ਤੇਜ਼ ਰਫਤਾਰ ਕਾਰ ਨੇ ਲਈ ਰੇਹੜੀ ਚਾਲਕ ਦੀ ਜਾਨ

12/22/2017 5:48:17 AM

ਮੋਹਾਲੀ, (ਰਾਣਾ)- ਫੇਜ਼-10 ਦੀ ਰੋਡ 'ਤੇ ਇਕ ਤੇਜ਼ ਰਫਤਾਰ ਕਾਰ ਨੇ ਸੜਕ 'ਤੇ ਜਾ ਰਹੇ ਰੇਹੜੀ ਚਾਲਕ ਨੂੰ ਟੱਕਰ ਮਾਰ ਦਿੱਤੀ ਤੇ ਕਾਫ਼ੀ ਦੂਰੀ ਤਕ ਉਸ ਨੂੰ ਘੜੀਸਦੇ ਹੋਏ ਲੈ ਗਈ। ਰੇਹੜੀ ਚਾਲਕ ਨੂੰ ਉਸ ਦੇ ਮਾਮੇ ਨੇ ਚੁੱਕਿਆ ਤੇ ਨੇੜੇ ਪੈਂਦੇ ਫੇਜ਼-8 ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਇਲਾਜ ਦੇ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਉਥੇ ਹੀ ਪੁਲਸ ਨੇ ਚਾਲਕ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਗੱਡੀ ਕਬਜ਼ੇ ਵਿਚ ਲੈ ਲਈ ਹੈ । ਪੁਲਸ ਨੇ ਦੱਸਿਆ ਕਿ ਗੱਡੀ ਚੰਡੀਗੜ੍ਹ ਨੰਬਰ ਦੀ ਸੀ ਤੇ ਉਸ ਨੂੰ ਇਕ ਔਰਤ ਚਲਾ ਰਹੀ ਸੀ ।  
ਮਾਮੇ ਨਾਲ ਜਾ ਰਿਹਾ ਸੀ ਫੇਰੀ ਲਾਉਣ
ਪੁਲਸ ਨੇ ਦੱਸਿਆ ਕਿ ਮੁਹੰਮਦ ਸ਼ਮਸ਼ਾਦ (26) ਰੇਹੜੀ 'ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ । ਉਹ ਆਪਣੇ ਮਾਮੇ ਨਾਲ ਰੇਹੜੀ ਲੈ ਕੇ ਸੋਹਾਣਾ ਤੋਂ ਫੇਜ਼-10 ਵੱਲ ਜਾ ਰਿਹਾ ਸੀ । ਉਸ ਦਾ ਮਾਮਾ ਪਿੱਛੇ ਆਪਣੀ ਰੇਹੜੀ ਲੈ ਕੇ ਆ ਰਿਹਾ ਸੀ । ਜਿਵੇਂ ਹੀ ਮੁਹੰਮਦ ਸ਼ਮਸ਼ਾਦ ਸੈਕਟਰ-66 'ਚ ਪੁੱਜਣ ਲੱਗਾ ਕਿ ਪਿੱਛੋਂ ਇਕ ਤੇਜ਼ ਰਫਤਾਰ ਕਾਰ ਆਈ ਤੇ ਉਸ ਦੀ ਰੇਹੜੀ ਨੂੰ ਟੱਕਰ ਮਾਰ ਦਿੱਤੀ । ਟੱਕਰ ਲੱਗਣ ਨਾਲ ਸ਼ਮਸ਼ਾਦ ਰੇਹੜੀ ਸਮੇਤ ਕਾਰ ਵਿਚ ਫਸ ਗਿਆ ਤੇ ਕਾਰ ਉਸ ਨੂੰ ਕਾਫ਼ੀ ਦੂਰੀ ਤਕ ਘੜੀਸ ਕੇ ਲੈ ਗਈ। ਉਸ ਦਾ ਮਾਮਾ ਪਿੱਛੋਂ ਰੌਲਾ ਪਾ ਰਿਹਾ ਸੀ ਪਰ ਕਾਰ ਚਾਲਕ ਔਰਤ ਨੇ ਕਾਰ ਨਹੀਂ ਰੋਕੀ ਤੇ ਕਾਫ਼ੀ ਦੂਰੀ 'ਤੇ ਜਾ ਕੇ ਰੇਹੜੀ ਕਾਰ ਤੋਂ ਵੱਖ ਹੋਈ ਤੇ ਸ਼ਮਸ਼ਾਦ ਇਕ ਰੁੱਖ ਨਾਲ ਜਾ ਟਕਰਾਇਆ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਗੱਡੀ ਨੂੰ ਮੌਕੇ ਤੋਂ ਹੀ ਕਬਜ਼ੇ ਵਿਚ ਲੈ ਲਿਆ ਹੈ, ਜੋ ਥਾਣੇ ਵਿਚ ਖੜ੍ਹੀ ਹੈ । ਔਰਤ ਦੀ ਪਛਾਣ ਕਰ ਲਈ ਗਈ ਹੈ ਤੇ ਛੇਤੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News