ਪੰਜਾਬ ਨੂੰ ਦਾਲ ਦੀ ਸਪਲਾਈ ਦੇਣ ’ਚ ਕੇਂਦਰ ਸਰਕਾਰ ਕਰ ਰਹੀ ਬਿਨ੍ਹਾ ਵਜ੍ਹਾ ਦੇਰੀ : ਆਸ਼ੂ

Saturday, May 09, 2020 - 08:45 PM (IST)

ਚੰਡੀਗੜ੍ਹ : ਪੰਜਾਬ ਨੂੰ ਦਾਲ ਦੀ ਸਪਲਾਈ ਵਿੱਚ ਕੇਂਦਰ ਸਰਕਾਰ ਵਲੋਂ ਬਿਨ੍ਹਾ ਵਜ੍ਹਾ ਦੇਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਸੂਬੇ ਵਿਚ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਆਉਂਦੇ ਲਾਭਪਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਪ੍ਰਗਟਾਵਾ ਅੱਜ ਇਥੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ।
ਮੰਤਰੀ ਆਸ਼ੂ ਨੇ ਕਿਹਾ ਕਿ ਸੂਬੇ ਨੂੰ ਨੇਫ਼ਡ ਤੋਂ ਕੌਮੀ ਖੁਰਾਕ ਸੁਰੱਖਿਆ ਐਕਟ ਅਧੀਨ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 10800 ਮੀਟ੍ਰਕ ਟਨ ਦਾਲ ਪ੍ਰਾਪਤ ਹੋਣੀ ਸੀ । ਇਸ ਦਾਲ ਦੀ ਜਲਦ ਸਪਲਾਈ ਯਕੀਨੀ ਬਣਾਉਣ ਲਈ ਅਪ੍ਰੈਲ ਦੇ ਪਹਿਲੇ ਹਫਤੇ ਵਿਚ ਹੀ ਨੇਫ਼ਡ ਨੂੰ ਪੱਤਰ ਲਿਖ ਦਿੱਤਾ ਗਿਆ ਸੀ ਪਰ ਬੀਤੀ ਰਾਤ ਤੱਕ ਪਹੁੰਚੀ ਦਾਲ ਸਮੇਤ ਸੂਬੇ ਨੂੰ  5565.94 ਮੀਟ੍ਰਕ ਟਨ ਉੜਦ ਦਾਲ ਹੀ ਪ੍ਰਾਪਤ ਹੋਈ ਹੈ। ਦਾਲ ਦੀ ਢਿੱਲੀ ਸਪਲਾਈ ਕਾਰਨ ਪਟਿਆਲਾ ਕਲੱਸਟਰ ਅਧੀਨ ਆਉਂਦੇ ਜ਼ਿਲਿਆਂ ਦੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਨਾ ਹੋਣ ਕਾਰਨ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੂਬਾ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਭਰਪੂਰ ਯਤਨ ਕੀਤੇ ਜਾ ਰਹੇ ਹਨ।

ਆਸ਼ੂ ਨੇ ਕਿਹਾ ਕਿ ਦਾਲ ਦੀ ਢਿੱਲੀ ਸਪਲਾਈ ਸਬੰਧੀ ਵਿਭਾਗ ਨੇ ਕੇਂਦਰ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ 30 ਅਪ੍ਰੈਲ 2020 ਨੂੰ ਪੱਤਰ ਲਿਖ ਕੇ ਇਹ ਮਾਮਲਾ ਉਠਾਇਆ ਸੀ ਅਤੇ ਬੇਨਤੀ ਕੀਤੀ ਸੀ ਕਿ ਦਾਲ ਦੀ ਡਿਲੀਵਰੀ ਵਿਚ ਤੇਜ਼ੀ ਲਿਆਂਦੀ ਜਾਵੇ ਕਿਉਂਕਿ ਸੂਬੇ ਨੂੰ 30 ਅਪ੍ਰੈਲ ਤੱਕ ਕੁੱਲ 10800 ਮੀਟ੍ਰਕ ਟਨ ਦਾਲ ਵਿਚੋਂ ਸਿਰਫ 2646 ਮੀਟ੍ਰਕ ਟਨ ਦਾਲ ਹੀ ਪ੍ਰਾਪਤ ਹੋਈ ਸੀ। ਪਟਿਆਲਾ ਕਲੱਸਟਰ ਅਧੀਨ ਆਉਂਦੇ ਜ਼ਿਲਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਸੰਗਰੂਰ ਦੇ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਵੰਡ ਦੀ ਸੁਸਤ ਰਫ਼ਤਾਰ ਬਾਰੇ ਦੱਸਦਿਆਂ ਆਸ਼ੂ ਨੇ ਕਿਹਾ ਕਿ ਇਸ ਕਲੱਸਟਰ ਨੂੰ 2189.11 ਮੀਟ੍ਰਕ ਟਨ ਦਾਲ ਦੀ ਡਿਮਾਂਡ ਦੇ ਮੱਦੇਨਜ਼ਰ 2 ਮਈ 2020 ਆਖ਼ਿਰੀ ਵਾਰ ਪ੍ਰਾਪਤ ਹੋਈ ਡਿਲੀਵਰੀ ਸਮੇਤ ਸਿਰਫ 900 ਮੀਟ੍ਰਕ ਟਨ ਦਾਲ ਹੀ ਪ੍ਰਾਪਤ ਹੋਈ ਹੈ‌ ਅਤੇ 2 ਮਈ ਤੋਂ ਬਾਅਦ ਪਟਿਆਲਾ ਵਿਚ ਦਾਲ ਦੀ ਡਿਲੀਵਰੀ ਪ੍ਰਾਪਤ ਨਹੀ ਹੋਈ।

ਉਨ੍ਹਾਂ ਦੱਸਿਆ ਕਿ ਸੂਬੇ ਦੇ ਪੰਜ ਡੇਜੀਗੀਨੇਟਡ ਜ਼ਿਲਿ੍ਹਆਂ, ਜਿਨ੍ਹਾਂ ਵਿਚ ਪਟਿਆਲਾ, ਬਠਿੰਡਾ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਸ਼ਾਮਲ ਹਨ, ਦੀ ਜ਼ਿਲ੍ਹਾਵਾਰ ਵੰਡ 1-04-2020 ਨੇਫ਼ਡ ਨੂੰ ਭੇਜ ਦਿੱਤੀ ਗਈ ਸੀ। ਆਸ਼ੂ ਨੇ ਇਹ ਵੀ ਦੱਸਿਆ ਕਿ ਸੂਬੇ ਨੂੰ ਦਾਲ ਦੀ ਪਹਿਲੀ ਖੇਪ 17 ਮੀਟ੍ਰਕ ਟਨ ਲੁਧਿਆਣਾ ਅਤੇ 25 ਮੀਟ੍ਰਕ ਟਨ ਜਲੰਧਰ ਵਿਖੇ 13 ਅਪ੍ਰੈਲ 2020 ਨੂੰ ਮਿਲੀ ਸੀ। ਖੁਰਾਕ ਮੰਤਰੀ  ਨੇ ਕਿਹਾ ਕਿ ਸੂਬੇ ਨੂੰ ਅਜੇ 50 ਫ਼ੀਸਦ ਦਾਲ ਪ੍ਰਾਪਤ ਹੋਣਾ ਬਾਕੀ ਹੈ।


Deepak Kumar

Content Editor

Related News