ਚਰਨਜੀਤ ਚੰਨੀ ਅਤੇ ਪਵਨ ਕੁਮਾਰ ਟੀਨੂੰ ਨਾਲ ਮੁਕਾਬਲੇ ’ਤੇ ਬੋਲੇ ਸੁਸ਼ੀਲ ਰਿੰਕੂ

Thursday, May 30, 2024 - 06:09 PM (IST)

ਚਰਨਜੀਤ ਚੰਨੀ ਅਤੇ ਪਵਨ ਕੁਮਾਰ ਟੀਨੂੰ ਨਾਲ ਮੁਕਾਬਲੇ ’ਤੇ ਬੋਲੇ ਸੁਸ਼ੀਲ ਰਿੰਕੂ

ਜਲੰਧਰ ਲੋਕ ਸਭਾ ਸੀਟ ’ਤੇ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਆਦਮਪੁਰ ਦੇ ਏਅਰਪੋਰਟ ਤੋਂ ਕੌਮਾਂਤਰੀ ਪੱਧਰ ਦੀਆਂ ਉਡਾਣਾਂ ਸ਼ੁਰੂ ਕਰੇਗੀ ਅਤੇ ਇਸ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਰੱਖਿਆ ਜਾਵੇਗਾ। ਇਸਦੇ ਨਾਲ ਹੀ ਸ਼ਹਿਰ ’ਚ ਏਮਜ਼ ਸੈਟੇਲਾਈਟ ਸੈਂਟਰ ਦੀ ਵੀ ਸਥਾਪਨਾ ਕੀਤੀ ਜਾਵੇਗੀ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਰਿੰਕੂ ਨੇ ਜਲੰਧਰ ਦੇ ਵਿਕਾਸ ਲਈ ਆਪਣਾ ਵਿਜ਼ਨ ਵੀ ਪੇਸ਼ ਕੀਤਾ। ਪੇਸ਼ ਹਨ ਸੁਸ਼ੀਲ ਰਿੰਕੂ ਨਾਲ ਹੋਈ ਗੱਲਬਾਤ :

ਸਵਾਲ : 1 ਜੂਨ ਨੂੰ ਵੋਟਿੰਗ ਦਾ ਦਿਨ ਹੈ, ਤੁਹਾਡਾ ਪ੍ਰਚਾਰ ਕਿਸ ਦਿਸ਼ਾ ’ਚ ਚੱਲ ਰਿਹਾ ਹੈ?
ਜਵਾਬ : ਚੋਣ ਪ੍ਰਚਾਰ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ ਅਤੇ ਪ੍ਰਚਾਰ ਦਾ ਹਰ ਤਰੀਕਾ ਅਪਣਾਇਆ ਜਾ ਰਿਹਾ ਹੈ। ਹਰ ਥਾਂ ਜਾਣਾ ਪੈਂਦਾ ਹੈ। ਲੋਕਾਂ ਨੂੰ ਘਰ-ਘਰ ਜਾ ਕੇ ਮਿਲਣ ਤੋਂ ਲੈ ਕੇ ਜਿੰਨਾ ਸੰਭਵ ਹੋ ਸਕੇ, ਓਨੇ ਸਾਧਨਾਂ ਦੀ ਵਰਤੋਂ ਮੁਹਿੰਮ ਵਿਚ ਕੀਤੀ ਜਾ ਰਹੀ ਹੈ। ਚੋਣ ਪ੍ਰਚਾਰ ਚੰਗਾ ਚੱਲ ਰਿਹਾ ਹੈ ਅਤੇ ਸਾਰਿਆਂ ਦਾ ਭਰਪੂਰ ਸਮਰਥਨ ਵੀ ਮਿਲ ਰਿਹਾ ਹੈ। ਭਾਜਪਾ ਦੇ ਸਾਰੇ ਸੀਨੀਅਰ ਨੇਤਾਵਾਂ, ਆਗੂਆਂ ਅਤੇ ਵਰਕਰਾਂ ਦਾ ਭਾਵੇਂ ਉਹ ਜ਼ਿਲਾ ਪੱਧਰ ਦਾ ਹੋਵੇ ਜਾਂ ਸੂਬਾ ਪੱਧਰ ਦਾ, ਸਮਰਥਨ ਮਿਲ ਰਿਹਾ ਹੈ। ਮੇਰੇ ਨਾਲ ਜੋ ਟੀਮ ਆਈ ਸੀ, ਉਸਦਾ ਤਾਲਮੇਲ ਬਹੁਤ ਚੰਗਾ ਹੈ ਅਤੇ ਜੋ ਟੀਮ ਮੇਰੇ ਨਾਲ ਕੰਮ ਕਰ ਰਹੀ ਹੈ, ਉਹ ਵੀ ਬਹੁਤ ਚੰਗਾ ਕੰਮ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਪੰਜਾਬ ’ਚ ਸਖ਼ਤੀ, ਨਿਗਰਾਨੀ ਵਧਾਉਣ ਦੇ ਨਿਰਦੇਸ਼

ਸਵਾਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਡੇ ਹੱਕ ਵਿਚ ਪ੍ਰਚਾਰ ਕਰਨ ਆਏ ਸਨ, ਉਨ੍ਹਾਂ ਦਾ ਜ਼ਮੀਨੀ ਪੱਧਰ ’ਤੇ ਕੀ ਪ੍ਰਭਾਵ ਪਿਆ ਹੈ?
ਜਵਾਬ : ਜਿਸ ਦਿਨ ਨਰਿੰਦਰ ਮੋਦੀ ਜੀ ਦੀ ਇਥੇ ਰੈਲੀ ਸੀ, ਉਸ ਦਿਨ ਬਹੁਤ ਗਰਮੀ ਸੀ। ਉਸ ਦਿਨ ਉਸ ਰੈਲੀ ਵਿਚ ਪ੍ਰਧਾਨ ਮੰਤਰੀ ਨੂੰ ਸੁਣਨ ਲਈ ਜੋ ਪਰਿਵਾਰ, ਡਾਕਟਰ ਅਤੇ ਬਿਜ਼ਨੈੱਸਮੈਨ ਆਏ ਸਨ, ਉਨ੍ਹਾਂ ਨੇ 2-2 ਘੰਟਿਆਂ ਤਕ ਉਡੀਕ ਕੀਤੀ। ਉਥੇ ਮੌਜੂਦ ਸਕਿਓਰਿਟੀ ਨੇ ਉਨ੍ਹਾਂ ਨੂੰ ਪਾਣੀ ਦੀ ਵਿਵਸਥਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਸਦੇ ਬਾਵਜੂਦ ਲੋਕਾਂ ਦੀ ਭਾਰੀ ਭੀੜ ਅੰਦਰ ਬੈਠੀ ਸੀ ਅਤੇ ਜਦੋਂ ਪੀ. ਐੱਮ. ਦੀ ਸਪੀਚ ਸੀ ਤਾਂ ਲੋਕਾਂ ਨੇ ਖੂਬ ਤਾੜੀਆਂ ਵਜਾਈਆਂ। ਜਲੰਧਰ ਦੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਆਪਣੇ ਨੇਤਾ ਦਾ ਸਵਾਗਤ ਕੀਤਾ। ਮੈਨੂੰ ਲੱਗਦਾ ਹੈ ਕਿ ਪੀ. ਐੱਮ. ਸਾਹਿਬ ਦੇ ਦੌਰੇ ਤੋਂ ਬਾਅਦ ਜਲੰਧਰ ਵਿਚ ਜੋ ਸਾਡੇ ਵਰਕਰ ਹਨ ਜਾਂ ਜੋ ਪ੍ਰਧਾਨ ਮੰਤਰੀ ਜੀ ਨੂੰ ਚਾਹੁੰਦੇ ਹਨ, ਉਹ ਪੂਰੀ ਤਰ੍ਹਾਂ ਉਤਸ਼ਾਹਿਤ ਹਨ ਅਤੇ ਇਕ ਵੱਡਾ ਬਦਲਾਅ ਵੀ ਦੇਖਣ ਨੂੰ ਮਿਲ ਰਿਹਾ ਹੈ।

ਸਵਾਲ : ਕਿਸਾਨ ਲਗਾਤਾਰ ਭਾਜਪਾ ਦਾ ਵਿਰੋਧ ਕਰ ਰਹੇ ਹਨ, ਤੁਹਾਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਇਸਦਾ ਕਿੰਨਾ ਅਸਰ ਹੋਵੇਗਾ?
