ਕੈਪਟਨ ਨੇ ਖਿਚਵਾਈ ਫੋਟੋ, ਸਮਾਜ ਸੇਵੀ ਨੇ ਲਾਹਿਆ ਕਰਜ਼ਾ

01/08/2019 8:36:44 AM

ਬਟਾਲਾ, (ਮਠਾਰੂ) – ਸੂਬੇ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਸਰਕਾਰ ਹੋਂਦ ’ਚ ਆਉਣ ਤੋਂ ਪਹਿਲਾਂ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਪਹਿਲੇ ਨੰਬਰ ’ਤੇ ਮੁਆਫ਼ ਕਰਦਿਆਂ ਸੂਬੇ ਵਿਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ  ਸੀ ਪਰ ਲਗਭਗ 2 ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ।  ਬਟਾਲਾ ਦੇ ਸਮਾਜ ਸੇਵੀ  ਤੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਡਾ. ਸਤਨਾਮ ਸਿੰਘ ਨਿੱਝਰ ਵੱਲੋਂ ਪਹਿਲਕਦਮੀ ਕਰਦਿਆਂ ਕਰਜ਼ੇ ’ਚ ਡੁੱਬੇ ਕਿਸਾਨ ਬੁੱਧ ਸਿੰਘ ਦਾ 2 ਲੱਖ ਰੁਪਏ ਦਾ ਕਰਜ਼ਾ ਆਪਣੀ ਜੇਬ ’ਚੋਂ ਦਿੱਤਾ।

ਦੱਸਣਯੋਗ ਹੈ ਕਿ 12 ਅਕਤੂਬਰ, 2016 ਨੂੰ ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਹਲਕੇ ਦੇ ਅੰਦਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿਚ ਪ੍ਰਚਾਰ ਕਰਨ  ਲਈ ਆਏ ਸਨ। ਇਸ ਦੌਰਾਨ ਪਿੰਡ ਕੋਟਲੀ ਸੂਰਤ ਮੱਲੀ ਵਿਖੇ ਕਿਸਾਨ ਬੁੱਧ ਸਿੰਘ ਦੇ ਨਾਲ ਮੁਲਾਕਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਕਿਸਾਨਾਂ ਲਈ ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਦਾ ਨਾਅਰਾ ਦਿੱਤਾ ਗਿਆ ਸੀ, ਜਿਸ ਤਹਿਤ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮੁਆਫ਼ੀ ਵਾਲਾ ਫਾਰਮ ਭਰ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਐਲਾਨ ਕਰਦਿਆਂ ਸਭ ਤੋਂ ਪਹਿਲਾਂ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮੁਆਫ਼ ਕਰਨ ਲਈ ਵਾਅਦਾ ਕੀਤਾ ਸੀ। ਚੋਣਾਂ  ਦੌਰਾਨ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਕਿਸਾਨ ਬੁੱਧ ਸਿੰਘ ਦੀ ਤਸਵੀਰ ਵਾਲੇ ਪੋਸਟਰ ਵੀ ਜਾਰੀ ਕੀਤੇ ਗਏ ਸਨ ਪਰ 2 ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕਿਸਾਨ ਬੁੱਧ ਸਿੰਘ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ, ਜਦ ਕਿ ਉਸ ਨੂੰ ਬੈਂਕ ਵੱਲੋਂ ਕੁਰਕੀ ਦਾ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਸਮਾਜ ਸੇਵੀ ਆਗੂ ਤੇ ਉਤਮ ਸਿੰਘ ਨਿੱਝਰ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਡਾ. ਸਤਨਾਮ ਸਿੰਘ ਨਿੱਝਰ ਨੇ ਪੰਜਾਬ ਗ੍ਰਾਮੀਣ ਬੈਂਕ ਦੀ ਸ਼ਾਖਾ ਕੋਟਲੀ ਸੂਰਤ ਮੱਲੀ ਵਿਖੇ ਪਹੁੰਚ ਕੇ ਪੀਡ਼ਤ ਕਿਸਾਨ ਬੁੱਧ ਸਿੰਘ ਦੀ ਮੌਜੂਦਗੀ ’ਚ ਬੈਂਕ ਮੈਨੇਜਰ ਦੇਸ ਰਾਜ ਨੂੰ 2 ਲੱਖ ਰੁਪਏ ਦਾ ਚੈੱਕ ਆਪਣੇ ਵੱਲੋਂ ਭੇਟ ਕਰਦਿਆਂ 3 ਲੱਖ 86 ਹਜ਼ਾਰ ਰੁਪਏ ਦੇ ਕਰਜ਼ੇ ’ਚੋਂ ਅਦਾਇਗੀ ਕੀਤੀ ਹੈ। 
 


Related News