ਕਾਰ ਤੇ ਕੈਂਟਰ ਦੀ ਜ਼ਬਰਦਸਤ ਟੱਕਰ ''ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ
Sunday, Aug 04, 2019 - 06:56 PM (IST)

ਭੀਖੀ (ਸੰਦੀਪ ਜਿੰਦਲ) : ਇਥੋਂ ਦੀ ਅਨਾਜ ਮੰਡੀ ਕੋਲ ਐਤਵਾਰ ਦੁਪਹਿਰ ਆਲਟੋ ਕਾਰ ਅਤੇ ਕੈਂਟਰ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ ਵਿਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਾਰ ਵਿਚ ਤਿੰਨ ਲੋਕ ਸਵਾਰ ਸਨ ਅਤੇ ਉਹ ਸਾਲਾਸਰ ਧਾਮ ਰਾਜਸਥਾਨ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਇਸ ਦੌਰਾਨ ਜਦੋਂ ਉਹ ਭੀਖੀ ਦੀ ਅਨਾਜ ਮੰਡੀ ਦੇ ਸਾਹਮਣਿਓਂ ਲੰਘਣ ਲੱਗੇ ਤਾਂ ਅੱਗੋਂ ਆ ਰਹੇ ਫੀਡ ਵਾਲੇ ਕੈਂਟਰ ਨਾਲ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
ਇਸ ਹਾਦਸੇ ਵਿਚ ਕਾਰ ਸਵਾਰ ਤਿੰਨੇ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਭੀਖੀ ਪੁਲਸ ਦੇ ਸਬ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਵਰਨ ਸਿੰਘ ਪੁੱਤਰ ਕੇਸਰ ਸਿੰਘ (50) ਵਾਸੀ ਦੌਲਤਪੁਰਾ, ਉਸਦੇ ਪੁੱਤਰ ਮਨਪਿੰਦਰ ਸਿੰਘ ਪੁੱਤਰ ਸਵਰਨ ਸਿੰਘ (25) ਤੇ ਵਿਸ਼ਵਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ (15) ਵਾਸੀ ਗੋਬਿੰਦਗਡ਼੍ਹ ਛੰਨਾ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।