ਪੰਜਾਬ ''ਚ ਵਿਦੇਸ਼ ਤੋਂ ਪੁੱਜੇ 94 ਹਜ਼ਾਰ ਤੋਂ ਜ਼ਿਆਦਾ NRI, 30 ਹਜ਼ਾਰ ਨੂੰ ਰੱਖਿਆ ਇਕਾਂਤ ''ਚ

Wednesday, Mar 25, 2020 - 10:40 AM (IST)

ਪੰਜਾਬ ''ਚ ਵਿਦੇਸ਼ ਤੋਂ ਪੁੱਜੇ 94 ਹਜ਼ਾਰ ਤੋਂ ਜ਼ਿਆਦਾ NRI, 30 ਹਜ਼ਾਰ ਨੂੰ ਰੱਖਿਆ ਇਕਾਂਤ ''ਚ

ਚੰਡੀਗੜ : ਕੋਵਿਡ-19 ਦੇ ਸੰਕਟ ਨਾਲ ਨਜਿੱਠਣ ਲਈ ਮੁਕੰਮਲ ਕਰਫਿਊ ਤੋਂ ਇਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਘਟਾਉਣ ਲਈ ਕਈ ਕਦਮਾਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨਾਂ ਨੇ ਸਥਿਤੀ ਨੂੰ ਹੋਰ ਪ੍ਰਭਾਵੀ ਤਰੀਕੇ ਨਾਲ ਸੰਭਾਲਣ ਲਈ ਪੁਲਸ ਅਤੇ ਸਿਵਲ ਪ੍ਰਸ਼ਾਸਨ ਲਈ ਵੀ ਕੁਝ ਐਲਾਨ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਦੂਰੀ ਬਣਾਈ ਰੱਖਣਾ ਅਤੇ ਕਰੋਨਾ ਪ੍ਰਭਾਵਿਤ ਮੁਲਕਾਂ ਤੋਂ ਵਾਪਸ ਆਉਣ ਵਾਲੇ ਸਾਰੇ ਲੋਕਾਂ ਨੂੰ ਲੱਭਣਾ ਅਤੇ ਉਨਾਂ ਦੀ ਜਾਂਚ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਸੂਬੇ ਵਿੱਚ 94000 ਐਨ. ਆਰ. ਆਈਜ਼. ਅਤੇ ਵਿਦੇਸ਼ੀ ਪਰਤੇ ਹਨ ਅਤੇ ਇਨਾਂ ਵਿੱਚੋਂ ਬਹੁਤਿਆਂ ਦਾ ਪਤਾ ਕਰ ਲਿਆ ਗਿਆ ਹੈ ਅਤੇ ਲਗਭਗ 30,000 ਨੂੰ ਇਕਾਂਤ ਵਿੱਚ ਰੱਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਬਾਕੀਆਂ ਨੂੰ ਵੀ ਲੱਭਣ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ ’ਚੋਂ ਆਉਣ ਵਾਲੇ ਕਿਸੇ ਵੀ ਨਵੇਂ ਵਿਅਕਤੀ ’ਤੇ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ-188 ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ 48,000 ਵਿਅਕਤੀਆਂ ਨੂੰ ਕਿਸੇ ਵੀ ਸੂਰਤ ਵਿੱਚ ਬਾਹਰ ਨਿਕਲਣ ਤੋਂ ਰੋਕਣ ਲਈ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਘਰੇਲੂ ਇਕਾਂਤਵਾਸ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਸਰਪੰਚ ਜਾਂ ਨੰਬਰਦਾਰ ਇਲਾਕਾ ਮੈਜਿਸਟ੍ਰੇਟ, ਡੀ.ਐਸ.ਪੀ. ਜਾਂ ਐਸ.ਐਚ.ਓ. ਨੂੰ ਰਿਪੋਰਟ ਕੀਤਾ ਜਾਵੇ ਜਾਂ ਫਿਰ 112 ਨੰਬਰ ’ਤੇ ਪੁਲਿਸ ਨੂੰ ਕਾਲ ਕਰਕੇ ਦੱਸਿਆ ਜਾਵੇ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਵਲੋਂ ਕਰਫਿਊ ਸਹਿਯੋਗ ਲਈ ਟੈਲੀਕਾਲਿੰਗ ਸ਼ੁਰੂ
ਮੁੱਖ ਮੰਤਰੀ ਨੇ ਕਿਹਾ ਕਿ ਕਰਫਿਊ ਨੂੰ ਜਾਰੀ ਰੱਖਣਾ ਜ਼ਰੂਰੀ ਹੈ ਅਤੇ ਇਸ ਨੂੰ ਚੰਗਾ ਹੁੰਗਾਰਾ ਵੀ ਮਿਲਿਆ ਹੈ ਪਰ ਇਸ ਦੇ ਨਾਲ ਹੀ ਨਾਗਰਿਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਘਟਾਉਣ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਕਰਫਿਊ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਪੂਰੀ ਤਰਾਂ ਡਿਪਟੀ ਕਮਿਸ਼ਨਰਾਂ ਦੀ ਨਿਗਰਾਨੀ ਹੇਠ ਸਖ਼ਤੀ ਨਾਲ ਲਾਗੂ ਕੀਤੇ ਜਾਣਗੇ ਅਤੇ ਡਿਪਟੀ ਕਮਿਸ਼ਨਰ ਹੀ ਇਹ ਯਕੀਨੀ ਬਣਾਉਣਗੇ ਕਿ ਜ਼ਰੂਰੀ ਸਾਮਾਨ ਦੀ ਸਪਲਾਈ ਅਤੇ ਸੇਵਾਵਾਂ ਲੋਕਾਂ ਦੀ ਪਹੁੰਚ ਵਿੱਚ ਹੋਵੇ।
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਹਾਲਤਾਂ ਵਿੱਚ ਲੋਕਾਂ ਵੱਲੋਂ ਹੰਢਾਈਆਂ ਜਾ ਰਹੀਆਂ ਸਮੱਸਿਆਵਾਂ ਨੂੰ ਉਹ ਸਮਝਦੇ ਹਨ ਅਤੇ ਉਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਹੈ ਕਿ ਜਿੱਥੇ ਵੀ ਸੰਭਵ ਹੋਵੇ ਪਹਿਲਾਂ ਹੀ ਸ਼ਨਾਖ਼ਤ ਕੀਤੇ ਹਾਕਰਾਂ, ਵਿਕ੍ਰੇਤਾਵਾਂ ਰਾਹੀਂ ਕਰਿਆਨਾ, ਦੁੱਧ, ਫਲ ਅਤੇ ਸਬਜ਼ੀਆਂ ਵਰਗੀਆਂ ਜ਼ਰੂਰੀ ਵਸਤਾਂ ਨੂੰ ਘਰ-ਘਰ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ। ਇਸੇ ਤਰਾਂ ਕਰਫਿਊ ਪ੍ਰਬੰਧਨ ਪ੍ਰਣਾਲੀ ਦੀ ਲੜੀ ਵਜੋਂ ਐਸ.ਡੀ.ਐਮ. ਜਾਂ ਇਲਾਕਾ ਮੈਜਿਸਟ੍ਰੇਟ ਵੱਲੋਂ ਹਰੇਕ ਸਵੇਰ ਦੁੱਧ, ਬਰੈਡ, ਬਿਸਕੁਟ, ਆਂਡੇ ਅਤੇ ਹੋਰ ਸਬੰਧਤ ਵਸਤਾਂ ਘਰਾਂ ਵਿੱਚ ਪਹੁੰਚਾਉਣ ਲਈ ਰੇਹੜੀ ਵਾਲਿਆਂ ਨੂੰ ਮਨੋਨੀਤ ਕੀਤਾ ਜਾਵੇ।
ਮੁੱਖ ਮੰਤਰੀ ਨੇ ਦੱਸਿਆ ਕਰਫਿਊ ਪ੍ਰਬੰਧਨ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਆਮ ਛੋਟ ਮੁਕੰਮਲ ਤੌਰ ’ਤੇ ਵਰਜਿਤ ਹੈ ਅਤੇ ਕਰਫਿਊ ਪਾਸ ਤੋਂ ਬਿਨਾਂ ਕਿਸੇ ਵੀ ਵਾਹਨ ਦੇ ਚੱਲਣ ਦੀ ਇਜਾਜ਼ਤ ਨਹੀਂ ਹੈ। ਸਿਰਫ਼ ਹੰਗਾਂਮੀ ਸਮੇਂ ਦੇ ਮੌਕੇ ਲੋਕ ਕਰਿਆਨਾ, ਦੁੱਧ, ਫਲ ਤੇ ਸਬਜ਼ੀਆਂ ਅਤੇ ਦਵਾਈਆਂ/ਕੈਮਿਸਟਾਂ ਕੋਲ ਪੈਦਲ ਜਾ ਸਕਦੇ ਹਨ ਅਤੇ ਡਾਕਟਰਾਂ ਕੋਲ ਜਾਂ ਨਰਸਿੰਗ ਹੋਮ ਵੀ ਜਾ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਘਰਾਂ ਵਿੱਚ ਸਮਾਨ ਪਹੁੰਚਾਉਣ ਅਤੇ ਇਜਾਜ਼ਤ ਦੇਣ, ਜਿੱਥੇ ਵੀ ਲੋੜ ਹੋਵੇ, ਲਈ ਡਿਪਟੀ ਕਮਿਸ਼ਨਰ ਫੋਨ ਨੰਬਰਾਂ ਦੀ ਜਾਣਕਾਰੀ ਦਾ ਪਸਾਰ ਕਰਨਗੇ, ਜਿਸ ਤਹਿਤ ਮੈਡੀਕਲ ਸਹਾਇਤਾ ਅਤੇ ਹੋਰ ਜ਼ਰੂਰਤਾਂ ਆਦਿ ਲਈ ਅਸਥਾਈ ਤੌਰ ’ਤੇ ਬਾਹਰ ਜਾਣ ਵਾਸਤੇ ਇਜਾਜ਼ਤ ਦੇਣਗੇ। ਹੰਗਾਮੀ ਸਥਿਤੀ ਦੀ ਸੂਰਤ ਵਿੱਚ ਕੋਈ ਵੀ ਨਾਗਰਿਕ ਜਾਂ ਵਾਸੀ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਹਾਸਲ ਕਰਨ ਲਈ ਪੁਲਿਸ ਜਾਂ ਸਿਵਲ ਕੰਟਰੋਲ ਰੂਮ ’ਤੇ ਕਾਲ ਕਰ ਸਕਦਾ ਹੈ।