ਜਵਾਬ : ਅੱਜ ਜਲੰਧਰ ਦੇ ਕਿਸਾਨ ਆਏ ਸਨ। ਉਨ੍ਹਾਂ ਦੇ ਇਕ ਨੇਤਾ ਸਲਵਿੰਦਰ ਿਸੰਘ ਜਾਨੀਆ ਹਨ, ਜੋ ਸ਼ਾਹਕੋਟ ਹਲਕੇ ਨਾਲ ਸਬੰਧਤ ਹਨ, ਉਨ੍ਹਾਂ ਦੀ ਅਗਵਾਈ ’ਚ ਅੱਜ ਇਥੇ ਧਰਨਾ ਦਿੱਤਾ ਗਿਆ। ਉਨ੍ਹਾਂ ਨਾਲ ਬਹੁਤ ਚੰਗੀ ਗੱਲਬਾਤ ਹੋਈ। ਉਹ ਵੀ ਇਨਸਾਨ ਹਨ, ਉਨ੍ਹਾਂ ਨੂੰ ਵੀ ਭੁੱਖ-ਪਿਆਸ ਲੱਗਦੀ ਹੈ, ਇਸ ਲਈ ਅਸੀਂ ਉਨ੍ਹਾਂ ਨੂੰ ਪਾਣੀ ਪਿਲਾਇਆ ਅਤੇ ਉਨ੍ਹਾਂ ਦੀ ਸੇਵਾ ਕੀਤੀ। ਉਹ ਵੀ ਸਾਡੇ ਵਾਂਗ ਹਨ। ਮੈਂ ਵੀ ਇਕ ਮਜ਼ਦੂਰ ਵਰਗ ਦੇ ਪਰਿਵਾਰ ਤੋਂ ਆਉਂਦਾ ਹਾਂ। ਮੈਂ ਅਤੇ ਮੇਰੇ ਪਿਤਾ ਹਮੇਸ਼ਾ ਮਜ਼ਦੂਰਾਂ ਲਈ ਲੜੇ ਹਾਂ ਅਤੇ ਹਮੇਸ਼ਾ ਉਨ੍ਹਾਂ ਲਈ ਖੜ੍ਹੇ ਹਾਂ। ਇਸ ਲਈ ਮੈਂ ਉਨ੍ਹਾਂ ਦਾ ਦਰਦ ਸਮਝ ਸਕਦਾ ਹਾਂ, ਬਹੁਤ ਸਹਿਜ ਵਾਤਾਵਰਣ ਵਿਚ ਉਨ੍ਹਾਂ ਨਾਲ ਗੱਲਬਾਤ ਹੋਈ। ਸਭ ਤੋਂ ਪਹਿਲਾਂ ਮੈਂ ਆਪਣੇ ਆਫਿਸ ਵਿਚ ਬੈਠਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਫਿਰ ਮੈਂ ਗਿਆ ਅਤੇ ਉਨ੍ਹਾਂ ਦੀਆਂ ਮੰਗਾਂ ਬਾਰੇ ਗੱਲ ਕੀਤੀ ਅਤੇ ਮੈਂ ਹਮੇਸ਼ਾ ਹਰ ਕਿਸੇ ਦੇ ਅਧਿਕਾਰ ਦੀ ਰੱਖਿਆ ਕੀਤੀ ਹੈ ਅਤੇ ਕਰਦਾ ਰਹਾਂਗਾ।

ਇਹ ਖ਼ਬਰ ਵੀ ਪੜ੍ਹੋ :  ਇਕੱਲੇ ਚੋਣ ਲੜਨਾ ਕਾਫੀ ਚੈਲੇਂਜਿੰਗ ਪਰ ਭਾਜਪਾ ਕਰ ਰਹੀ ਬਿਹਤਰ ਪ੍ਰਫਾਰਮ : ਰਾਕੇਸ਼ ਰਾਠੌਰ

ਸਵਾਲ : ਜਲੰਧਰ ਲਈ ਤੁਹਾਡਾ ਵਿਜ਼ਨ ਕੀ ਹੈ?
