ਰੇਹੜੀ ਲਾਉਣ ਵਾਲੇ ਤੋਂ ਵਸੂਲਦੇ ਸੀ ਪੈਸੇ, ਸੀ.ਬੀ. ਆਈ. ਨੇ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ

02/24/2024 9:53:54 PM

ਚੰਡੀਗੜ੍ਹ (ਪ੍ਰੀਕਸ਼ਿਤ) : ਸੈਂਟਰਲ ਜਾਂਚ ਬਿਊਰੋ (ਸੀ.ਬੀ.ਆਈ.) ਦੇ ਭ੍ਰਿਸ਼ਟਾਚਾਰ ਵਿਰੋਧੀ ਵਿੰਗ ਨੇ ਵੀਰਵਾਰ ਨੂੰ ਸੈਕਟਰ-26 ਦੀ ਅਨਾਜ ਮੰਡੀ ’ਚ ਟ੍ਰੈਪ ਲਾ ਕੇ ਮਾਰਕੀਟ ਕਮੇਟੀ ਦੇ ਸੈਕਟਰੀ ਮਨੋਜ ਦੇ ਡਰਾਈਵਰ ਸਮੇਤ ਮੁਲਾਜ਼ਮ ਨੂੰ 12,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਾਰਕੀਟ ਕਮੇਟੀ ਦੇ ਸੈਕਟਰੀ ਮਨੋਜ ਸ਼ਰਮਾ ਦੇ ਡਰਾਈਵਰ ਸਾਬਰ ਅਲੀ ਅਤੇ ਠੇਕੇ ’ਤੇ ਕੰਮ ਕਰਦੇ ਮਲਟੀ ਟਾਸਕਿੰਗ ਸਟਾਫ ’ਚ ਤਾਇਨਾਤ ਰਾਹੁਲ ਯਾਦਵ ਵਜੋਂ ਹੋਈ ਹੈ। ਸੀ.ਬੀ.ਆਈ. ਵਲੋਂ ਵੀਰਵਾਰ ਦੇਰ ਸ਼ਾਮ ਕੀਤੀ ਗਈ ਕਾਰਵਾਈ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਸਵੇਰੇ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਹੈ। ਸੂਤਰਾਂ ਦਾ ਦਾਅਵਾ ਹੈ ਕਿ ਇਸ ਰਿਸ਼ਵਤ ਕਾਂਡ ’ਚ ਮਾਰਕੀਟ ਕਮੇਟੀ ਦੇ ਸੈਕਟਰੀ ਮਨੋਜ ਸ਼ਰਮਾ ਵੀ ਸ਼ੱਕ ਦੇ ਘੇਰੇ ’ਚ ਹਨ। ਫ਼ਿਲਹਾਲ ਇਸ ਮਾਮਲੇ ’ਚ ਸੈਕਟਰੀ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਜਾਂ ਗ੍ਰਿਫ਼ਤਾਰੀ ਨਹੀਂ ਹੋਈ ਹੈ। ਸੀ.ਬੀ.ਆਈ. ਮਾਮਲੇ ਦੀ ਅਗਲੇਰੀ ਜਾਂਚ ’ਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ : ਫ਼ੌਜ ’ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਅਹਿਮ ਖ਼ਬਰ

