ਕੈਪਟਨ ਖਿਲਾਫ ਇਨਕਮ ਟੈਕਸ ਵਿਭਾਗ ਦੇ ਮੁਕੱਦਮੇ ''ਤੇ ਨਹੀਂ ਹੋਈ ਸੁਣਵਾਈ, ਅੱਗੇ ਪਈ ਤਰੀਕ

12/21/2019 9:00:45 PM

ਲੁਧਿਆਣਾ,(ਮਹਿਰਾ): ਇਨਕਮ ਟੈਕਸ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਖਿਲਾਫ ਲੁਧਿਆਣਾ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪੀ. ਐੱਸ. ਕਾਲੇਕਾ ਦੀ ਅਦਾਲਤ ਵਿਚ ਚੱਲ ਰਹੀਆਂ ਇਨਕਮ ਟੈਕਸ ਵਿਭਾਗ ਸਬੰਧੀ ਸ਼ਿਕਾਇਤਾਂ 'ਤੇ ਅੱਜ ਕੋਈ ਸੁਣਵਾਈ ਨਹੀਂ ਹੋ ਸਕੀ। ਉਕਤ ਕੇਸ ਦੀ ਸੁਣਵਾਈ ਅਦਾਲਤ ਵੱਲੋਂ 20 ਦਸੰਬਰ ਨਿਰਧਾਰਤ ਕੀਤੀ ਗਈ ਸੀ ਪਰ 20 ਦਸੰਬਰ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪੀ. ਐੱਸ. ਕਾਲੇਕਾ ਦੇ ਛੁੱਟੀ 'ਤੇ ਹੋਣ ਕਾਰਨ ਇਨ੍ਹਾਂ 'ਤੇ ਕੋਈ ਸੁਣਵਾਈ ਨਹੀਂ ਹੋ ਸਕੀ ਸੀ।

ਅੱਜ ਹੋਈ ਸੁਣਵਾਈ 'ਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪੀ. ਐੱਸ. ਕਾਲੇਕਾ ਨੇ ਸ਼ਿਕਾਇਤਾਂ 'ਤੇ ਦੋਵਾਂ ਨੂੰ ਅਦਾਲਤ 'ਚ ਤਲਬ ਕਰਨ ਲਈ ਬਹਿਸ ਸੁਣਨ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੇ ਕੇਸਾਂ ਦੀ ਅਗਲੀ ਸੁਣਵਾਈ 3 ਜਨਵਰੀ ਨਿਰਧਾਰਤ ਕੀਤੀ ਹੈ। ਇਨਕਮ ਟੈਕਸ ਵਿਭਾਗ ਵੱਲੋਂ ਆਪਣੀਆਂ ਗਵਾਹੀਆਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਅਦਾਲਤ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਅਦਾਲਤ ਵਿਚ ਤਲਬ ਕਰਨ ਜਾਂ ਨਾ ਕਰਨ 'ਤੇ ਬਹਿਸ ਨੂੰ ਲੈ ਕੇ ਕੇਸ ਨੂੰ ਰੱਦ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਇਨਕਮ ਟੈਕਸ ਵਿਭਾਗ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਖਿਲਾਫ ਦਾÎਇਰ ਸਾਰੇ ਕੇਸਾਂ ਵਿਚ ਆਪਣੀਆਂ ਗਵਾਹੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਨਕਮ ਟੈਕਸ ਵਿਭਾਗ ਵੱਲੋਂ ਕੁਝ ਦਸਤਾਵੇਜ਼ਾਂ ਨੂੰ ਅਦਾਲਤ ਸਾਹਮਣੇ ਰੱਖਣ ਲਈ ਲਾਈਆਂ ਅਰਜ਼ੀਆਂ ਨੂੰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪੀ. ਐੱਸ. ਕਾਲੇਕਾ ਵੱਲੋਂ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਵਿਭਾਗ ਵੱਲੋਂ ਇਨਕਮ ਟੈਕਸ ਅਧਿਕਾਰੀ ਅਮਿਤ ਦੂਆ ਦੀ ਵਾਧੂ ਗਵਾਹੀ ਦੇ ਨਾਲ ਕੁਝ ਦਸਤਾਵੇਜ਼ ਵੀ ਅਦਾਲਤ ਵਿਚ ਪੇਸ਼ ਕੀਤੇ ਜਾ ਚੁੱਕੇ ਹਨ।


Related News