ਸੰਗਠਨ ਦੇ ਵਰਕਿੰਗ ਸਟਾਈਲ ’ਚ ਫਿੱਟ ਨਹੀਂ ਹੋਏ ਰਿੰਕੂ, ਭਾਜਪਾ ’ਚ ਰਹਿੰਦੇ ਕਾਂਗਰਸ ਤੇ 'ਆਪ' ਦੇ ਸਟਾਈਲ ’ਚ ਲੜੀ ਚੋਣ

Friday, Jun 07, 2024 - 11:46 AM (IST)

ਸੰਗਠਨ ਦੇ ਵਰਕਿੰਗ ਸਟਾਈਲ ’ਚ ਫਿੱਟ ਨਹੀਂ ਹੋਏ ਰਿੰਕੂ, ਭਾਜਪਾ ’ਚ ਰਹਿੰਦੇ ਕਾਂਗਰਸ ਤੇ 'ਆਪ' ਦੇ ਸਟਾਈਲ ’ਚ ਲੜੀ ਚੋਣ

ਜਲੰਧਰ (ਅਨਿਲ ਪਾਹਵਾ)-ਭਾਰਤੀ ਜਨਤਾ ਪਾਰਟੀ ਨੇ ਪੰਜਾਬ ’ਚ ਲਗਭਗ 18 ਫ਼ੀਸਦੀ ਦੇ ਲਗਭਗ ਵੋਟਾਂ ਪ੍ਰਾਪਤ ਕੀਤੀਆਂ ਹਨ ਅਤੇ ਪਾਰਟੀ ਇਸ ਨੂੰ ਵੱਡੀ ਸਫ਼ਲਤਾ ਮੰਨਦੇ ਹੋਏ ਇਸ ਨੂੰ ਕੈਸ਼ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ। ਘੱਟ ਵਿਚ ਵੀ ਵੱਧ ਮਿਣਨ ਦੀ ਪਾਰਟੀ ਦੀ ਇਹ ਪੁਰਾਣੀ ਆਦਤ ਹੈ ਜੋ ਲਗਾਤਾਰ ਪੰਜਾਬ ਵਿਚ ਭਾਜਪਾ ਨੂੰ ਭਾਰੀ ਪੈ ਰਹੀ ਹੈ, ਜਿਸ ਦੇ ਕਾਰਨ ਪਾਰਟੀ ਨੂੰ ਉਹ ਸਫ਼ਲਤਾ ਪ੍ਰਾਪਤ ਨਹੀਂ ਮਿਲੀ, ਜਿਸ ਦਾ ਉਹ ਹਰੇਕ ਚੋਣਾਂ ਵਿਚ ਦਮ ਭਰਦੀ ਹੈ। 2022 ਵਿਚ ਪਾਰਟੀ ਨੇ ਚੋਣ ਲੜੀ ਪਰ ਸਫ਼ਲਤਾ ਨਹੀਂ ਮਿਲੀ ਅਤੇ ਹੁਣ 2024 ਵਿਚ ਲੋਕ ਸਭਾ ਚੋਣਾਂ ਵਿਚ ਵੀ ਪਾਰਟੀ ਦਾਅਵਿਆਂ ਤੋਂ ਪਰੇ ਰਹਿ ਗਈ। ਇਸ ਦਾ ਇਕ ਵੱਡਾ ਕਾਰਨ ਸੀ ਪੰਜਾਬ ਵਿਚ ਦਲਬਦਲੂਆਂ ਦੇ ਸਹਾਰੇ ਸਫ਼ਲਤਾ ਹਾਸਲ ਕਰਨ ਦੀ ਕੋਸ਼ਿਸ਼ ਕਰਨੀ, ਜਿਸ ਵਿਚ ਪਾਰਟੀ ਅਸਫ਼ਲ ਰਹੀ।

