ਅਧਿਕਾਰੀਆਂ ਨੂੰ ਅਪਮਾਨਿਤ ਕਰਨ ਵਾਲੇ ‘ਆਪ‘ ਵਿਧਾਇਕਾਂ ਤੇ ਸਮਰਥਕਾਂ 'ਤੇ ਦਰਜ ਹੋਵੇ ਮਾਮਲਾ : ਤਰੁਣ ਚੁੱਘ

09/25/2022 4:56:34 AM

ਚੰਡੀਗੜ੍ਹ (ਬਿਊਰੋ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਮੰਗ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੇ ਉਨ੍ਹਾਂ ਵਿਧਾਇਕਾਂ ਤੇ ਸਮਰਥਕਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਕੀਤੇ ਜਾਣ, ਜੋ ਨਾ ਸਿਰਫ਼ ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਦੀ ਸਰਕਾਰੀ ਡਿਊਟੀ ਨਿਭਾਉਣ ਤੋਂ ਰੋਕਦੇ ਹਨ ਬਲਕੇ ਉਨ੍ਹਾਂ ਦਾ ਜਨਤਕ ਤੌਰ ’ਤੇ ਅਪਮਾਨ ਵੀ ਕਰ ਰਹੇ ਹਨ। ਤਰੁਣ ਚੁੱਘ ਨੇ ਫਰੀਦਕੋਟ ਵਿੱਚ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਇਕ ਸਮਾਗਮ ਵਿੱਚ ਆਪਣੇ ਵਿਧਾਇਕ ਪਤੀ ਦੇ ਨਾਲ ਗਈ ਉਨ੍ਹਾਂ ਦੀ ਪਤਨੀ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਜਨਤਕ ਤੌਰ 'ਤੇ ਜ਼ਲੀਲ ਕੀਤਾ। ਚੁੱਘ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪੰਜਾਬ ਨੂੰ ਸ਼ਰਮਸਾਰ ਕਰ ਰਹੀਆਂ ਹਨ। ਉਨ੍ਹਾਂ ਸਰਕਾਰ ਨੂੰ ਜ਼ਲੀਲ ਕਰਨ ਵਾਲੇ 'ਆਪ' ਆਗੂਆਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਇੰਸਪੈਕਟਰ ਪਰਮਿੰਦਰ ਬਾਜਵਾ ਨੂੰ ਅਦਾਲਤ ’ਚ ਪੇਸ਼ ਕਰ 4 ਦਿਨ ਦਾ ਲਿਆ ਰਿਮਾਂਡ, ਜਾਣੋ ਪੂਰਾ ਮਾਮਲਾ

ਚੁੱਘ ਨੇ ਕਿਹਾ ਕਿ ਜਲੰਧਰ ਵਿੱਚ ਇਕ ਸੀਨੀਅਰ ਪੁਲਸ ਅਧਿਕਾਰੀ ਨਰੇਸ਼ ਡੋਗਰਾ ਨਾਲ ਵੀ ਅਜਿਹੀ ਹੀ ਇਕ ਘਟਨਾ ਵਾਪਰੀ ਹੈ। ਇਸ ਪੁਲਸ ਅਧਿਕਾਰੀ ਨੂੰ ਨਾ ਸਿਰਫ਼ ਜਨਤਕ ਤੌਰ 'ਤੇ ਜ਼ਲੀਲ ਕੀਤਾ ਗਿਆ, ਸਗੋਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਕਈ ਘੰਟਿਆਂ ਤੱਕ ਬੰਧਕ ਵੀ ਬਣਾ ਕੇ ਰੱਖਿਆ ਗਿਆ ਸੀ। ਭਗਵੰਤ ਮਾਨ ਸਰਕਾਰ ਨੂੰ ਸਰਕਾਰੀ ਕੰਮ 'ਚ ਦਖਲ ਦੇਣ ਦੇ ਦੋਸ਼ 'ਚ 'ਆਪ' ਵਰਕਰਾਂ 'ਤੇ ਮਾਮਲਾ ਦਰਜ ਕਰਨਾ ਚਾਹੀਦਾ ਸੀ ਪਰ ਪੁਲਸ ਅਧਿਕਾਰੀ ਦੀ ਬਦਲੀ ਕਰਕੇ ਉਨ੍ਹਾਂ ਦਾ ਮਨੋਬਲ ਤੋੜਿਆ ਗਿਆ। ਭਾਜਪਾ ਨੇ ਕਿਹਾ ਕਿ ਇਹ 'ਆਪ' ਆਗੂਆਂ ਦਾ ਗੈਰ-ਜ਼ਿੰਮੇਵਾਰਾਨਾ ਵਤੀਰਾ ਹੈ, ਜੋ ਹਰ ਦੂਜੇ ਦਿਨ ਪੰਜਾਬ ਨੂੰ ਸ਼ਰਮਸਾਰ ਕਰ ਰਿਹਾ ਹੈ। ਸਮਾਂ ਆ ਗਿਆ ਹੈ ਕਿ ਪੁਲਸ ਉਨ੍ਹਾਂ ਲੋਕਾਂ ਖਿਲਾਫ਼ ਕੇਸ ਦਰਜ ਕਰੇ, ਜੋ ਸਿਵਲ ਮੁਲਾਜ਼ਮਾਂ ਦਾ ਅਪਮਾਨ ਕਰ ਰਹੇ ਹਨ।

ਇਹ ਵੀ ਪੜ੍ਹੋ : ਚਾਰੇ ਨਾਲ ਲੱਦੇ ਰੇਹੜੇ ਨਾਲ ਟੱਕਰ ਹੋਣ 'ਤੇ ਮੋਟਰਸਾਈਕਲ ਸਵਾਰ ਦੀ ਮੌਤ

ਚੁੱਘ ਨੇ ਕਿਹਾ ਕਿ ਚੰਗਾ ਹੁੰਦਾ ਕਿ ਸੀ.ਐੱਮ. ਭਗਵੰਤ ਮਾਨ ਆਪਣੇ ਵਿਧਾਇਕਾਂ ਲਈ ਆਈ.ਏ.ਐੱਸ. ਤੇ ਆਈ.ਪੀ.ਐੱਸ. ਅਫ਼ਸਰਾਂ ਨਾਲ ਕਿਵੇਂ ਪੇਸ਼ ਆਉਣਾ ਹੈ, ਬਾਰੇ ਰਿਫਰੈਸ਼ਰ ਕੋਰਸ ਕਰਵਾਉਂਦੇ। ‘ਆਪ’ ਆਗੂਆਂ ਦੇ ਹੰਕਾਰੀ ਰਵੱਈਏ ਕਾਰਨ ਵੱਡੀ ਗਿਣਤੀ ਅਧਿਕਾਰੀ ਜਾਂ ਤਾਂ ਨੌਕਰੀ ਛੱਡ ਚੁੱਕੇ ਹਨ ਜਾਂ ਡੈਪੂਟੇਸ਼ਨ ’ਤੇ ਚਲੇ ਗਏ ਹਨ। ਅਧਿਕਾਰੀਆਂ 'ਚ ਦਹਿਸ਼ਤ ਅਤੇ ਡਰ ਦਾ ਮਾਹੌਲ ਹੈ, ਜਿਸ ਲਈ ਪੁਲਸ ਨੂੰ ਸੁਰੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ, ਜਿਸ ਵਿੱਚ ‘ਆਪ’ ਆਗੂ ਲੋਕਾਂ ਵਿੱਚ ਗੜਬੜੀ ਪੈਦਾ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News