ਸੈਕਟਰ-26 ਅਨਾਜ ਮਾਰਕੀਟ ’ਚ ਫਲਾਂ ਦੀ ਰੇਹੜੀ ਲਾਉਣ ਵਾਲੇ ਵਿਕਰੇਤਾ ਰਵੀ ਸ਼ੰਕਰ ਨੇ ਸੀ.ਬੀ.ਆਈ. ਨੂੰ ਮੁਲਜ਼ਮਾਂ ਖ਼ਿਲਾਫ਼ ਰਿਸ਼ਵਤ ਮੰਗਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਕਰੀਬ 26 ਸਾਲ ਤੋਂ ਮੰਡੀ ’ਚ ਫਲ ਵੇਚਦਾ ਆ ਰਿਹਾ ਹੈ। ਦੋਸ਼ਾਂ ਅਧੀਨ ਮੰਡੀ ਦੇ ਸੈਕਟਰੀ ਮਨੋਜ ਸ਼ਰਮਾ ਰੋਜ਼ਾਨਾ ਉਸ ਦੀ ਫੜੀ ’ਤੇ ਕਰਮਚਾਰੀਆਂ ਨੂੰ ਭੇਜ ਕੇ ਸਾਮਾਨ ਜ਼ਬਤ ਕਰਵਾ ਦਿੰਦੇ ਸੀ। ਇਸ ਦੌਰਾਨ ਉਸ ਨੂੰ ਜ਼ਬਤ ਕੀਤੇ ਸਾਮਾਨ ਦੀ ਰਸੀਦ ਵੀ ਨਹੀਂ ਸੀ ਦਿੱਤੀ ਜਾਂਦੀ। ਰੋਜ਼ਾਨਾ ਹੋ ਰਹੀ ਕਾਰਵਾਈ ਨੂੰ ਲੈ ਕੇ ਉਹ ਸੈਕਟਰੀ ਮਨੋਜ ਸ਼ਰਮਾ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਇਸ ਵਿਸ਼ੇ ’ਤੇ ਉਸ ਦੇ ਡਰਾਈਵਰ ਨਾਲ ਗੱਲ ਕੀਤੀ ਜਾਵੇ। ਉਸ ਤੋਂ ਬਾਅਦ ਉਸ ਨੇ ਮਨੋਜ ਸ਼ਰਮਾ ਦੇ ਡਰਾਈਵਰ ਸਾਬਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਜੇ ਮੰਡੀ ’ਚ ਕੰਮ ਕਰਦਿਆਂ ਫਲ ਵੇਚਣੇ ਹਨ ਤਾਂ 12 ਹਜ਼ਾਰ ਰੁਪਏ ਮਹੀਨਾ ਰਿਸ਼ਵਤ ਦੇਣੀ ਹੋਵੇਗੀ ਉਸ ਨੇ ਕਿਹਾ ਕਿ ਉਹ ਇੰਨੇ ਪੈਸੇ ਨਹੀਂ ਦੇ ਸਕਦਾ। ਇਸ ਤੋਂ ਬਾਅਦ ਮਨੋਜ ਸਾਬਰ ਨੇ ਪੈਸੇ ਨਾ ਦੇਣ ’ਤੇ ਸੈਕਟਰੀ ਮਨੋਜ ਸ਼ਰਮਾ ਨੂੰ ਕਹਿ ਕੇ ਰੇਹੜੀ ਨਾ ਲੱਗਣ ਦੇਣ ਦੀ ਧਮਕੀ ਦਿੱਤੀ, ਜਿਸ ਤੋਂ ਤੰਗ ਆ ਕੇ ਫਲ ਵਿਕਰੇਤਾ ਨੇ ਮਾਮਲੇ ਦੀ ਸ਼ਿਕਾਇਤ ਸੀ.ਬੀ.ਆਈ. ਨੂੰ ਦਿੱਤੀ। ਮਾਮਲੇ ’ਚ ਕੀਤੀ ਗਈ ਜਾਂਚ ਤੋਂ ਬਾਅਦ ਸੀ.ਬੀ.ਆਈ. ਨੇ ਵੀਰਵਾਰ ਰਾਤ ਨੂੰ ਟ੍ਰੈਪ ਲਾ ਕੇ ਦੋਵੇਂ ਮੁਲਜ਼ਮਾਂ ਨੂੰ 12 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਕੈਂਸਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਆਖਰੀ ਸਟੇਜ ’ਤੇ ਵੀ ਮਿਲਦੀ ਹੈ ਉਮੀਦ ਦੀ ਕਿਰਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


Anuradha

Content Editor

Related News