ਇਹ ਵੀ ਪੜ੍ਹੋ- ਚੋਣਾਂ 'ਚ ਮਿਲੀ ਹਾਰ ਮਗਰੋਂ ਗਾਇਕ ਹੰਸ ਰਾਜ ਹੰਸ ਦਾ ਵੱਡਾ ਬਿਆਨ, 27 ਦੀਆਂ ਚੋਣਾਂ ਸਬੰਧੀ ਕਹੀਆਂ ਅਹਿਮ ਗੱਲਾਂ

ਬੇਵਜ੍ਹਾ ਦਾ ਐਕਸਪੈਰੀਮੈਂਟ ਹੋਇਆ ਫਲਾਪ
ਜਲੰਧਰ ਤੋਂ ਭਾਜਪਾ ਨੇ ਆਮ ਆਦਮੀ ਪਾਰਟੀ ਦੀ ਟਿਕਟ ਹਾਸਲ ਕਰ ਚੁੱਕੇ ਸੁਸ਼ੀਲ ਰਿੰਕੂ ’ਤੇ ਡੋਰੇ ਪਾਏ ਅਤੇ ਉਨ੍ਹਾਂ ਨੂੰ ਖੇਮੇ ਵਿਚ ਕਰ ਲਿਆ ਪਰ ਰਿੰਕੂ ਵੀ ਸਫ਼ਲ ਨਹੀਂ ਹੋ ਸਕੇ ਅਤੇ ਪਾਰਟੀ ਦਾ ਇਕ ਬੇਵਜ੍ਹਾ ਦਾ ਐਕਸਪੈਰੀਮੈਂਟ ਫਲਾਪ ਹੋ ਗਿਆ। ਜਲੰਧਰ ਵਿਚ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ 1,75,993 ਵੋਟਾਂ ਨਾਲ ਜਿੱਤ ਗਏ ਅਤੇ ਸੁਸ਼ੀਲ ਰਿੰਕੂ ਦੂਜੇ ਨੰਬਰ ਉਤੇ ਰਹੇ। ਭਾਜਪਾ ਲਈ ਜਲੰਧਰ ਵਿਚ ਖ਼ੁਸ਼ ਹੋਣ ਦਾ ਇਕ ਵੱਡਾ ਕਾਰਨ ਇਹ ਹੈ ਕਿ ਪਾਰਟੀ ਦੇ ਉਮੀਦਵਾਰ ਨੂੰ ਆਮ ਆਦਮੀ ਪਾਰਟੀ ਤੋਂ ਵੱਧ ਵੋਟਾਂ ਮਿਲੀਆਂ। ਨਹੀਂ ਤਾਂ, 2023 ਦੀ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਭਾਜਪਾ ਤੀਜੇ ਸਥਾਨ ’ਤੇ ਰਹੀ ਸੀ।

ਪਾਰਟੀ ’ਚ ਨੇਤਾਵਾਂ ਨਾਲ ਘੁਲ-ਮਿਲ ਨਹੀਂ ਸਕੇ ਰਿੰਕੂ
ਵੱਡਾ ਸਵਾਲ ਇਹ ਹੈ ਕਿ ਅਾਖਿਰ ਭਾਜਪਾ ਦੀ ਟਿਕਟ ’ਤੇ ਜਲੰਧਰ ਵਿਚ ਰਿੰਕੂ ਚੋਣ ਲੜ ਕੇ ਜਿੱਤ ਕਿਉਂ ਨਹੀਂ ਸਕੇ। ਇਸ ਦੇ ਪਿੱਛੇ ਜੋ ਪ੍ਰਮੁੱਖ ਕਾਰਨ ਹਨ, ਉਨ੍ਹਾਂ ’ਚੋਂ ਇਕ ਵੱਡਾ ਕਾਰਨ ਹੈ ਰਿੰਕੂ ਦਾ ਭਾਜਪਾ ਅਤੇ ਆਰ. ਐੱਸ. ਐੱਸ. ਦੇ ਨੇਤਾਵਾਂ ਨਾਲ ਉਸ ਤਰ੍ਹਾਂ ਨਾ ਘੁਲ-ਮਿਲ ਸਕਣਾ, ਜਿਸ ਤਰ੍ਹਾਂ ਚਾਹੀਦਾ ਸੀ। ਰਿੰਕੂ ਕਾਂਗਰਸ ਤੋਂ ‘ਆਪ’ ’ਚ ਗਏ ਅਤੇ ਬਾਅਦ ਵਿਚ ਭਾਜਪਾ ਵਿਚ ਚਲੇ ਗਏ। ਕਾਂਗਰਸ ਅਤੇ ‘ਆਪ’ ਦਾ ਕਲਚਰ ਭਾਜਪਾ ਤੋਂ ਬਿਲਕੁਲ ਵੱਖਰਾ ਹੈ। ਭਾਜਪਾ ਵਿਚ ਜੋ ਵੀ ਫੈਸਲੇ ਲਏ ਜਾਂਦੇ ਹਨ, ਉਹ ਸੰਗਠਨ ਅਤੇ ਪਾਰਟੀ ਦੇ ਤੌਰ ’ਤੇ ਲਏ ਜਾਂਦੇ ਹਨ। ਇਨ੍ਹਾਂ ਸਾਰੇ ਫੈਸਲਿਆਂ ਵਿਚ ਕਿਤੇ ਨਾ ਕਿਤੇ ਸੰਘ ਦੀ ਵੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸੰਘ ਨੇਤਾਵਾਂ ਨੂੰ ਬਾਕਾਇਦਾ ਇਕ ਸਨਮਾਨ ਦਿੱਤਾ ਜਾਂਦਾ ਹੈ ਪਰ ਇਹ ਸਭ ਸੁਸ਼ੀਲ ਰਿੰਕੂ ਲਈ ਨਵੀਆਂ ਚੀਜ਼ਾਂ ਸਨ।

ਇਹ ਵੀ ਪੜ੍ਹੋ- ਪੰਜਾਬ ’ਚ ‘ਆਪ’ ਅਤੇ ਕਾਂਗਰਸ ਦਾ ਵੋਟ ਸ਼ੇਅਰ 26-26 ਫ਼ੀਸਦੀ ’ਤੇ ਪੁੱਜਾ, ਭਾਜਪਾ ਤੀਜੇ ਸਥਾਨ ’ਤੇ ਰਹੀ

ਗੈਰ-ਭਾਜਪਾ ਲੋਕਾਂ ਨਾਲ ਘਿਰੇ ਰਹੇ ਰਿੰਕੂ
ਲੋਕ ਸਭਾ ਚੋਣਾਂ ਵਿਚ ਸੁਸ਼ੀਲ ਰਿੰਕੂ ਭਾਜਪਾ ਦੇ ਨੇਤਾਵਾਂ ਨੂੰ ਲੈ ਕੇ ਚੱਲਣ ਵਿਚ ਵੀ ਸਫਲਤਾ ਹਾਸਿਲ ਨਹੀਂ ਕਰ ਸਕੇ । ਉਨ੍ਹਾਂ ਨਾਲ ਕੁੱਝ ਕੁ ਲੋਕ ਦੇਖੇ ਗਏ ਜਿਨ੍ਹਾਂ ਦਾ ਭਾਜਪਾ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਹ ਲੋਕ ਰਿੰਕੂ ਲਈ ਤਾਂ ਆਪਣੇ ਸਨ, ਪਰ ਰਿੰਕੂ ਜਿਸ ਪਾਰਟੀ ਵਿਚ ਗਏ ਸਨ, ਉਨ੍ਹਾਂ ਲਈ ਇਹ ਨਵੇਂ ਲੋਕ ਸਨ। ਪ੍ਰਚਾਰ ਤੋਂ ਲੈ ਕੇ ਪ੍ਰਸਾਰ ਤੱਕ ਦੀ ਸਾਰੀ ਜ਼ਿੰਮੇਵਾਰੀ ਇਨ੍ਹਾਂ ਲੋਕਾਂ ਨੇ ਸੰਭਾਲ ਰੱਖੀ ਸੀ ਅਤੇ ਭਾਜਪਾ ਨੇਤਾਵਾਂ ਨੂੰ ਨੇੜੇ-ਤੇੜੇ ਫੜਕਣ ਨਹੀਂ ਦਿੱਤਾ ਜਾ ਰਿਹਾ ਸੀ, ਜਿਸ ਦੇ ਕਾਰਨ ਭਾਜਪਾ ਦੇ ਲੋਕ ਰਿੰਕੂ ਨੂੰ ਸਫਲਤਾ ਦਿਵਾਉਣਗੇ , ਇਸ ਦੀ ਗਰੰਟੀ ਵੀ ਖ਼ਤਮ ਹੋ ਗਈ।

