550ਵੇਂ ਪ੍ਰਕਾਸ਼ ਉਤਸਵ ਦੀਆਂ ਤਿਆਰੀਆਂ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਸੀ. ਐੱਮ.
Thursday, Sep 12, 2019 - 02:46 PM (IST)
ਜਲੰਧਰ (ਚੋਪੜਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੀਆਂ ਤਿਆਰੀਆਂ ਨੂੰ ਲੈ ਕੇ ਸੁਰਖੀਆਂ ਬਟੋਰਨ 'ਚ ਜੁਟੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਮੰਗਲਵਾਰ ਸੁਲਤਾਨਪੁਰ ਲੋਧੀ ਵਿਖੇ ਪੰਜਾਬ ਮੰਤਰੀ ਮੰਡਲ ਦੀ ਬੈਠਕ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਥੀ ਮੰਤਰੀਆਂ ਅਤੇ ਹੋਰਨਾਂ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਸਨ। ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਸਤਿਕਾਰ ਦੀ ਮਰਿਆਦਾ ਦੀ ਪਾਲਣਾ ਕਰਨ ਦੀ ਉਨ੍ਹਾਂ ਕੋਈ ਕੋਸ਼ਿਸ਼ ਨਹੀਂ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਸਿਰਫ ਗੋਲਕ 'ਚ ਚੜ੍ਹਾਵਾ ਚੜ੍ਹਾਇਆ ਅਤੇ ਹੱਥ ਜੋੜ ਕੇ ਉਥੋਂ ਬਾਹਰ ਨਿਕਲ ਗਏ। ਉਨ੍ਹਾਂ ਮੱਥਾ ਵੀ ਨਹੀਂ ਟੇਕਿਆ। ਉਨ੍ਹਾਂ ਆਪਣਾ ਸੀਸ ਵੀ ਨਹੀਂ ਝੁਕਾਇਆ। ਆਪਣੇ ਮੁੱਖ ਮੰਤਰੀ ਦੀ ਰੀਸ ਕਰਦੇ ਹੋਏ ਉਨ੍ਹਾਂ ਨਾਲ ਆਏ ਸਾਥੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਓਮ ਪ੍ਰਕਾਸ਼ ਸੋਨੀ, ਸਾਧੂ ਸਿੰਘ ਧਰਮਸੌਤ ਅਤੇ ਕਈ ਹੋਰ ਮੰਤਰੀਆਂ ਨੇ ਵੀ ਮੱਥਾ ਟੇਕਣ ਦੀ ਕੋਈ ਲੋੜ ਨਹੀਂ ਸਮਝੀ।
ਇਥੋਂ ਤੱਕ ਕੁਝ ਨੇ ਗੋਲਕ 'ਚ ਚੜ੍ਹਾਵਾ ਚੜ੍ਹਾਉਣਾ ਵੀ ਮੁਨਾਸਿਬ ਨਹੀਂ ਸਮਝਿਆ। ਸਿਰਫ ਇਕ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਦੌਰਾਨ ਅਤਿਅੰਤ ਸਤਿਕਾਰ ਨਾਲ ਨਤਮਸਤਕ ਹੋ ਕੇ ਮੱਥਾ ਟੇਕਿਆ। ਪੰਜਾਬ ਮੰਤਰੀ ਮੰਡਲ ਦੇ ਵੱਖ-ਵੱਖ ਮੈਂਬਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਅਪਣਾਏ ਗਏ ਉਕਤ ਵਤੀਰੇ ਕਾਰਣ ਸ਼ਰਧਾਲੂਆਂ ਦੇ ਦਿਲਾਂ ਨੂੰ ਠੇਸ ਵੱਜੀ ਹੈ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ਵਿਚ 550ਵੇਂ ਪ੍ਰਕਾਸ਼ ਉਤਸਵ ਲਈ ਸੂਬਾ ਪੱਧਰੀ ਪ੍ਰੋਗਰਾਮ ਕਰਵਾਏਗੀ, ਵਿਸ਼ਾਲ ਪੰਡਾਲ ਲਾਇਆ ਜਾਏਗਾ। ਵਿਧਾਨ ਸਭਾ ਦਾ ਵਿਸ਼ੇਸ਼ ਸਮਾਗਮ ਵੀ ਸੱਦਿਆ ਜਾਏਗਾ ਪਰ ਜੇ ਉਨ੍ਹਾਂ 'ਚ ਗੁਰੂ ਘਰ ਪ੍ਰਤੀ ਸੱਚੀ ਸ਼ਰਧਾ ਹੁੰਦੀ ਤਾਂ ਮੰਗਲਵਾਰ ਨੂੰ ਉਹ ਪੂਰੇ ਸਤਿਕਾਰ ਨਾਲ ਸੀਸ ਝੁਕਾ ਕੇ ਮੱਥਾ ਟੇਕਦੇ ਨਾ ਕਿ ਗੋਲਕ ਨੂੰ ਹੱਥ ਲਾ ਕੇ ਵਾਪਸ ਚਲੇ ਜਾਂਦੇ। ਕਾਂਗਰਸ ਸਿੱਖ ਜਗਤ ਦੀ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਟ ਕੇ ਆਪਣੇ ਵੱਖਰੇ ਆਯੋਜਨ ਕਰਨ ਦਾ ਦਾਅਵਾ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਪ੍ਰਕਾਸ਼ ਉਤਸਵ ਦੇ ਮੁੱਖ ਸਮਾਰੋਹ ਦੌਰਾਨ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਤਿਕਾਰ ਪ੍ਰਗਟਾਉਣ ਸਬੰਧੀ ਕੋਈ ਉਲੰਘਣਾ ਹੋਈ ਤਾਂ ਸੁਰਖੀਆਂ ਬਟੋਰਨ ਦਾ ਦਾਅ ਕਿਤੇ ਕਾਂਗਰਸ ਸਰਕਾਰ ਨੂੰ ਪੁੱਠਾ ਹੀ ਨਾ ਪੈ ਜਾਏ।