ਨੌਕਰੀ ਦਵਾਉਣ ਦਾ ਝਾਂਸਾ ਦੇ ਕੇ 2 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ

Thursday, May 21, 2020 - 01:21 PM (IST)

ਭਵਾਨੀਗੜ੍ਹ(ਕਾਂਸਲ) — ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਦੇ ਹੁਕਮਾਂ ਅਨੁਸਾਰ ਸਥਾਨਕ ਪੁਲਸ ਨੇ ਪਿੰਡ ਝਨੇੜੀ ਦੇ ਇਕ ਸਵ. ਨੌਜਵਾਨ ਦੇ ਪਿਤਾ ਦੀ ਸ਼ਿਕਾਇਤ 'ਤੇ ਉਸ ਦੇ ਪੁੱਤਰ ਨੂੰ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ 2 ਲੱਖ ਰੁਪੈ ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਭਾਨ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਝਨੇੜੀ ਨੇ ਐਸ.ਐਸ.ਪੀ ਸੰਗਰੂਰ ਨੂੰ ਫਰਵਰੀ 2020 ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਿ ਪ੍ਰਸ਼ੋਮਤ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਪਿੰਡ ਫੱਗੂਵਾਲਾ ਨਾਲ ਕਾਫੀ ਨੇੜਤਾ ਅਤੇ ਦੂਰ ਦੀ ਰਿਸ਼ਤੇਦਾਰੀ ਹੋਣ ਕਾਰਨ ਸਾਡੇ ਘਰ ਕਾਫੀ ਆਉਣਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਪ੍ਰਸ਼ੋਤਮ ਸਿੰਘ ਨੇ ਉਸ ਦੇ 12ਵੀਂ ਪਾਸ ਲੜਕੇ ਹੁਸ਼ਿਆਰ ਸਿੰਘ ਉਰਫ ਲਾਡੀ ਨੂੰ ਪੀ.ਜੀ.ਆਈ. ਘਾਬਦਾ ਵਿਖੇ ਨੌਕਰੀ ਲਗਾਉਣ ਲਈ 2 ਲੱਖ ਰੁਪਏ ਖਰਚ ਆਉਣ ਦੀ ਗੱਲ ਕਹੀ ਜਿਸ ਦੇ ਤਹਿਤ ਉਨ੍ਹਾਂ ਨੇ ਇਕ ਲੱਖ ਰੂਪਏ ਆਪਣੇ ਰਿਸ਼ਤੇਦਾਰਾਂ ਤੋਂ ਇਕੱਠੇ ਕਰਕੇ ਪਹਿਲਾਂ ਦੇ ਦਿੱਤੇ ਅਤੇ ਬਾਕੀ ਦੇ ਇਕ ਲੱਖ ਰੁਪਏ ਨੌਕਰੀ ਦਵਾਉਣ ਤੋਂ ਬਾਅਦ ਦੇਣ ਦੀ ਗੱਲ ਤੈਅ ਹੋਈ। ਭਾਨ ਸਿੰਘ ਨੇ ਦੋਸ਼ ਲਗਾਇਆ ਕਿ ਪ੍ਰਸ਼ੋਤਮ ਸਿੰਘ ਨੇ ਨਾ ਹੀ ਉਸ ਦੇ ਲੜਕੇ ਨੂੰ ਨੌਕਰੀ ਲਗਵਾਇਆ ਅਤੇ ਨਾ ਹੀ ਉਨ੍ਹਾਂ ਵੱਲੋਂ ਦਿੱਤੇ ਇਕ ਲੱਖ ਰੁਪਏ ਉਨ੍ਹਾਂ ਨੂੰ ਵਾਪਸ ਕੀਤੇ ਹਨ। ਭਾਨ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਹੁਸ਼ਿਆਰ ਸਿੰਘ ਲਾਡੀ ਦੀ 16 ਅਗਸਤ 2019 ਨੂੰ ਮੌਤ ਹੋ ਗਈ ਹੈ। ਜ਼ਿਲ੍ਹਾ ਪੁਲਸ ਮੁਖੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਥਾਨਕ ਪੁਲਿਸ ਨੇ ਭਾਨ ਸਿੰਘ ਦੀ ਸ਼ਿਕਾਇਤ 'ਤੇ ਉਸ ਦੇ ਪੁੱਤਰ ਹੁਸ਼ਿਆਰ ਸਿੰਘ ਲਾਡੀ ਨੂੰ ਪੀ.ਜੀ.ਆਈ ਘਾਬਦਾ ਵਿਖੇ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ 2 ਲੱਖ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਹੇਠ ਪ੍ਰਸ਼ੋਤਮ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਫੱਗੂਵਾਲਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸੰਬੰਧੀ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਸਭ ਝੂਠ ਦਾ ਪੁਲੰਦਾ ਹੈ ਅਤੇ ਇਹ ਮੇਰੇ ਰਾਜਸੀ ਜੀਵਨ ਵਿਚ ਖੜੋਤ ਪਾਉਣ ਲਈ ਇਕ ਸਾਜਿਸ਼ ਤਹਿਤ ਝੁਠਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਾ ਹੀ ਮੇਰਾ ਪੀ.ਜੀ.ਆਈ ਘਾਬਦਾ ਨਾਲ ਕੋਈ ਸੰਬੰਧ ਹੈ ਅਤੇ ਨਾ ਹੀ ਮੈਂ ਕਿਸੇ ਵਿਅਕਤੀ ਤੋਂ ਪੀ.ਜੀ.ਆਈ ਘਾਬਦਾ ਵਿਖੇ ਨੌਕਰੀ ਦਵਾਉਣ ਲਈ ਕਹਿ ਕੇ ਕੋਈ ਪੈਸੇ ਲਏ ਹਨ ਉਨ੍ਹਾਂ ਕਿਹਾ ਕਿ ਮੈਂ ਵੀ ਆਪਣੇ ਪੱਖ ਨੂੰ ਲੈ ਕੇ ਮਾਨਯੋਗ ਕੋਰਟ ਵਿਚ ਜਾਵਾਂਗਾ।


Harinder Kaur

Content Editor

Related News