ਪਿਸਤੌਲ ਦਿਖਾ ਕੇ ਨਕਦੀ ਤੇ ਮੋਬਾਇਲ ਲੁੱਟੇ
Friday, Sep 08, 2017 - 05:17 AM (IST)
ਸੈਲਾ ਖੁਰਦ, (ਅਰੋੜਾ)- ਪਿੰਡ ਕਿੱਤਣਾ ਨੇੜੇ ਬਿਸਤ ਦੁਆਬ ਨਹਿਰ 'ਤੇ ਇਕ ਸਹਾਰਾ ਕੰਪਨੀ ਦੇ ਕੁਲੈਕਸ਼ਨ ਮੁਲਾਜ਼ਮ ਨੂੰ ਕਾਰ ਸਵਾਰ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਉਸ ਪਾਸੋਂ 16,500 ਰੁਪਏ ਦੀ ਨਕਦੀ ਤੇ 2 ਮੋਬਾਇਲ ਫੋਨ ਖੋਹ ਲਏ। ਹਰਜਿੰਦਰ ਸਿੰਘ ਪੁੱਤਰ ਨਿਰਮਲ ਰਾਮ ਪਿੰਡ ਫਤਿਹਪੁਰ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਕੰਪਨੀ ਦੀ ਕੁਲੈਕਸ਼ਨ ਕਰਕੇ ਆਪਣੇ ਘਰ ਵਾਪਸ ਆ ਰਿਹਾ ਸੀ, ਜਦ ਉਹ ਕਿੱਤਣਾ ਪਿੰਡ ਨੇੜੇ ਪੁੱਜਾ ਤਾਂ ਇਕ ਸਵਿੱਫਟ ਕਾਰ ਨੇ ਉਸ ਦੇ ਮੋਟਰਸਾਈਕਲ ਅੱਗੇ ਕਾਰ ਲਾ ਕੇ ਉਸ ਨੂੰ ਰੋਕ ਲਿਆ। ਰੁਕਦੇ ਸਾਰ ਹੀ ਕਾਰ 'ਚ ਸਵਾਰ ਵਿਅਕਤੀਆਂ ਨੇ ਉਸ ਨਾਲ ਧੱਕਾ ਮੁੱਕੀ ਕਰਦਿਆਂ ਪਿਸਤੌਲ ਉਸ 'ਤੇ ਤਾਣ ਦਿੱਤਾ ਤੇ ਉਸ ਪਾਸੋਂ ਬੈਗ ਤੇ 2 ਮੋਬਾਇਲ ਫੋਨ ਖੋਹ ਲਏ, ਬੈਗ 'ਚ 16,500 ਰੁਪਏ ਸਨ। ਉਸ ਨੇ ਦੱਸਿਆ ਕਿ ਲੁਟੇਰੇ ਜਾਂਦੇ ਸਮੇਂ ਉਸ ਨੂੰ ਧਮਕੀਆਂ ਵੀ ਦੇ ਗਏ ਤੇ ਉਸ ਦੇ ਮੋਟਰਸਾਈਕਲ ਦੀ ਚਾਬੀ ਕੱਢ ਕੇ ਨਹਿਰ 'ਚ ਸੁੱਟ ਦਿੱਤੀ। ਹਰਜਿੰਦਰ ਸਿੰਘ ਨੇ ਦੱਸਿਆ ਕਿ ਚਾਰੇ ਲੁਟੇਰਿਆਂ ਦੀ ਉਮਰ 25-30 ਸਾਲ ਦਰਮਿਆਨ ਜਾਪਦੀ ਸੀ। ਇਸ ਸਬੰਧੀ ਸਥਾਨਕ ਪੁਲਸ ਨੁੰ ਸੂਚਿਤ ਕਰ ਦਿੱਤਾ ਗਿਆ ਹੈ।
