ਇੰਪਰੂਵਮੈਂਟ ਟਰੱਸਟ ਘੋਟਾਲੇ ''ਚੋਂ ਬਰੀ ਹੋਣ ''ਤੇ ਬੋਲੇ ਕੈਪਟਨ (ਵੀਡੀਓ)

Friday, Jul 27, 2018 - 07:14 PM (IST)

ਚੰਡੀਗੜ੍ਹ (ਮਨਮੋਹਨ) : ਮੋਹਾਲੀ ਅਦਾਲਤ ਨੇ 10 ਸਾਲ ਪੁਰਾਣੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੋਟਾਲਾ ਮਾਮਲੇ 'ਚ ਕੈਂਸਲੇਸ਼ਨ ਰਿਪੋਰਟ ਮਨਜ਼ੂਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਆਸੀ ਰੰਜਿਸ਼ ਤਹਿਤ ਦਰਜ ਹੋਏ ਇਸ ਮਾਮਲੇ 'ਚ ਜਿਥੇ ਉਨ੍ਹਾਂ ਨੂੰ ਪ੍ਰੇਸ਼ਾਨੀ ਹੋਈ, ਉਥੇ ਹੀ ਇਸ ਕੇਸ 'ਚ 500 ਸੁਣਵਾਈਆਂ ਹੋਣ ਕਾਰਨ ਕੋਰਟ ਅਤੇ ਸਰਕਾਰ ਦਾ ਸਮਾਂ ਤੇ ਪੈਸਾ ਦੋਵੇਂ ਬਰਬਾਦ ਹੋਏ ਹਨ। 
ਇਸਦੇ ਨਾਲ ਹੀ ਕੈਪਟਨ ਨੇ ਇਹ ਸਾਫ ਕਿਹਾ ਕਿ ਵਿਜੀਲੈਂਸ, ਸਰਕਾਰ ਦੇ ਹੁਕਮਾਂ ਮੁਤਾਬਕ ਹੀ ਕੰਮ ਕਰਦੀ ਹੈ ਅਤੇ ਪਿਛਲੀ ਬਾਦਲ ਸਰਕਾਰ ਦੇ ਸਮੇਂ ਵਿਜੀਲੈਂਸ ਨੇ ਸਿਆਸੀ ਦਬਾਅ ਹੇਠ ਹੀ ਉਨ੍ਹਾਂ 'ਤੇ ਕੇਸ ਦਰਜ ਕੀਤਾ ਸੀ ਹਾਲਾਂਕਿ ਮੌਜੂਦਾ ਕਾਂਗਰਸ ਸਰਕਾਰ ਸਮੇਂ ਵਿਜੀਲੈਂਸ ਵਲੋਂ ਦਰਜ ਕੀਤੇ ਜਾ ਰਹੇ ਮਾਮਲਿਆਂ ਬਾਰੇ ਪੁੱਛੇ ਜਾਣ 'ਤੇ ਕੈਪਟਨ ਦਾ ਜਵਾਬ ਸੀ ਕਿ ਉਹ ਸਿਰਫ ਸਿਆਸੀ ਮਾਮਲਿਆਂ ਦੀ ਗੱਲ ਕਰ ਰਹੇ ਹਨ। 
ਸਾਲ 2008 'ਚ ਬਾਦਲ ਸਰਕਾਰ ਸਮੇਂ ਵਿਜੀਲੈਂਸ ਬਿਊਰੋ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੀ 32 ਏਕੜ ਜ਼ਮੀਨ 'ਚ ਗੈਰਕਾਨੂੰਨੀ ਢੰਗ ਨਾਲ ਇਕ ਪ੍ਰਾਈਵੇਟ ਡਿਵੈੱਲਪਰ ਨੂੰ ਟਰਾਂਸਫਰ ਕਰਨ ਦੇ ਦੋਸ਼ ਤਹਿਤ ਕੈਪਟਨ ਅਮਰਿੰਦਰ ਸਿੰਘ ਸਣੇ 17 ਲੋਕਾਂ ਖਿਲਾਫ ਕੇਸ ਦਰਜ ਕੀਤਾ ਸੀ। ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਵਿਜੀਲੈਂਸ ਨੇ ਇਸ ਕੇਸ 'ਚ ਕੈਪਟਨ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਤੇ ਹੁਣ ਅਦਾਲਤ ਨੇ ਇਸ ਕੇਸ ਦੀ ਕੈਂਸੀਲੇਸ਼ਨ ਰਿਪੋਰਟ ਮਨਜ਼ੂਰ ਕਰ ਲਈ ਹੈ।


Related News