ਗੁੰਮਰਾਹਕੁੰਨ ਅਫਵਾਹਾਂ ਬਣਾਉਣ ਅਤੇ ਫੈਲਾਉਣ ਵਾਲਿਆਂ ''ਤੇ ਹੋਣਗੇ ਪਰਚੇ
Sunday, Mar 22, 2020 - 02:05 AM (IST)
 
            
            ਲੁਧਿਆਣਾ, (ਸਹਿਗਲ)— ਵਿਸ਼ਵ ਭਰ 'ਚ ਫੈਲੀ ਬਿਮਾਰੀ ਨੋਵੇਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਕੁਝ ਸ਼ਰਾਰਤੀ ਅਨਸਰਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਗੁੰਮਰਾਹਕੁੰਨ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਹਨ। ਕਿਉਂਕਿ ਇਨ੍ਹਾਂ ਅਫ਼ਵਾਹਾਂ ਨਾਲ ਲੋਕਾਂ 'ਚ ਘਬਰਾਹਟ ਪੈਦਾ ਹੁੰਦੀ ਹੈ, ਜਿਸ ਕਾਰਨ ਇਹ ਬਰਦਾਸ਼ਤ ਯੋਗ ਨਹੀਂ ਹੈ। ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਜ਼ਿਲਾ ਪ੍ਰਸ਼ਾਸਨ ਨੇ ਹੁਣ ਸਖਤ ਕਾਰਵਾਈ ਅਮਲ 'ਚ ਲਿਆਉਣ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ ਨੂੰ ਪੱਤਰ ਲਿਖ ਕੇ ਮੀਡੀਆ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਅਗਰਵਾਲ ਨੇ ਲਿਖਿਆ ਹੈ ਕਿ ਇਸ ਸਥਿਤੀ 'ਚ ਮੁੱਖ ਧਾਰਾ ਦੇ ਮੀਡੀਆ ਨੂੰ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਧਾਰਾ 54 ਅਧੀਨ ਇਹ ਵਿਵਸਥਾ ਹੈ ਕਿ ਜੋ ਵੀ ਵਿਅਕਤੀ ਕੋਈ ਝੂਠੀ ਚਿਤਾਵਨੀ ਜਾਂ ਅਫਵਾਹ ਬਣਾਉਂਦਾ ਜਾਂ ਫੈਲਾਉਂਦਾ ਹੈ ਜਿਸ ਨਾਲ ਲੋਕਾਂ ਵਿਚ ਘਬਰਾਹਟ ਪੈਦਾ ਹੁੰਦੀ ਹੈ ਤਾਂ ਉਸ ਨੂੰ ਇਕ ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਹੋ ਸਕਦਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            