ਪੰਜਾਬ ''ਚ ਇਕ ਵਾਰ ਫਿਰ ਚੋਣ ਘਮਸਾਨ: ਜਲੰਧਰ ਵੈਸਟ ਜ਼ਿਮਨੀ ਚੋਣ ’ਚ ਡਟਣਗੀਆਂ ਹੁਣ ਸਾਰੀਆਂ ਸਿਆਸੀ ਧਿਰਾਂ

06/13/2024 4:20:08 PM

ਜਲੰਧਰ (ਧਵਨ)-ਪੰਜਾਬ ਵਿਚ ਇਕ ਵਾਰ ਫਿਰ ਤੋਂ ਚੋਣ ਘਮਸਾਨ ਹੋਣ ਜਾ ਰਿਹਾ ਹੈ। ਚੋਣ ਕਮਿਸ਼ਨ ਨੇ ਜਲੰਧਰ ਪੱਛਮੀ (ਵੈਸਟ) ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ 10 ਜੁਲਾਈ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ। ਚੋਣ ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ।
ਜਲੰਧਰ ਪੱਛਮੀ ਵਿਧਾਨ ਸਭਾ ਸੀਟ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਤੋਂ ਬਾਅਦ ਖ਼ਾਲੀ ਹੋ ਗਈ ਸੀ। ਹੁਣ ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਉਪ-ਚੋਣ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਵੀ ਅਗਲੇ ਕੁਝ ਦਿਨਾਂ ’ਚ ਇਸ ਚੋਣ ਲਈ ਡਟਦੀਆਂ ਵਿਖਾਈ ਦੇਣਗੀਆਂ।

ਇਹ ਵੀ ਪੜ੍ਹੋ-ਮੁਕੇਰੀਆਂ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਿਤਾ ਦੇ ਭੋਗ ਤੋਂ ਬਾਅਦ ASI ਪੁੱਤਰ ਦੀ ਹੋ ਗਈ ਮੌਤ

ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਚੋਣ ਦਾ ਨੋਟੀਫਿਕੇਸ਼ਨ ਜਾਰੀ ਹੁੰਦੇ ਸਾਰ ਹੀ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੇ ਕੈਬਨਿਟ ਸਾਥੀ, ਸਾਰੇ ਵਿਧਾਇਕ ਅਤੇ ਚੇਅਰਮੈਨ ਜਲੰਧਰ ਵਿਚ ਡੇਰਾ ਲਾ ਲੈਣਗੇ। ਸਾਰੀਆਂ ਸਿਆਸੀ ਪਾਰਟੀਆਂ ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਉਮੀਦਵਾਰਾਂ ਦਾ ਐਲਾਨ ਹੁੰਦੇ ਸਾਰ ਹੀ ਸਾਰੇ ਆਗੂਆਂ ਦੀਆਂ ਡਿਊਟੀਆਂ ਜਲੰਧਰ ਪੱਛਮੀ ਵਿਚ ਲੱਗ ਜਾਣਗੀਆਂ। ਜਲੰਧਰ ਪੱਛਮੀ ਵਿਧਾਨ ਸਭਾ ਸੀਟ ਸਾਰੀਆਂ ਸਿਆਸੀ ਪਾਰਟੀਆਂ ਲਈ ਅਹਿਮ ਹੈ। ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਇਕ ਪਾਸੇ ਜਲੰਧਰ ਪੱਛਮੀ ਸੀਟ ਜਿੱਤ ਕੇ ਲੋਕ ਸਭਾ ਸੀਟ ’ਤੇ ਮਿਲੀ ਹਾਰ ਤੋਂ ਬਾਅਦ ਪਾਰਟੀ ਵਾਲੰਟੀਅਰਾਂ ਅਤੇ ਆਗੂਆਂ ਦਾ ਮਨੋਬਲ ਵਧਾਉਣਾ ਚਾਹੁੰਦੇ ਹਨ, ਤਾਂ ਦੂਜੇ ਪਾਸੇ ਕਾਂਗਰਸ ਦੀ ਕੋਸ਼ਿਸ਼ ਹੋਵੇਗੀ ਕਿ ਉਹ ਇਸ ਉਪ-ਚੋਣ ਨੂੰ ਜਿੱਤੇ ਤਾਂ ਕਿ ਉਸ ਦਾ ਦਬਦਬਾ ਸੂਬੇ ਦੀ ਸਿਆਸਤ ’ਚ ਬਣਿਆ ਰਹੇ।