ਜਵਾਬ : ਦੋਆਬਾ ਤੋਂ ਲੱਖਾਂ ਲੋਕ ਵਿਦੇਸ਼ ਗਏ ਹੋਏ ਹਨ ਅਤੇ ਜਲੰਧਰ ਦੋਆਬਾ ਦਾ ਕੇਂਦਰ ਹੈ। ਇਥੇ ਆਦਮਪੁਰ ਦੇ ਏਅਰਪੋਰਟ ਤੋਂ ਕੌਮਾਂਤਰੀ ਉਡਾਣਾਂ ਜ਼ਰੂਰੀ ਹਨ। ਇਸ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਰਖਵਾਉਣਾ ਹੈ। ਏਅਰਪੋਰਟ ਦੀ ਕੁਨੈਕਟੀਵਿਟੀ ਦੇਸ਼ ਦੇ ਸਾਰੇ ਹਿੱਸਿਆਂ ਨਾਲ ਕਰਵਾਉਣੀ ਹੈ। ਪ੍ਰਮਾਤਮਾ ਨੇ ਚਾਹਿਆ ਤਾਂ ਜੇਕਰ ਅਸੀਂ ਜਲੰਧਰ ਹਵਾਈ ਅੱਡੇ ਨੂੰ ਕੌਮਾਂਤਰੀ ਅੱਡਾ ਬਣਾਉਣ ਵਿਚ ਸਫਲ ਹੋ ਗਏ ਤਾਂ ਜਲੰਧਰ ਪੂਰੀ ਦੁਨੀਆ ਦੇ ਮਾਨਚਿੱਤਰ ’ਤੇ ਆ ਜਾਵੇਗਾ। ਇਸੇ ਸੋਚ ਨਾਲ ਮੇਰੀ ਨਜ਼ਰ ਜਲੰਧਰ ਵਿਚ ਏਮਜ਼ ਜਾਂ ਪੀ. ਜੀ. ਆਈ. ’ਤੇ ਹੈ। ਜਲੰਧਰ ਵਿਚ ਪਿਮਸ ਦਾ ਬਹੁਤ ਵੱਡਾ ਇਨਫਰਾਸਟਰੱਕਚਰ ਹੈ। ਇਸਦੀ ਸਹੀ ਵਰਤੋਂ ਕਰ ਕੇ ਸਥਾਨਕ ਸਰਕਾਰ ਦੇ ਨਾਲ ਤਾਲਮੇਲ ਕਰ ਕੇ ਏਮਜ਼ ਵਿਚ ਤਬਦੀਲ ਕਰ ਸਕਦੇ ਹਾਂ ਤਾਂ ਜੋ ਜਲੰਧਰ ਦੇ ਲੋਕਾਂ ਨੂੰ ਚੰਗਾ ਇਲਾਜ ਮਿਲ ਸਕੇ। ਖੇਲੋ ਇੰਡੀਆ ਯੋਜਨਾ ਵਿਚ ਇੰਨੀ ਵਿਵਸਥਾ ਹੈ ਕਿ ਅਸੀਂ ਜਲੰਧਰ ਨੂੰ ਨਵੇਂ ਸਟੇਡੀਅਮ, ਕ੍ਰਿਕਟ ਸਟੇਡੀਅਮ, ਹਾਕੀ ਸਟੇਡੀਅਮ ਦੇ ਸਕਦੇ ਹਾਂ। ਅਸੀਂ ਖਿਡਾਰੀਆਂ ਲਈ ਵੀ ਕੰਮ ਕਰਾਂਗੇ, ਖਾਸ ਕਰ ਕੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਜੇ ਤਕ ਲਾਗੂ ਨਹੀਂ ਹੋ ਪਾ ਰਹੀਆਂ। ਮੇਰੀ ਕੋਸ਼ਿਸ਼ ਹੋਵੇਗੀ ਕਿ ਇਨ੍ਹਾਂ ਯੋਜਨਾਵਾਂ ਨੂੰ ਲੋਕਾਂ ਦੇ ਘਰਾਂ ਤਕ ਪਹੁੰਚਾਇਆ ਜਾਵੇ, ਭਾਵੇਂ ਸਰਕਾਰ ’ਤੇ ਦਬਾਅ ਬਣਾਉਣਾ ਪਵੇ ਜਾਂ ਪ੍ਰਸ਼ਾਸਨ ’ਤੇ। ਕਿਸੇ ਵੀ ਤਰ੍ਹਾਂ ਨਾਲ ਇਹ ਯੋਜਨਾਵਾਂ ਜਿਵੇਂ ਲੱਖਪਤੀ ਦੀਦੀ ਦੀ ਯੋਜਨਾ, ਆਯੁਸ਼ਮਾਨ ਯੋਜਨਾ, ਨੀਲੇ ਕਾਰਡ ਦੀ ਯੋਜਨਾ ਲਾਗੂ ਕੀਤੀ ਜਾਵੇਗੀ। ਉਥੇ ਹੀ ਉਨ੍ਹਾਂ ਵੱਲੋਂ ਇਸ ਯੋਜਨਾ ਨੂੰ ਵੀ ਪਲੀਤਾ ਲਗਾ ਦਿੱਤਾ ਗਿਆ ਹੈ, ਜਿਸ ਕਾਰਨ ਕਈ ਪਰਿਵਾਰ ਇਨ੍ਹਾਂ ਯੋਜਨਾਵਾਂ ਤੋਂ ਵਾਂਝੇ ਹਨ। ਅਸੀਂ ਇਨ੍ਹਾਂ ਸਭ ’ਤੇ ਨਜ਼ਰ ਰੱਖਾਂਗੇ ਤਾਂ ਜੋ ਇਕ-ਇਕ ਚੀਜ਼ ਲੋਕਾਂ ਤੱਕ ਪਹੁੰਚ ਸਕੇ।

ਸਵਾਲ : ਪੰਜਾਬ ਵਿਚ ਭਾਜਪਾ ਦੀ ਟਕਸਾਲੀ ਲੀਡਰਸ਼ਿਪ ਬਾਹਰੀ ਉਮੀਦਵਾਰ ਦੇ ਆਉਣ ਨਾਲ ਨਾਰਾਜ਼ ਨਜ਼ਰ ਆ ਰਹੀ ਹੈ, ਕੀ ਪੂਰਾ ਸਹਿਯੋਗ ਮਿਲ ਰਿਹਾ ਹੈ?
ਜਵਾਬ : ਜਲੰਧਰ ਦੀ ਪੂਰੀ ਲੀਡਰਸ਼ਿਪ ਅੱਜ ਦਿਨ-ਰਾਤ ਮਿਹਨਤ ਕਰ ਰਹੀ ਹੈ। ਡੋਰ ਟੂ ਡੋਰ ਪ੍ਰਚਾਰ ਜ਼ਿਆਦਾ ਕੀਤਾ ਜਾ ਰਿਹਾ ਹੈ। ਸਾਡੇ ਵਰਕਰ ਪੂਰੀ ਤਰ੍ਹਾਂ ਉਤਸ਼ਾਹਿਤ ਹਨ। ਵਰਕਰ ਹਰ ਉਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਹਨ, ਜਿਵੇਂ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ। ਜਲੰਧਰ ਵਿਚ ਮੈਨੂੰ ਅਜਿਹੀ ਕੋਈ ਚੀਜ਼ ਨਹੀਂ ਦਿਸੀ। ਅਸੀਂ ਪੂਰੀ ਇਕਜੁੱਟਤਾ ਨਾਲ ਚੋਣ ਪ੍ਰਚਾਰ ਵਿਚ ਹਾਂ ਅਤੇ ਨਤੀਜਾ ਵੀ ਕਾਫੀ ਸਕਾਰਾਤਮਕ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ਉੱਤੇ ਤੰਬਾਕੂ ਦੇ ਸੇਵਨ ‘ਤੇ ਹੋਵੇਗੀ ਪਾਬੰਦੀ 

ਸਵਾਲ : ਤੁਸੀਂ ਅਜਿਹਾ ਕੀ ਕੰਮ ਕੀਤਾ ਕਿ ਲੋਕ ਤੁਹਾਨੂੰ ਵੋਟ ਦੇਣ?
