ਰਿਹਾਇਸ਼ੀ ਸੋਸਾਇਟੀ ''ਚ ਬਜ਼ੁਰਗ ਔਰਤ ਨਾਲ ਲੁੱਟਖੋਹ, ਚਾਕੂ ਮਾਰ ਕੀਤਾ ਕਤਲ
Sunday, May 19, 2024 - 04:22 PM (IST)

ਵਡੋਦਰਾ (ਭਾਸ਼ਾ)- ਗੁਜਰਾਤ ਦੇ ਵਡੋਦਰਾ ਸ਼ਹਿਰ 'ਚ ਐਤਵਾਰ ਤੜਕੇ ਇਕ ਰਿਹਾਇਸ਼ੀ ਸੋਸਾਇਟੀ 'ਚ ਅਣਪਛਾਤੇ ਹਮਲਾਵਰਾਂ ਨੇ ਬਜ਼ੁਰਗ ਔਰਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦਾ ਕੀਮਤੀ ਸਾਮਾਨ ਵੀ ਚੋਰੀ ਕਰ ਲਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮਕਰਪੁਰਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 4 ਵਜੇ ਤਰਸਾਲੀ ਰੋਡ ਇਲਾਕੇ 'ਚ ਇਕ ਰਿਹਾਇਸ਼ੀ ਸੋਸਾਇਟੀ ਦੀ ਹੈ। ਉਨ੍ਹਾਂ ਦੱਸਿਆ ਕਿ ਸੁਖਜੀਤ ਕੌਰ ਅਤੇ ਉਸ ਦੇ ਪਤੀ ਹਰਵਿੰਦਰ ਸਿੰਘ (73) ਆਪਣੇ ਫਲੈਟ 'ਚ ਇਕੱਲੇ ਰਹਿੰਦੇ ਸਨ। ਅਧਿਕਾਰੀ ਨੇ ਦੱਸਿਆ ਕਿ ਤੜਕੇ ਉਨ੍ਹਾਂ ਦੇ ਫਲੈਟ ਦੀ ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ, ਜਿਸ ਕਾਰਨ ਉਹ ਜਾਗ ਗਏ ਅਤੇ ਦੇਖਿਆ ਕਿ ਗੁਆਂਢੀ ਦੇ ਫਲੈਟ 'ਚ ਬਿਜਲੀ ਆ ਰਹੀ ਸੀ।
ਉਨ੍ਹਾਂ ਦੱਸਿਆ ਕਿ ਜਿਵੇਂ ਹੀ ਸੁਖਜੀਤ ਕੌਰ ਬਾਹਰ ਗਈ ਤਾਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਗਹਿਣੇ ਲੁੱਟ ਲਏ ਅਤੇ ਜ਼ਖ਼ਮੀ ਹਾਲਤ 'ਚ ਛੱਡ ਕੇ ਫਰਾਰ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਤੀ ਬਾਹਰ ਆਏ ਤਾਂ ਦੇਖਿਆ ਕਿ ਉਹ ਫਰਸ਼ 'ਤੇ ਖੂਨ ਨਾਲ ਲੱਥਪੱਥ ਪਈ ਸੀ। ਉਨ੍ਹਾਂ ਨੇ ਮਦਦ ਲਈ ਰੌਲਾ ਪਾਇਆ ਤਾਂ ਗੁਆਂਢੀ ਵੀ ਬਾਹਰ ਆ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਔਰਤ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਵੱਧ ਖੂਨ ਵਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਨਰਸਿਮਹਾ ਕੁਮਾਰ ਨੇ ਦੱਸਿਆ ਕਿ ਸਥਾਨਕ ਪੁਲਸ, ਅਪਰਾਧ ਸ਼ਾਖਾ ਅਤੇ ਫੋਰੈਂਸਿਕ ਵਿਭਾਗ ਦੀ ਟੀਮ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ,''ਸਥਾਨਕ ਪੁਲਸ ਅਤੇ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਪੂਰੇ ਇਲਾਕੇ 'ਚ ਜਾਂਚ ਕੀਤੀ ਹੈ। ਟੀਮ ਉਸ ਜਗ੍ਹਾ ਵੀ ਗਈ, ਜਿੱਥੋਂ ਹਮਲਾਵਰ ਆਏ ਅਤੇ ਬਿਜਲੀ ਸਪਲਾਈ ਕੱਟ ਦਿੱਤੀ ਸੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8