ਦੇਸ਼ ਦੇ ਵੱਖ-ਵੱਖ ਸੂਬਿਆਂ ''ਚ ਫਸੇ ਪੰਜਾਬੀਆਂ ਦਾ ਹੱਥ ਫੜੇ ਕੈਪਟਨ : ਪ੍ਰੇਮ ਮਿੱਤਲ

Thursday, Apr 09, 2020 - 09:41 PM (IST)

ਦੇਸ਼ ਦੇ ਵੱਖ-ਵੱਖ ਸੂਬਿਆਂ ''ਚ ਫਸੇ ਪੰਜਾਬੀਆਂ ਦਾ ਹੱਥ ਫੜੇ ਕੈਪਟਨ : ਪ੍ਰੇਮ ਮਿੱਤਲ

ਮਾਨਸਾ, (ਮਿੱਤਲ)- ਕਰਫਿਊ ਕਾਰਨ ਪੰਜਾਬ ਤੇ ਹੋਰ ਸੂਬਿਆਂ 'ਚ ਬਾਹਰ ਫਸੇ ਟਰੱਕ ਡਰਾਇਵਰਾਂ ਤੇ ਵਿਦਿਆਰਥੀਆਂ ਲਈ ਮਾਨਸਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਸਰਕਾਰ ਪਾਸ ਆਦਿ ਬਣਵਾ ਕੇ ਇੱਥੇ ਉਨ੍ਹਾਂ ਦੇ ਘਰਾਂ ਵਿੱਚ ਵਾਪਸ ਲਿਆਵੇ। ਉਨ੍ਹਾਂ ਨੇ ਬਾਹਰਲੇ ਸੂਬਿਆਂ ਦੇ ਪੰਜਾਬ 'ਚ ਫਸੇ ਟਰੱਕ ਡਰਾਇਵਰਾਂ ਨੂੰ ਵੀ ਉਨ੍ਹਾਂ ਦੇ ਸੂਬਿਆਂ/ਸ਼ਹਿਰਾਂ 'ਚ ਵਾਪਸ ਭੇਜਣ ਲਈ ਕਿਹਾ। ਪ੍ਰੇਮ ਮਿੱਤਲ ਨੇ ਮਾਨਸਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚੋਂ ਸੈਂਕੜੇ ਵਿਦਿਆਰਥੀ ਤੇ ਕਿਸਾਨ ਪੜ੍ਹਣ ਤੇ ਕੰਮ ਧੰਦਿਆਂ ਲਈ ਬਾਹਰਲੇ ਸੂਬਿਆਂ ਮਹਾਂਰਾਸ਼ਟਰ, ਮਦਰਾਸ, ਮੁੰਬਈ, ਦੇਹਰਾਦੂਨ ਆਦਿ ਵਿਖੇ ਕਰਫਿਊ 'ਚ ਘਿਰੇ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਅੱਜ ਕੋਰੋਨਾ ਬਿਮਾਰੀ ਨਾਲ ਘਿਰਿਆ ਹੋਇਆ ਹੈ, ਦੂਜੇ ਪਾਸੇ ਅਜਿਹੇ ਵਿਅਕਤੀ ਕਰਫਿਊ ਕਾਰਨ ਬਾਹਰਲੇ ਸੂਬਿਆਂ ਵਿੱਚ ਘਿਰੇ ਹੋਏ ਹਨ, ਜਿਨ੍ਹਾਂ ਲੋਕਾਂ ਕੋਲ ਖਾਣ-ਪੀਣ ਲਈ ਅਨਾਜ ਤੇ ਹੋਰ ਕੋਈ ਸਾਧਨ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਹਰ ਗਏ ਡਰਾਇਵਰ ਪਿਛਲੇ ਕਈ ਦਿਨਾਂ ਤੋਂ ਭੁੱਖੇ-ਭਾਣੇ ਟਰੱਕਾਂ 'ਚ ਹੀ ਦਿਨ ਕੱਟ ਰਹੇ ਹਨ। ਦੂਜੇ ਪਾਸੇ ਬਾਹਰ ਪੜ੍ਹਣ ਗਏ ਵਿਦਿਆਰਥੀਆਂ ਦੀ ਹਾਲਤ ਵੀ ਅਜਿਹੀ ਹੈ। ਪ੍ਰੇਮ ਮਿੱਤਲ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਉੱਥੋਂ ਬਾਹਰ ਲਿਆਉਣ ਲਈ ਪੰਜਾਬ ਸਰਕਾਰ ਕੁਝ ਕਰੇ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਹਨ ਕਿ ਇਨ੍ਹਾਂ ਵਿਅਕਤੀਆਂ ਲਈ ਸਰਕਾਰ ਕੁਝ ਨਾ ਕੁਝ ਕਰੇ। ਜਿਸ ਲਈ ਉਹ ਵੀ ਆਪਣੇ ਯਤਨ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਸੂਬੇ 'ਚ ਇਸ ਕੋਰੋਨਾ ਮਹਾਂਮਾਰੀ ਦੀ ਆਫਤ ਨਾਲ ਸੂਬਾ ਸਰਕਾਰ ਯੋਜਨਾਬੱਧ ਤਰੀਕੇ ਨਾਲ ਲੜ ਰਹੀ ਹੈ ਅਤੇ ਅਸੀਂ ਛੇਤੀ ਹੀ ਆਪਣੇ ਏਕੇ ਨਾਲ ਕੋਰੋਨਾ ਤੇ ਕਾਬੂ ਪਾ ਲਵਾਂਗੇ। ਪ੍ਰੇਮ ਮਿੱਤਲ ਨੇ ਕਿਹਾ ਕਿ ਉਹ ਖੁਦ ਵੀ ਸਰਕਾਰ ਦੇ ਮੰਤਰੀਆਂ ਨੂੰ ਮਿਲ ਕੇ ਇਸ ਪ੍ਰਤੀ ਉਨ੍ਹਾਂ ਨੂੰ ਵਾਕਿਫ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਏਕਤਾ ਕੋਰੋਨਾ ਵਿਰੁੱਧ ਲੜਾਈ 'ਚ ਵੱਡੀ ਸ਼ਕਤੀ ਬਣ ਕੇ ਉੱਭਰ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਪਵਨ ਕੋਟਲੀ, ਅਸ਼ੋਕ ਗਰਗ, ਰੂਲਦੂ ਰਾਮ, ਜਗਤ ਰਾਮ, ਪ੍ਰਸ਼ੋਤਮ ਬਾਂਸਲ, ਕ੍ਰਿਸ਼ਨ ਬਾਂਸਲ, ਕ੍ਰਿਸ਼ਨ ਫੱਤਾ, ਹੁਕਮ ਚੰਦ ਵੀ ਹਾਜਰ ਸਨ।


author

Bharat Thapa

Content Editor

Related News