ਇਹ ਵੀ ਪੜ੍ਹੋ : ਦੇਸ਼ ਭਰ 'ਚ ਲਾਕਡਾਊਨ ਦੇ ਬਾਵਜੂਦ 'ਅੰਮ੍ਰਿਤਸਰ' 'ਚ ਲੱਗੀ ਭਾਰੀ ਭੀੜ
ਮੁੱਖ ਮੰਤਰੀ ਨੇ ਕਿਹਾ ਕਿ ਪੁਲਸ ਤੇ ਸਿਵਲ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਹੋਈਆਂ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਨਾਗਰਿਕਾਂ ਨੂੰ ਨਾ ਤਾਂ ਕੋਈ ਮੁਸ਼ਕਲ ਪੇਸ਼ ਆਵੇ ਤੇ ਨਾ ਹੀ ਇਸ ਔਖੇ ਸਮੇਂ ਵਿੱਚ ਉਹ ਤੰਗ-ਪ੍ਰੇਸ਼ਾਨ ਹੋਣ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਕ੍ਰਮਵਾਰ ਸਬਜ਼ੀਆਂ ਅਤੇ ਕਰਿਆਨੇ ਨੂੰ ਘਰ-ਘਰ ਪਹੁੰਚਾਉਣ ਸਬੰਧੀ ਪ੍ਰਣਾਲੀ ਨੂੰ ਅਮਲ ਵਿੱਚ ਲਿਆਉਣ ਨੂੰ ਯਕੀਨੀ ਬਣਾਉਣ ਲਈ ਜ਼ਿਲਾ ਮੰਡੀ ਅਫਸਰਾਂ/ਮਾਰਕੀਟ ਕਮੇਟੀ ਸਕੱਤਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਕਿ ਕਰਫਿਊ ਦੌਰਾਨ ਢਿੱਲ ਦੇ ਨਾਲ ਵੱਡੀ ਗਿਣਤੀ ’ਚ ਲੋਕ ਦੁਕਾਨਾਂ ’ਤੇ ਨਾ ਜੁੜਨ ਕਿਉਂ ਜੋ ਇਸ ਨਾਲ ਅਮਨ ਕਾਨੂੰਨ ਦੀ ਸਥਿਤੀ ਖ਼ਰਾਬ ਹੋ ਸਕਦੀ ਹੈ। ਉਨਾਂ ਸੁਝਾਅ ਦਿੱਤਾ ਕਿ ਕੁਝ ਵੱਡੇ ਮਾਲ ਅਤੇ ਕਾਰੋਬਾਰੀ ਵੀ ਘਰ-ਘਰ ਸਾਮਾਨ ਪਹੁੰਚਾਉਣ ਦੇ ਕੰਮ ਵਿੱਚ ਨਾਲ ਜੋੜੇ ਜਾ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕਰਿਆਨੇ ਦੀਆਂ ਦੁਕਾਨਾਂ, ਦੁੱਧ ਵਿਕ੍ਰੇਤਾਵਾਂ, ਫਲ ਤੇ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਕੈਮਿਸਟਾਂ ਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਆਮ ਇਜਾਜ਼ਤ ਦੇਣ ਦੀ ਬਜਾਏ ਉਨਾਂ ਨੂੰ ਵਾਰੀ ਸਿਰ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਕ ਸਮੇਂ ’ਤੇ ਸਬੰਧਤ ਇਲਾਕੇ ਵਿੱਚ ਘੱਟੋ-ਘੱਟ ਇਕ ਦੁਕਾਨ ਖੁੱਲੇ। ਅਜਿਹੀਆਂ ਦੁਕਾਨਾਂ ਨੂੰ ਕਾਲ ਕਰਨ ’ਤੇ ਘਰ-ਘਰ ਸਾਮਾਨ ਪਹੁੰਚਾਉਣ ਦੀ ਵੀ ਆਗਿਆ ਹੋਵੇਗੀ। ਇਜਾਜ਼ਤ ਨਾਲ ਖੁੱਲਣ ਵਾਲੀਆਂ ਦੁਕਾਨਾਂ ’ਤੇ ਬਹੁਤੀ ਭੀੜ ਨੂੰ ਰੋਕਣ ਅਤੇ ਲੋੜੀਂਦੀ ਦੂਰੀ ਬਣਾਈ ਰੱਖਣ ਲਈ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਨੂੰ ਯਕੀਨੀ ਬਣਾਉਣ ਵਾਸਤੇ 1 ਜਾਂ 2 ਪੁਲਿਸ ਵਾਲਿਆਂ ਦੀ ਨਿਗਰਾਨੀ ਹੇਠ ਕੰਮ ਕੀਤਾ ਜਾਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਆਮ ਲੋਕਾਂ ਅਤੇ ਖਾਸ ਕਰਕੇ ਕਮਜ਼ੋਰ ਤਬਕਿਆਂ ਦੀਆਂ ਸਾਰੀਆਂ ਜਾਇਜ਼ ਲੋੜਾਂ ਦੀ ਪੂਰਤੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਨੇ ਦੁਹਰਾਉਂਦਿਆਂ ਆਖਿਆ ਕਿ ਮੌਜੂਦਾ ਹਾਲਤਾਂ ਵਿੱਚ ਕਰਫਿਊ ਲਾਉਣਾ ਜ਼ਰੂਰੀ ਸੀ ਅਤੇ ਉਨਾਂ ਨੇ ਲੋਕਾਂ ਨੂੰ ਆਪਣੇ ਸੂਬੇ ਅਤੇ ਮੁਲਕ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਵੇਰਕਾ ਨੇ ਦੁੱਧ ਦੀ ਡੋਰ-ਟੂ-ਡੋਰ ਸਪਲਾਈ ਲਈ ਜਾਰੀ ਕੀਤੇ ਨੰਬਰ


author

Babita

Content Editor

Related News