ਜਵਾਬ : ਸੰਸਦ ਮੈਂਬਰ ਬਣਨ ਤੋਂ ਪਹਿਲਾਂ ਮੈਂ ਜਲੰਧਰ ਵੈਸਟ ਤੋਂ ਵਿਧਾਇਕ ਸੀ। ਜਲੰਧਰ ਪੱਛਮ ਵਿਚ ਬੂਟਾ ਮੰਡੀ ਵਿਚ ਇਕ ਨਵਾਂ ਕਾਲਜ ਖੋਲ੍ਹਿਆ ਗਿਆ। ਬਸਤੀ ਦਾਨਿਸ਼ਮੰਦਾਂ ਵਿਚ ਇਕ ਨਵਾਂ ਸਕੂਲ ਬਣਾਇਆ ਗਿਆ। 120 ਫੁੱਟੀ ਰੋਡ ’ਤੇ ਸ੍ਰੀ ਗੁਰੂ ਰਵਿਦਾਸ ਭਵਨ, ਸਤਿਗੁਰੂ ਕਬੀਰ ਭਵਨ ਅਤੇ 120 ਫੁੱਟੀ ਰੋਡ ਬਰਸਾਤ ਦੇ ਮੌਸਮ ਵਿਚ ਹਮੇਸ਼ਾ ਪਾਣੀ ਵਿਚ ਡੁੱਬੀ ਰਹਿਣ ਦੀ ਤਸਵੀਰ ਅਖਬਾਰਾਂ ਵਿਚ ਛਪਦੀ ਸੀ। 120 ਫੁੱਟੀ ਰੋਡ ’ਤੇ ਸੀਵਰੇਜ ਬਣਾਇਆ ਗਿਆ ਅਤੇ ਉਥੇ ਪੰਪਿੰਗ ਸਟੇਸ਼ਨ ਬਣਾਇਆ ਗਿਆ, ਜਿਸ ਨਾਲ ਹੁਣ ਉਥੇ ਪਾਣੀ ਨਹੀਂ ਰੁਕਦਾ। ਬਤੌਰ ਸੰਸਦ ਮੈਂਬਰ ਮੈਂ 10 ਮਹੀਨਿਆਂ ਦੇ ਕਾਰਜਕਾਲ ਵਿਚ 4 ਵਾਰ ਹਵਾਬਾਜ਼ੀ ਮੰਤਰੀ ਨੂੰ ਮਿਲਿਆ ਅਤੇ ਏਅਰਪੋਰਟ ਤੋਂ ਉਡਾਣਾਂ ਸ਼ੁਰੂ ਕਰਵਾਈਆਂ। ਇਸ ਤੋਂ ਇਲਾਵਾ ਮੇਰੇ ਵੱਲੋਂ 3 ਵਾਰ ਕੀਤੀ ਗਈ ਬੇਨਤੀ ’ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੰਦੇ ਭਾਰਤ ਟਰੇਨ ਦਾ ਜਲੰਧਰ ਵਿਚ ਸਟਾਪੇਜ ਦਿੱਤਾ। ਇਸਦੇ ਨਾਲ ਹੀ ਰਾਸ਼ਟਰੀ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮਿਲ ਕੇ ਪੀ. ਏ. ਪੀ. ਪੁਲ ਦੇ ਡਿਜ਼ਾਈਨ ਵਿਚ ਸੁਧਾਰ ਕਰਨ ਲਈ ਐਸਟੀਮੇਟ ਤਿਆਰ ਕੀਤਾ ਗਿਆ ਤਾਂ ਜੋ ਇਸ ਰਸਤੇ ਤੋਂ ਲੋਕ ਅੰਮ੍ਰਿਤਸਰ ਜਾ ਸਕਣ। ਇਸ ਤੋਂ ਇਲਾਵਾ ਫਿਲੌਰ, ਗੁਰਾਇਆ, ਕਰਤਾਰਪੁਰ, ਨਕੋਦਰ ਸਾਰੀਆਂ ਥਾਵਾਂ ’ਤੇ ਰੇਲਵੇ ਦੇ ਗੇਟਾਂ ਦੀ ਮਨਜ਼ੂਰੀ ਦਾ ਕੰਮ ਕਰਵਾ ਰਿਹਾ ਹਾਂ। ਰੇਲਵੇ ਨੇ 2 ਗੇਟ ਮਨਜ਼ੂਰ ਕਰ ਿਦੱਤੇ ਹਨ ਅਤੇ ਇਨ੍ਹਾਂ ’ਤੇ ਚੋਣਾਂ ਤੋਂ ਬਾਅਦ ਕੰਮ ਸ਼ੁਰੂ ਹੋਵੇਗਾ। ਜਲੰਧਰ ਸਬੰਧੀ ਮੇਰਾ ਦ੍ਰਿਸ਼ਟੀਕੋਣ ਹੈ ਕਿ ਸਾਨੂੰ ਜਲੰਧਰ ਨੂੰ ਨਵਾਂ ਜਲੰਧਰ ਬਣਾਉਣਾ ਹੈ। ਅਸੀਂ ਉਸ ਵਿਜ਼ਨ ’ਤੇ ਕੰੰਮ ਕਰ ਰਹੇ ਹਾਂ।

ਸਵਾਲ : ਚਰਨਜੀਤ ਚੰਨੀ ਅਤੇ ਪਵਨ ਕੁਮਾਰ ਟੀਨੂੰ ਨਾਲ ਮੁਕਾਬਲੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ?
ਜਵਾਬ : ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂੰ ਜੀ ਨੂੰ ਬਹੁਤ ਨੁਕਸਾਨ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਜੋ ਜਲੰਧਰ ਤੋਂ ਬਾਹਰਲਾ ਹੈ। ਜਲੰਧਰ ਦੇ ਲੋਕ ਚਾਹੁੰਦੇ ਹਨ ਕਿ ਨੇਤਾ ਉਨ੍ਹਾਂ ਦਾ ਆਪਣਾ ਹੋਵੇ, ਜਿਸ ਨਾਲ ਉਹ ਜਦੋਂ ਚਾਹੁਣ ਆਸਾਨੀ ਨਾਲ ਮਿਲ ਸਕਦੇ ਹਨ ਅਤੇ ਆਪਣੀਆਂ ਮੁਸ਼ਕਲਾਂ ਦੱਸ ਸਕਦੇ ਹਨ ਕਿਉਂਕਿ ਲੋਕਾਂ ਨੂੰ ਨਿੱਜੀ ਤੌਰ ’ਤੇ ਜਲੰਧਰ ਦੇ ਨੇਤਾਵਾਂ ਨਾਲ ਕੰਮ ਕਰਨਾ ਪੈਂਦਾ ਹੈ। ਅੱਜ ਇਸ ਗੱਲ ’ਤੇ ਖੂਬ ਚਰਚਾ ਹੋ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਇਕ ਬਾਹਰੀ ਵਿਅਕਤੀ ਹੈ, ਇਸ ਨਾਲ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ :  ਭਗਵੰਤ ਮਾਨ ਵਲੋਂ ਔਰਤਾਂ ਨੂੰ 1100 ਰੁਪਏ ਦੇਣ ’ਤੇ ਬੋਲੇ ਭਾਜਪਾ ਪ੍ਰਧਾਨ ਸੁਨੀਲ ਜਾਖੜ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News