ਸ਼ਹੀਦ ਜੰਗੀ ਨਾਇਕਾਂ ਦੇ 7 ਆਸ਼ਰਿਤਾਂ ਨੂੰ ਨੌਕਰੀ ਦੇਵੇਗੀ ਕੈਪਟਨ ਸਰਕਾਰ

06/14/2019 9:47:30 AM

ਚੰਡੀਗੜ੍ਹ (ਭੁੱਲਰ) : ਸੂਬੇ ਦੇ ਸਨਮਾਨਿਤ ਜੰਗੀ ਨਾਇਕਾਂ ਦੇ ਸਤਿਕਾਰ ਵਜੋਂ ਮੁੱਖ ਸਕੱਤਰ ਦੀ ਅਗਵਾਈ ਵਾਲੀ ਉਚ ਤਾਕਤੀ ਕਮੇਟੀ ਨੇ ਸਰਕਾਰੀ ਨੌਕਰੀਆਂ ਵਾਸਤੇ ਇਨ੍ਹਾਂ ਦੇ ਸੱਤ ਆਸ਼ਰਿਤਾਂ ਦੇ ਨਾਵਾਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੰਤਿਮ ਫੈਸਲਾ ਲੈਣ ਵਾਸਤੇ ਸਿਫਾਰਸ਼ ਕੀਤੀ ਹੈ। ਇੱਥੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਰੇ ਸੱਤ ਉਮੀਦਵਾਰਾਂ ਨੂੰ ਉਨ੍ਹਾਂ ਦੀ ਮਨਪਸੰਦ ਦੀ ਨੌਕਰੀ ਦੀ ਸਿਫਾਰਸ਼ ਕੀਤੀ ਗਈ ਹੈ।

ਮੁੱਖ ਮੰਤਰੀ ਨੂੰ ਸਿਫਾਰਸ਼ ਭੇਜਣ ਤੋਂ ਪਹਿਲਾਂ ਕਮੇਟੀ ਨੇ ਇਨ੍ਹਾਂ ਉਮੀਦਵਾਰਾਂ ਤੋਂ ਉਨ੍ਹਾਂ ਦੀ ਪਸੰਦ ਬਾਰੇ ਪੁੱਛਿਆ ਸੀ। ਵਿੰਗ ਕਮਾਂਡਰ ਐੱਮ.ਐੱਸ. ਢਿੱਲੋਂ ਦੀ ਵਿਧਵਾ ਪ੍ਰਭਪ੍ਰੀਤ ਕੌਰ ਨੇ ਕਲਾਸ –1 ਦੀ ਆਸਾਮੀ ਅਲਾਟ ਕਰਨ ਦੀ ਬੇਨਤੀ ਕੀਤੀ ਸੀ ਅਤੇ ਉਸ ਦੀ ਅਸਿਸਟੈਂਟ ਨੇ ਰਜਿਸਟਰਾਰ ਕੋਆਪਰੇਟਿਵ ਸੋਸਾਇਟੀ ਦੀ ਆਸਾਮੀ ਲਈ ਸਿਫਾਰਸ਼ ਕੀਤੀ ਹੈ। ਗੌਰਤਲਬ ਹੈ ਕਿ ਵਿੰਗ ਕਮਾਂਡਰ ਐੱਮ. ਐੱਸ. ਢਿੱਲੋਂ ਨੇ ਅਰੁਣਾਂਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚੋਂ ਸਿਵਲੀਅਨਾਂ ਨੂੰ ਬਾਹਰ ਕੱਢਦੇ ਸਮੇਂ ਹਵਾਈ ਹਾਦਸੇ ਵਿਚ ਆਪਣਾ ਬਲੀਦਾਨ ਦਿੱਤਾ ਸੀ।

