ਪੰਜਾਬ ਦੇ ਲੋਕ ਅਕਾਲੀ-ਭਾਜਪਾ ਗੱਠਜੜ ਨੂੰ ਜੜ੍ਹੋਂ ਉਖਾੜ ਦੇਣਗੇ : ਕੈਪਟਨ

07/12/2016 6:42:44 PM

ਤਪਾ ਮੰਡੀ (ਮਾਰਕੰਡਾ,ਮੇਸ਼ੀ, ਸ਼ਾਮ, ਗਰਗ)— ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਕਾਂਗਰਸ ਨੇ ਮੰਗਲਵਾਰ ਨੂੰ ''ਹਲਕੇ ਵਿਚ ਕੈਪਟਨ'' ਮੁਹਿੰਮ ਤਹਿਤ ਤਪਾ ਦੀ ਪੁਰਾਣੀ ਦਾਣਾ ਮੰਡੀ ਵਿਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਪੰਜਾਬ ਨੂੰ 9 ਵਰ੍ਹਿਆਂ ਦੌਰਾਨ ਲੁੱਟ-ਲੁੱਟ ਕੇ ਕੰਗਾਲ ਕਰ ਛੱਡਿਆ ਹੈ। ਲੋਕਾਂ ਨੂੰ ਆਪਣੀਆਂ ਆਮ ਜ਼ਰੂਰਤਾਂ ਲਈ ਦਰ-ਦਰ ਦੇ ਧੱਕੇ ਖਾਣੇ ਪੈ ਰਹੇ ਹਨ। ਪੰਜਾਬ ਦੀ ਸਨਅੱਤ ਬਾਦਲਾਂ ਦੇ ਟੈਕਸਾਂ ਤੋਂ ਤਪ ਕੇ ਹੋਰਨਾਂ ਸੂਬਿਆਂ ਵਿਚ ਪਲਾਇਨ ਕਰ ਚੁੱਕੀ ਹੈ। ਜਿਸ ਕਾਰਨ ਨੌਜਵਾਨ ਬੇਰੋਜ਼ਗਾਰ ਹੋ ਕੇ ਨਸ਼ਿਆਂ ਦੇ ਆਦੀ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ''ਤੇ ਨੌਜਵਾਨਾਂ ਨੂੰ ਨਸ਼ੇ ਛੁਡਵਾ ਕੇ ਨੌਕਰੀਆਂ ਤੇ ਲਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਆਪਣੇ ਆਖਰੀ ਸਾਹਾਂ ''ਤੇ ਹੈ। ਚੋਣ ਜ਼ਾਬਤਾ ਲਾਗੂ ਹੋਣ ਦੀ ਦੇਰ ਹੈ ਫਿਰ ਦੇਖਣਾ ਅਕਾਲੀਆਂ ਦਾ ਘਰਂੋ ਨਿਕਲਣਾ ਦੁੱਭਰ ਹੋ ਜਾਵੇਗਾ। ਉਨ੍ਹਾਂ ਇੰਕਸ਼ਾਫ਼ ਕੀਤਾ ਕਿ ਕਈ ਅਕਾਲੀ ਆਗੂਆਂ ਨੇ ਉਨ੍ਹਾਂ ਨਾਲ ਰਾਬਤਾ ਜੋੜ ਰੱਖਿਆ ਹੈ ਜੋ ਚੋਣਾਂ ਦਾ ਐਲਾਨ ਹੋਣ ''ਤੇ ਅਕਾਲੀਆਂ ਨੂੰ ਅਲਵਿਦਾ ਕਹਿ ਕਾਂਗਰਸ ''ਚ ਰਲ ਜਾਣਗੇ। ਪੰਜਾਬ ਦੇ ਲੋਕ ਅਕਾਲੀ-ਭਾਜਪਾ ਗੱਠਜੜ ਨੂੰ ਜੜ੍ਹੋਂ ਉਖਾੜ ਦੇਣਗੇ। ਕੈਪਟਨ ਨੇ ਕਿਹਾ ਕਿ ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਮੁੜ ਵਿਕਾਸ ਦੇ ਰਾਹ ''ਤੇ ਤੋਰ ਸਕਦੀ ਹੈ।
ਉਨ੍ਹਾਂ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ''ਤੇ ਵੀ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਸਾਨੂੰ ਹੀ ਕਿਸਾਨਾਂ ਦੀ ਔਖੀ ਘੜੀ ਵਿਚ ਉਨ੍ਹਾਂ ਖਾਤਰ ਲਕੀਰ ਖਿੱਚ ਕੇ ਖੜ੍ਹਣਾ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਬਣਨ ''ਤੇ ਸਾਰੇ ਮਸਲੇ 6 ਮਹੀਨਿਆਂ ਅੰਦਰ ਹੱਲ ਕੀਤੇ ਜਾਣਗੇ। ਕੈਪਟਨ ਨੇ ਚਿੱਟੀ ਟੋਪੀ ਵਾਲਿਆਂ ''ਤੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਇਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਬਲਕਿ ਇਨ੍ਹਾਂ ਦਾ ਬਾਹਰਲੇ ਸੂਬਿਆਂ ਨਾਲ ਸੰਬੰਧ ਹੋਣ ਕਰਕੇ ਪੰਜਾਬ ਨਾਲ ਇਨ੍ਹਾਂ ਦਾ ਕੋਈ ਹਿੱਤ ਨਹੀਂ। ਇਸ ਦੌਰਾਨ ਵਿਧਾਇਕ ਮੁਹੰਮਦ ਸਦੀਕ ਨੇ ਅਕਾਲੀ-ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਹਰ ਫਰੰਟ ''ਤੇ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੁੱਝ ਅਕਾਲੀ ਲੀਡਰਾਂ ਦੀ ਮਿਲੀਭੁਗਤ ਕਾਰਨ ਚਿੱਟੀ ਮੱਖੀ ਦੇ ਹਮਲੇ ਨੂੰ ਰੋਕਿਆ ਨਹੀਂ ਜਾ ਸਕਿਆ। ਅਕਾਲੀਆਂ ਵੱਲੋਂ ਹਲਕਾ ਭਦੌੜ ਦੇ ਵਿਕਾਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਰੋੜਾਂ ਰੁਪਇਆਂ ਦੀਆਂ ਗ੍ਰਾਂਟਾਂ ਖ਼ੁਰਦ ਬੁਰਦ ਹੋ ਕੇ ਰਹਿ ਗਈਆਂ।


Gurminder Singh

Content Editor

Related News