ਲਗਾਤਾਰ ਪਾਰਟੀਆਂ ਬਦਲਣ ਨਾਲ ਡੈਮੇਜ ਹੋਇਆ ਵੋਟ ਬੈਂਕ
ਭਾਜਪਾ ਨਾਲ ਸਬੰਧਿਤ ਕਈ ਨੇਤਾ ਇਹ ਵੀ ਦੱਸ ਰਹੇ ਹਨ ਕਿ ਸੁਸ਼ੀਲ ਰਿੰਕੂ ਆਪਣੀ ਪੂਰੀ ਚੋਣ ਮੁਹਿੰਮ ਦੌਰਾਨ ਕਈ ਚੋਟੀ ਦੇ ਸੰਘ ਅਧਿਕਾਰੀਆਂ ਨੂੰ ਮਿਲੇ ਹੀ ਨਹੀਂ। ਭਾਜਪਾ ਦੇ ਨੇਤਾ ਨੂੰ ਵੀ ਰਿੰਕੂ ਦੇ ਨਾਲ ਸਹਿਜਤਾ ਮਹਿਸੂਸ ਨਹੀਂ ਕਰ ਰਹੇ ਸਨ ਅਤੇ ਰਿੰਕੂ ਵੀ ਭਾਜਪਾ ਦੀ ਕੰਮ ਕਰਨ ਦੀ ਸ਼ੈਲੀ ਵਿਚ ਫਿੱਟ ਨਹੀਂ ਬੈਠ ਰਹੇ ਸਨ। ਇਹੀ ਕਾਰਨ ਹੈ ਕਿ ਖੁਦ ਭਾਜਪਾ ਦਾ ਆਪਣਾ ਵਰਕਰ ਵੀ ਚਾਹ ਕੇ ਵੀ ਰਿੰਕੂ ਨੂੰ ਜਿੱਤ ਨਹੀਂ ਦਿਵਾ ਸਕਿਆ। ਇਸ ਤੋਂ ਇਲਾਵਾ ਇਕ ਵੱਡਾ ਕਾਰਨ ਇਹ ਵੀ ਰਿਹਾ ਕਿ ਰਿੰਕੂ ਨੇ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਤਿੰਨ ਪਾਰਟੀਆਂ ਦਾ ਮਜ਼ਾ ਚੱਖ ਲਿਆ। 2023 ਵਿਚ ਜਲੰਧਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਉਹ ਕਾਂਗਰਸ ਤੋਂ ‘ਆਪ’ਵਿਚ ਆਏ ਅਤੇ ਆਮ ਆਦਮੀ ਪਾਰਟੀ ਛੱਡ ਕੇ ਹੁਣ ਲੋਕ ਸਭਾ ਚੋਣਾਂ ਦੌਰਾਨ ਹੁਣ ਭਾਜਪਾ ਵਿਚ ਆ ਗਏ। ਇਸ ਗੱਲ ਨੂੰ ਲੈ ਕੇ ਨਾ ਤਾਂ ਭਾਜਪਾ ਦੇ ਲੋਕ ਖ਼ੁਸ਼ ਸਨ ਅਤੇ ਨਾ ਹੀ ਜਲੰਧਰ ਦੀ ਜਨਤਾ ਸੰਤੁਸ਼ਟ ਸੀ।

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ, DSP ਦੇ ਪੁੱਤ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ, ਦੋ ਹਿੱਸਿਆਂ 'ਚ ਵੰਡੀ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News