ਰਸਤਾ ਭਟਕਣ ਕਾਰਨ ਆਪਸ ''ਚ ਟਕਰਾਈਆਂ ਤਿੰਨ ਕਾਰਾਂ, ਇਕੋ ਪਰਿਵਾਰ ਦੇ ਤਿੰਨ ਮੈਂਬਰ ਹੋਏ ਜ਼ਖਮੀ

07/08/2020 1:15:22 PM

ਭਵਾਨੀਗੜ੍ਹ (ਕਾਂਸਲ)- ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਨੈਸ਼ਨਲ ਹਾਈਵੇ ਉਪਰ ਫੱਗੂਵਾਲਾ ਕੈਂਚੀਆਂ ਵਿਖੇ ਸਥਿਤ ਓਵਰਬਰਿੱਜ ਨੇੜੇ ਅੱਜ ਯਾਨੀ ਬੁੱਧਵਾਰ ਤਿੰਨ ਕਾਰਾਂ ਦੀ ਆਪਸ 'ਚ ਟੱਕਰ ਹੋ ਗਈ। ਇਸ ਹਾਦਸੇ 'ਚ ਹਰਿਦੁਆਰ ਤੋਂ ਵਾਪਸ ਆ ਰਹੇ ਇਕ ਪਰਿਵਾਰ ਦੇ 3 ਮੈਂਬਰਾਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।

ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਹਾਈਵੇ ਪੈਟਰੋਲਿੰਗ ਪੁਲਸ ਪਾਰਟੀ ਦੇ ਸਹਾਇਕ ਸਬ ਇੰਸਪੈਕਟਰ ਸਤਵੰਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਰਖੜਾ ਤੋਂ ਭਵਾਨੀਗੜ੍ਹ ਦਵਾਈ ਲੈਣ ਲਈ ਆ ਰਿਹਾ ਇਕ ਬੀਟ ਕਾਰ ਦਾ ਚਾਲਕ ਤੇਜ਼ ਬਾਰਸ਼ ਕਾਰਨ ਰਸਤਾ ਭਟਕ ਗਿਆ। ਇਸ ਦੌਰਾਨ ਜਦੋਂ ਉਹ ਭਵਾਨੀਗੜ੍ਹ ਤੋਂ ਅੱਗੇ ਫੱਗੂਵਾਲਾ ਕੈਂਚੀਆਂ ਵਿਖੇ ਓਵਰਬਰਿੱਜ ਨੇੜੇ ਪਹੁੰਚਿਆ ਤਾਂ ਉਸ ਨੇ ਇੱਥੇ ਆਪਣੀ ਕਾਰ ਰੋਕ ਲਈ। ਇਸ ਤੋਂ ਬਾਅਦ ਇਕ ਹੋਰ ਸਵਿੱਫਟ ਕਾਰ ਜਿਸ ਵਿਚ ਗੰਗਾਨਗਰ ਦੇ ਵਸਨੀਕ ਇਕ ਪਰਿਵਾਰ ਦੇ ਮੈਂਬਰ ਹਰਿਦੁਆਰ ਤੋਂ ਆਪਣੇ ਪਿਤਾ ਦੇ ਫੁੱਲ ਪਾ ਕੇ ਪਰਤ ਰਹੇ ਸਨ ਉਨ੍ਹਾਂ ਨੇ ਵੀ ਪਹਿਲਾਂ ਰੁਕੀ ਬੀਟ ਕਾਰ ਦੇ ਪਿੱਛੇ ਹੀ ਕਾਰ ਰੋਕ ਲਈ। ਇਸ ਦੌਰਾਨ ਪਿੱਛਿਓਂ ਆ ਰਹੀ ਇਕ ਹੋਰ ਤੇਜ਼ ਰਫਤਾਰ ਇੰਡਵੈਰ ਗੱਡੀ ਸਵਿੱਫਟ ਕਾਰ ਨੇ ਪਹਿਲਾਂ ਤੋਂ ਖੜ੍ਹੀਆਂ ਦੋਹਾਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਤਿੰਨੋਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। 

ਇਸ ਹਾਦਸੇ 'ਚ ਸਵਿੱਫਟ ਕਾਰ ਦਾ ਚਾਲਕ ਵਿਸ਼ਵਦੀਪ ਸਿੰਘ ਪੁੱਤਰ ਸਵ. ਮਾਗੀ ਲਾਲ ਵਾਸੀ ਗੰਗਾ ਨਗਰ, ਚਾਲਕ ਦੀ ਭੈਣ ਭਾਵਨ ਅਤੇ ਮਾਂ ਮਨੋਰਹਮਾ ਤਿੰਨੋਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਾਈਵੇ ਪੈਟਰੋਲਿੰਗ ਪੁਲਸ ਦੇ ਹੈਡ ਕਾਂਸਟੇਬਲ ਸੁਖਵਿੰਦਰ ਸਿੰਘ ਅਤੇ ਹੈਡ ਕਾਂਸਟੇਬਲ ਰਾਜਿੰਦਰ ਸਿੰਘ ਨੇ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਅਤੇ ਕਾਰਾਂ ਨੂੰ ਸੜਕ ਤੋਂ ਸਾਈਡ ਕਰਕੇ ਆਵਾਜਾਈ ਨੂੰ ਬਾਹਲ ਕੀਤਾ। ਹਾਦਸੇ ਦੇ ਜ਼ਖ਼ਮੀ ਤਿੰਨੋਂ ਪਰਿਵਾਰਕ ਮੈਂਬਰ ਸਵ. ਮਾਗੀ ਲਾਲ ਦੇ ਫੁੱਲ ਪਾ ਕੇ ਹਰਿਦੁਆਰ ਤੋਂ ਗੰਗਾ ਨਗਰ ਨੂੰ ਪਰਤ ਰਹੇ ਸਨ।


DIsha

Content Editor

Related News