ਦੂਜੇ ਪਾਸੇ ਭਾਜਪਾ ਵੀ ਜ਼ਿਮਨੀ ਚੋਣ ਜਿੱਤਣਾ ਚਾਹੇਗੀ। ਲੋਕ ਸਭਾ ਚੋਣਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਜਲੰਧਰ ਪੱਛਮੀ ’ਚ ਕਾਂਗਰਸ ਨੂੰ ਕਰੀਬ 2000 ਵੋਟਾਂ ’ਤੇ ਵੱਧ ਦੀ ਲੀਡ ਹਾਸਲ ਹੋਈ ਸੀ। ਦੂਜੇ ਸਥਾਨ ’ਤੇ ਭਾਜਪਾ ਰਹੀ ਅਤੇ ਤੀਜੇ ਨੰਬਰ ’ਤੇ ਆਮ ਆਦਮੀ ਪਾਰਟੀ।
ਇਨ੍ਹਾਂ ਅੰਕੜਿਆਂ ਨੂੰ ਬਦਲਣ ਦੀ ਮੁੱਖ ਮੰਤਰੀ ਪੂਰੀ ਕੋਸ਼ਿਸ਼ ਕਰਨਗੇ । ਸੱਤਾ ’ਚ ਆਉਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੂੰ ਤੀਜੀ ਵਾਰ ਜ਼ਿਮਨੀ ਚੋਣ ਦਾ ਸਾਹਮਣਾ ਕਰਨਾ ਪਵੇਗਾ। ਪਹਿਲੀ ਜ਼ਿਮਨੀ ਚੋਣ ਸੰਗਰੂਰ ਲੋਕ ਸਭਾ ਸੀਟ ਲਈ ਹੋਈ ਸੀ ਅਤੇ ਉਸ ਤੋਂ ਬਾਅਦ ਜਲੰਧਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਹੋਈ ਸੀ। ਇਨ੍ਹਾਂ ’ਚ ਸੰਗਰੂਰ ਤੋਂ ‘ਆਪ’ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਜਲੰਧਰ ਸੀਟ ’ਤੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਹੁਣ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਵਿਚ ਸੰਗਰੂਰ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ, ਜਦਕਿ ਜਲੰਧਰ ਸੀਟ ਕਾਂਗਰਸ ਨੇ ਜਿੱਤੀ ਸੀ। ਹੁਣ ਤੀਜੀ ਜ਼ਿਮਨੀ ਚੋਣ ਵਿਧਾਨ ਸਭਾ ਸੀਟ ਜਲੰਧਰ ਪੱਛਮੀ ਲਈ ਹੋਵੇਗੀ। ਜ਼ਿਮਨੀ ਚੋਣ ਦਾ ਨਤੀਜਾ ਪੰਜਾਬ ਦੀ ਸਿਆਸਤ ’ਤੇ ਅਸਰ ਪਾਵੇਗਾ।

ਇਹ ਵੀ ਪੜ੍ਹੋ- ਫਗਵਾੜਾ ਨੇੜੇ ਵੱਡੀ ਘਟਨਾ, 'ਵੰਦੇ ਭਾਰਤ ਐਕਸਪ੍ਰੈੱਸ ਟਰੇਨ' 'ਤੇ ਹੋਇਆ ਪਥਰਾਅ, ਦਹਿਸ਼ਤ 'ਚ ਯਾਤਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News