ਔਰਤ ਨਾਲ ਜਬਰ-ਜ਼ਨਾਹ ਕਰਨ ਵਾਲੇ ਖਿਲਾਫ ਮਾਮਲਾ ਦਰਜ
Wednesday, Sep 13, 2017 - 01:14 AM (IST)
ਬੱਧਨੀ ਕਲਾਂ, (ਬੱਬੀ)- ਸਥਾਨਕ ਪੁਲਸ ਵੱਲੋਂ ਇਕ ਵਿਆਹੁਤਾ ਔਰਤ ਨਾਲ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਨ ਦਾ ਪਤਾ ਲੱਗਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ 10 ਸਾਲ ਪਹਿਲਾਂ ਪਿੰਡ ਕਾਉਂਕੇ ਕਲਾਂ ਵਿਖੇ ਵਿਆਹ ਹੋਇਆ ਸੀ, ਜਿੱਥੇ ਉਸ ਦੇ ਘਰ 3 ਬੱਚੇ ਵੀ ਹੋਏ ਪਰ 6 ਮਹੀਨੇ ਪਹਿਲਾਂ ਉਸ ਦਾ ਆਪਣੇ ਸਹੁਰਿਆਂ ਨਾਲ ਝਗ਼ੜਾ ਹੋ ਗਿਆ, ਜਿਸ 'ਤੇ ਉਹ ਆਪਣੇ ਪੇਕੇ ਪਿੰਡ ਆ ਗਈ, ਜਿੱਥੇ ਪਿੰਡ ਡਾਂਗੀਆਂ ਦਾ ਇਕ ਵਿਅਕਤੀ ਪਹਿਲਾਂ ਤੋਂ ਹੀ ਸਾਡੇ ਘਰ ਆਉਂਦਾ-ਜਾਂਦਾ ਸੀ।
ਇਕ ਦਿਨ ਉਹ ਮੈਨੂੰ ਬਠਿੰਡਾ ਸ਼ਹਿਰ ਘੁਮਾਉਣ ਦਾ ਬਹਾਨਾ ਬਣਾ ਕੇ ਲੈ ਗਿਆ, ਜਿੱਥੇ ਉਸ ਨੇ ਕਮਰਾ ਕਿਰਾਏ 'ਤੇ ਲੈ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਜਦੋਂ ਮੈਂ ਉਸ ਨੂੰ ਆਪਣੇ ਪੇਕੇ ਘਰ ਜਾਣ ਲਈ ਕਹਿੰਦੀ ਤਾਂ ਉਹ ਧੱਕੇ ਨਾਲ ਮੈਨੂੰ ਰੋਕ ਲੈਂਦਾ ਸੀ ਪਰ ਇਕ ਦਿਨ ਉਹ ਮੈਨੂੰ ਇਕੱਲੀ ਨੂੰ ਛੱਡ ਕੇ ਭੱਜ ਗਿਆ ਅਤੇ ਮੈਂ ਬੜੀ ਮੁਸ਼ਕਿਲ ਨਾਲ ਆਪਣੇ ਪੇਕੇ ਘਰ ਪਹੁੰਚੀ।
ਪੀੜਤ ਔਰਤ ਨੇ ਪੁਲਸ ਨੂੰ ਦੱਸਿਆ ਕਿ ਪਹਿਲਾਂ ਤਾਂ ਮੈਂ ਡਰਦੀ ਰਹੀ ਤੇ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ ਪਰ ਇਕ ਦਿਨ ਉਸ ਦੀ ਭੂਆ ਉਨ੍ਹਾਂ ਦੇ ਘਰ ਮਿਲਣ ਲਈ ਆਈ ਤਾਂ ਉਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ, ਜਿਸ 'ਤੇ ਮੇਰੀ ਭੂਆ ਮੈਨੂੰ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਹਸਪਤਾਲ 'ਚ ਦਾਖਲ ਕਰ ਲਿਆ।
ਪੁਲਸ ਨੇ ਪੀੜਤ ਔਰਤ ਦੇ ਬਿਆਨਾਂ 'ਤੇ ਕੁਲਦੀਪ ਸਿੰਘ ਪੁੱਤਰ ਅਮਰ ਸਿੰਘ ਵਾਸੀ ਡਾਂਗੀਆਂ ਜ਼ਿਲਾ ਲੁਧਿਆਣਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
