ਤਿਆਰ ਰਹਿਣ ਪੰਜਾਬ ਦੇ ਲੋਕ, ਸੂਬਾ ਸਰਕਾਰ ਦੇਣ ਜਾ ਰਹੀ ਹੈ ਇਹ ਵੱਡਾ ਝਟਕਾ

07/19/2017 3:57:47 PM

ਚੰਡੀਗੜ੍ਹ : ਚੋਣਾਂ ਦੌਰਾਨ ਵੱਡੇ ਵਾਅਦੇ ਕਰਕੇ ਸੱਤਾ ਵਿਚ ਆਈ ਕੈਪਟਨ ਸਰਕਾਰ ਨੇ ਸੂਬੇ ਨੂੰ ਮਾੜੀ ਮਾਲੀ ਹਾਲਤ 'ਚੋਂ ਬਾਹਰ ਕੱਢਣ ਅਤੇ ਖਜ਼ਾਨਾ ਭਰਨ ਲਈ ਸਿਧਾਂਤਕ ਤੌਰ 'ਤੇ ਕਰੀਬ ਇਕ ਹਜ਼ਾਰ ਕਰੋੜ ਰੁਪਏ ਦੇ ਟੈਕਸ ਲਾਉਣ ਦਾ ਫੈਸਲਾ ਕਰ ਲਿਆ ਹੈ। ਇਸ 'ਤੇ ਅੰਤਿਮ ਮੋਹਰ ਪੰਜਾਬ ਵਜ਼ਾਰਤ ਦੀ 25 ਜੁਲਾਈ ਨੂੰ ਹੋ ਰਹੀ ਮੀਟਿੰਗ ਲੱਗ ਸਕਦੀ ਹੈ। ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਸਰਕਾਰ ਦੇ ਖਜ਼ਾਨੇ ਦੀ ਹਾਲਤ ਕਾਫੀ ਪਤਲੀ ਹੋ ਗਈ ਸੀ ਅਤੇ ਓਵਰ ਡਰਾਫਟ ਇਸ ਤਰ੍ਹਾਂ ਵੱਧ ਗਿਆ ਸੀ ਕਿ ਭਾਰਤੀ ਰਿਜ਼ਰਵ ਬੈਂਕ ਨੇ ਪੰਜਾਬ ਸਰਕਾਰ ਦੇ ਲੈਣ-ਦੇਣ 'ਤੇ ਪਾਬੰਦੀ ਲਗਾ ਦਿੱਤੀ ਸੀ। ਜਿਸ ਸਮੇਂ ਆਰ. ਬੀ. ਆਈ. ਵਲੋਂ ਇਹ ਪਾਬੰਦੀ ਲਗਾਈ ਗਈ ਸੀ ਉਸ ਸਮੇਂ ਕੈਪਟਨ ਸਰਕਾਰ ਨੂੰ ਸੱਤਾ ਵਿਚ ਆਈ ਨੂੰ ਕੁਝ ਦਿਨ ਹੀ ਹੋਏ ਸਨ। ਹੁਣ ਕਾਂਗਰਸ ਨੇ ਮੁੜ ਸਰਕਾਰ ਦੇ ਖਜ਼ਾਨੇ ਨੂੰ ਭਰਨ ਲਈ ਸਿਧਾਂਤਕ ਤੌਰ 'ਤੇ ਕਰੀਬ ਇਕ ਹਜ਼ਾਰ ਕਰੋੜ ਰੁਪਏ ਦੇ ਟੈਕਸ ਲਾਉਣ ਦਾ ਫੈਸਲਾ ਕਰ ਲਿਆ ਹੈ।
ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਨਪ੍ਰੀਤ ਬਾਦਲ ਦੀ ਹਾਜ਼ਰੀ ਵਿਚ ਵਿੱਤ ਵਿਭਾਗ ਸਮੇਤ ਇਕ ਦਰਜਨ ਤੋਂ ਵੱਧ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਸੰਬੰਧੀ ਮੀਟਿੰਗ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਮੀਟਿੰਗ ਵਿਚ ਪ੍ਰੋਫੈਸ਼ਨਲ ਟੈਕਸ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਿਜਲੀ ਡਿਊਟੀ ਦੋ ਫੀਸਦੀ ਵਧਾਉਣ ਨੂੰ ਵੀ ਸਿਧਾਂਤਕ ਪ੍ਰਵਾਨਗੀ ਦਿੱਤੀ ਗਈ ਹੈ, ਬਿਜਲੀ ਡਿਊਟੀ ਵਧਣ ਨਾਲ ਬਿਜਲੀ ਦਰਾਂ ਵਧਣ ਦੇ ਵੀ ਆਸਾਰ ਹਨ। ਜਿਸ ਦਾ ਸਿੱਧਾ ਅਸਰ ਲੋਕਾਂ 'ਤੇ ਪੈਣਾ ਸੰਭਵ ਹੈ। ਟਰਾਂਸਪੋਰਟ ਸੰਬੰਧੀ ਟੈਕਸ ਵੀ ਹਰਿਆਣਾ ਸਰਕਾਰ ਦੇ ਪੈਟਰਨ 'ਤੇ ਵਸੂਲਣ ਦੀ ਤਜਵੀਜ਼ ਹੈ, ਜਿਸ ਨਾਲ ਸਿੱਧੇ ਤੌਰ 'ਤੇ ਸਰਕਾਰ ਖਜ਼ਾਨੇ ਨੂੰ ਲਾਭ ਪਹੁੰਚੇਗਾ। ਇਸ ਤੋਂ ਇਲਾਵਾ ਅਸ਼ਟਾਮ ਡਿਊਟੀ ਦੇ ਬਕਾਏ ਵਸੂਲਣ 'ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸਰਕਾਰ ਨੂੰ ਇਕ ਹਜ਼ਾਰ ਕਰੋੜ ਰੁਪਏ ਮਿਲਣ ਦੀ ਆਸ ਹੈ।


Related News