ਕੇਂਦਰ ਸਰਕਾਰ ਖੇਤੀ ਔਜ਼ਾਰਾਂ ਨੂੰ ਕਰੇ ਜੀ. ਐੱਸ. ਟੀ. ਤੋਂ ਮੁਕਤ : ਪ੍ਰਧਾਨ ਲੱਖੋਵਾਲ

Friday, Dec 22, 2017 - 04:35 PM (IST)

ਮੋਗਾ (ਗਰੋਵਰ, ਗੋਪੀ) - ਕੇਂਦਰ ਸਰਕਾਰ ਖੇਤੀ ਮਸ਼ੀਨਰੀ, ਪੁਰਜਿਆਂ, ਦਵਾਈਆਂ ਤੇ ਖਾਦਾਂ ਨੂੰ ਜੀ. ਐੱਸ. ਟੀ. ਤੋਂ ਮੁਕਤ ਕਰੇ। ਪਹਿਲਾਂ ਹੀ ਆਰਥਿਕ ਤਬਾਹੀ ਦੇ ਕੰਢੇ ਖੜ੍ਹੀ ਕਿਸਾਨੀ ਹੋਰ ਆਰਥਿਕ ਮਾਰ ਝੱਲਣ ਤੋਂ ਅਸਮਰੱਥ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੋਗਾ ਵਿਖੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕੀਤਾ। ਇਸ ਮੌਕੇ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਹੇਸ਼ਰੀ, ਸੂਰਤ ਸਿੰਘ ਕਾਦਰਵਾਲਾ, ਸੂਰਤ ਸਿੰਘ ਬ੍ਰਹਮਕੇ ਅਤੇ ਡਾ. ਕੁਲਵੰਤ ਸਿੰਘ ਲੁਹਾਰਾ ਉਨ੍ਹਾਂ ਨਾਲ ਸਨ। ਸ. ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਆਏ ਦਿਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਆਤਮ-ਹੱਤਿਆਵਾਂ 'ਚ ਵਾਧਾ ਹੋ ਰਿਹਾ ਹੈ। ਪਹਿਲਾਂ ਨੋਟਬੰਦੀ ਨੇ ਝੰਬੇ ਕਿਸਾਨ ਅਜੇ ਤੱਕ ਕਾਬੂ ਨਹੀਂ ਆਏ ਅਤੇ ਜੀ. ਐੱਸ. ਟੀ. ਨੇ ਕਿਸਾਨੀ ਨੂੰ ਰੋਲ ਕੇ ਰੱਖ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਆੜੇ ਹੱਥ ਲੈਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਸਮੁੱਚੇ ਕਰਜ਼ੇ ਖਤਮ ਕਰਨ ਦਾ ਵਾਅਦਾ ਕਰ ਕੇ ਸਰਕਾਰ ਤਾਂ ਬਣਾ ਲਈ ਪਰ ਹੁਣ ਆਏ ਦਿਨ ਬਹਾਨੇਬਾਜ਼ੀ ਕਰ ਕੇ ਵਾਅਦੇ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਗੰਨਾ ਉਤਪਾਦਕਾਂ ਦਾ ਬਕਾਇਆ ਸਰਕਾਰ ਕਿਸਾਨਾਂ ਦੇ ਖਾਤਿਆਂ 'ਚ ਭੇਜੇ ਤੇ ਕਰਜ਼ਿਆਂ ਬਾਰੇ ਸਥਿਤੀ ਸਪੱਸ਼ਟ ਕਰੇ।


Related News