆਂ ਗਈਆਂ ਰਿਪੋਰਟਾਂ ਦੀ ਗੰਭੀਰਤਾ ਨੂੰ ਦੇਖਦਿਆਂ ਕਰੀਬ ਦੋ ਮਹੀਨੇ ਪਹਿਲਾਂ ਐੱਸ. ਡੀ. ਐੱਮ. ਨੇ ਇਲਾਕੇ 'ਚੋਂ ਭਾਵੇਂ ਇਹ ਕੰਮ ਬੰਦ ਕਰਵਾ ਦਿੱਤਾ ਸੀ ਪਰ ਅਜੇ ਲੋਕਾਂ ਨੇ ਪੂਰੀ ਤਰ੍ਹਾਂ ਸਾਫ ਵਾਤਾਵਰਣ 'ਚ ਸੁੱਖ ਦਾ ਸਾਹ ਵੀ ਨਹੀਂ ਸੀ ਲਿਆ ਕਿ ਹੁਣ ਕੁਝ ਦਿਨ ਪਹਿਲਾਂ ਦੁਬਾਰਾ ਇਹ ਕੰਮ ਸ਼ੁਰੂ ਹੋ ਗਿਆ। ਓਧਰ ਜਦੋਂ ਇਸ ਮਾਮਲੇ ਸਬੰਧੀ ਐੈੱਸ. ਡੀ. ਐੈੱਮ. ਮਾਲੇਰਕੋਟਲਾ ਡਾ. ਪ੍ਰੀਤੀ ਯਾਦਵ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਇਸ ਮਾਮਲੇ 'ਚ ਪਾਬੰਦੀ ਲਾਉਣ ਬਾਰੇ ਅਜੇ ਕੁਝ ਕਾਨੂੰਨੀ ਗਾਈਡ ਲਾਈਨ ਆਉਣੀਆਂ ਹਨ। ਉਕਤ ਰਿਪੋਰਟਾਂ ਆਉਣ ਤੋਂ ਬਾਅਦ ਹੀ ਪਾਬੰਦੀ ਲਾਉਣ ਸਬੰਧੀ ਅਗਲੀ ਕਾਰਵਾਈ ਹੋਵੇਗੀ।  


Related News