ਚੋਣ ਨਤੀਜਿਆਂ ’ਤੇ ਬੇਯਕੀਨੀ ਵਿਚਾਲੇ FPI ਨੇ ਮਈ ’ਚ ਸ਼ੇਅਰਾਂ ’ਚੋਂ 25,586 ਕਰੋੜ ਰੁਪਏ ਕੱਢੇ

Monday, Jun 03, 2024 - 11:17 AM (IST)

ਚੋਣ ਨਤੀਜਿਆਂ ’ਤੇ ਬੇਯਕੀਨੀ ਵਿਚਾਲੇ FPI ਨੇ ਮਈ ’ਚ ਸ਼ੇਅਰਾਂ ’ਚੋਂ 25,586 ਕਰੋੜ ਰੁਪਏ ਕੱਢੇ

ਨਵੀਂ ਦਿੱਲੀ (ਭਾਸ਼ਾ) – ਆਮ ਚੋਣਾਂ ਦੇ ਨਤੀਜਿਆਂ ਸਬੰਧੀ ਬੇਯਕੀਨੀ ਅਤੇ ਚੀਨ ਦੇ ਬਾਜ਼ਾਰਾਂ ਦੀ ਬਿਹਤਰ ਕਾਰਗੁਜ਼ਾਰੀ ਕਾਰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਮਈ ’ਚ ਭਾਰਤੀ ਸ਼ੇਅਰਾਂ ’ਚੋਂ 25,586 ਕਰੋੜ ਰੁਪਏ ਦੀ ਭਾਰੀ ਨਿਕਾਸੀ ਕੀਤੀ। ਇਹ ਨਿਕਾਸੀ ਮਾਰੀਸ਼ਸ ਦੇ ਨਾਲ ਭਾਰਤ ਦੇ ਟੈਕਸ ਸਮਝੌਤੇ ਵਿਚ ਤਬਦੀਲੀ ਅਤੇ ਅਮਰੀਕੀ ਬਾਂਡ ਪ੍ਰਤੀਫਲ ਵਿਚ ਲਗਾਤਾਰ ਵਾਧੇ ਦੀਆਂ ਚਿੰਤਾਵਾਂ ਕਾਰਨ ਅਪ੍ਰੈਲ ਦੇ 8700 ਕਰੋੜ ਰੁਪਏ ਤੋਂ ਵੱਧ ਦੇ ਸ਼ੁੱਧ ਨਿਕਾਸੀ ਦੇ ਅੰਕੜੇ ਨਾਲੋਂ ਕਿਤੇ ਵੱਧ ਹੈ।

ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ ਐੱਫ. ਪੀ. ਆਈ. ਨੇ ਮਾਰਚ ’ਚ ਸ਼ੇਅਰਾਂ ਵਿਚ 35,098 ਕਰੋੜ ਰੁਪਏ ਅਤੇ ਫਰਵਰੀ ਵਿਚ 1,539 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ। ਇਸੇ ਤਰ੍ਹਾਂ ਜਨਵਰੀ ਵਿਚ ਉਨ੍ਹਾਂ ਸ਼ੇਅਰਾਂ ’ਚੋਂ 25,743 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਆਮ ਚੋਣਾਂ ਦੇ ਨਤੀਜੇ 4 ਜੂਨ ਨੂੰ ਆਉਣੇ ਹਨ। ਇਸ ਨਾਲ ਨੇੜ ਭਵਿੱਖ ਵਿਚ ਭਾਰਤੀ ਬਾਜ਼ਾਰ ’ਚ ਐੱਫ. ਪੀ. ਆਈ. ਦੇ ਪ੍ਰਵਾਹ ਦੀ ਦਿਸ਼ਾ ਤੈਅ ਹੋਵੇਗੀ। ਜਿਓਜੀਤ ਫਾਇਨਾਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵਿਜੇ ਕੁਮਾਰ ਨੇ ਕਿਹਾ ਕਿ ਮੱਧ ਮਿਆਦ ’ਚ ਅਮਰੀਕੀ ਵਿਆਜ ਦਰਾਂ ਐੱਫ. ਪੀ. ਆਈ. ਪ੍ਰਵਾਹ ’ਤੇ ਜ਼ਿਆਦਾ ਅਸਰ ਪਾਉਣਗੀਆਂ।

ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਮਈ ਵਿਚ ਸ਼ੇਅਰਾਂ ਵਿਚੋਂ ਸ਼ੁੱਧ ਤੌਰ ’ਤੇ 25,586 ਕਰੋੜ ਰੁਪਏ ਕੱਢੇ ਹਨ। ਵਾਟਰਫੀਲਡ ਐਡਵਾਈਜ਼ਰਜ਼ ਦੇ ਡਾਇਰੈਕਟਰ-ਸੂਚੀਬੱਧ ਨਿਵੇਸ਼ ਵਿਪੁਲ ਭੋਵਰ ਨੇ ਕਿਹਾ ਕਿ ਮੁਕਾਬਲਤਨ ਉੱਚੇ ਮੁਲਾਂਕਣ ਅਤੇ ਖਾਸ ਤੌਰ ’ਤੇ ਵਿੱਤੀ ਤੇ ਆਈ. ਟੀ. ਕੰਪਨੀਆਂ ਦੇ ਕਮਜ਼ੋਰ ਤਿਮਾਹੀ ਨਤੀਜਿਆਂ ਦੇ ਨਾਲ ਸਿਆਸੀ ਬੇਯਕੀਨੀ ਕਾਰਨ ਐੱਫ. ਪੀ. ਆਈ. ਭਾਰਤੀ ਸ਼ੇਅਰਾਂ ’ਚੋਂ ਨਿਕਾਸੀ ਕਰ ਰਹੇ ਹਨ। ਇਸ ਤੋਂ ਇਲਾਵਾ ਚੀਨ ਦੇ ਬਾਜ਼ਾਰਾਂ ਪ੍ਰਤੀ ਐੱਫ. ਪੀ. ਆਈ. ਦੇ ਆਕਰਸ਼ਣ ਕਾਰਨ ਵੀ ਐੱਫ. ਪੀ. ਆਈ. ਭਾਰਤੀ ਸ਼ੇਅਰਾਂ ਵਿਚੋਂ ਪੈਸਾ ਕੱਢ ਰਹੇ ਹਨ। ਵਿਜੇ ਕੁਮਾਰ ਨੇ ਕਿਹਾ ਕਿ ਐੱਫ. ਪੀ. ਆਈ. ਦੀ ਬਿਕਵਾਲੀ ਦਾ ਮੁੱਖ ਕਾਰਨ ਚੀਨ ਦੇ ਸ਼ੇਅਰਾਂ ਦੀ ਬਿਹਤਰ ਕਾਰਗੁਜ਼ਾਰੀ ਰਿਹਾ ਹੈ।

 


author

Harinder Kaur

Content Editor

Related News