ਇਸੇ ਤਰ੍ਹਾਂ ਹੀ ਸ਼ਹੀਦ ਲਾਂਸ ਨਾਇਕ ਸੰਦੀਪ ਸਿੰਘ ਦੀ ਵਿਧਵਾ ਗੁਰਪ੍ਰੀਤ ਕੌਰ ਅਤੇ ਗੁਰਦਾਸਪੁਰ ਦੇ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੀ ਵਿਧਵਾ ਰਾਜਵਿੰਦਰ ਕੌਰ ਨੇ ਗਰੁੱਪ-ਬੀ ਜਾਂ ਸੀ ਦੀ ਆਸਾਮੀ ਲਈ ਬੇਨਤੀ ਕੀਤੀ ਸੀ। ਉਨ੍ਹਾਂ ਦੇ ਨਾਵਾਂ ਦੀ ਦਿਹਾਤੀ ਵਿਕਾਸ ਵਿਭਾਗ ਵਿਚ ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫ਼ਸਰ (ਐੱਸ.ਈ.ਪੀ.ਓ.) ਵਜੋਂ ਸਿਫਾਰਸ਼ ਕੀਤੀ ਗਈ ਹੈ।
ਇਸੇ ਤਰ੍ਹਾਂ ਹੀ ਪਠਾਨਕੋਟ ਦੇ ਸ਼ਹੀਦ ਗਨਰ ਸੁਖਦਿਆਲ ਦੀ ਵਿਧਵਾ ਪੱਲਵੀ ਸੈਣੀ ਨੇ ਗਰੁੱਪ-ਬੀ ਜਾਂ ਸੀ ਦੀ ਆਸਾਮੀ ਲਈ ਬੇਨਤੀ ਕੀਤੀ ਸੀ। ਕਮੇਟੀ ਨੇ ਉਸ ਦੇ ਨਾਂ ਦੀ ਸਹਿਕਾਰੀ ਸਭਾਵਾਂ ਵਿਚ ਇੰਸਪੈਕਟਰ ਦੀ ਆਸਾਮੀ ਲਈ ਸਿਫ਼ਾਰਸ਼ ਕੀਤੀ ਹੈ।

ਤਰਨਤਾਰਨ ਦੇ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੇ ਭਰਾ ਸ਼ਮਸ਼ੇਰ ਸਿੰਘ ਦੇ ਨਾਂ ਦੀ ਸਿਫਾਰਸ਼ ਨਾਇਬ ਤਹਿਸੀਲਦਾਰ ਵਜੋਂ ਕੀਤੀ ਗਈ ਹੈ। ਉਸ ਨੇ ਗਰੁੱਪ-ਬੀ ਜਾਂ ਸੀ ਦੀ ਨੌਕਰੀ ਲਈ ਬੇਨਤੀ ਕੀਤੀ ਸੀ। ਮੋਗਾ ਦੇ ਸ਼ਹੀਦ ਸਿਪਾਹੀ ਜਸਪ੍ਰੀਤ ਸਿੰਘ ਦੇ ਭਰਾ ਕੁਲਦੀਪ ਸਿੰਘ ਅਤੇ ਸੰਗਰੂਰ ਦੇ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੇ ਭਰਾ ਜਗਦੀਪ ਸਿੰਘ ਦੇ ਨਾਵਾਂ ਦੀ ਸਿਫਾਰਸ਼ ਪੁਲਸ ਵਿਭਾਗ ਵਿਚ ਕਾਂਸਟੇਬਲ ਵਜੋਂ ਕੀਤੀ ਹੈ ਕਿਉਂਕਿ ਉਨ੍ਹਾਂ ਦੀ ਵਿੱਦਿਅਕ ਯੋਗਤਾ ਸੈਕੰਡਰੀ ਪੱਧਰ ਦੀ ਹੈ। ਇਨ੍ਹਾਂ ਸਾਰੇ ਸ਼ਹੀਦਾਂ ਨੇ ਜੰਮੂ ਅਤੇ ਕਸ਼ਮੀਰ ਵਿਚ ਅੱਤਵਾਦ ਵਿਰੁੱਧ ਵੱਖ-ਵੱਖ ਆਪਰੇਸ਼ਨਾਂ ਦੌਰਾਨ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਹਨ।


Babita

Content Editor

Related News