ਕੈਪਟਨ ‘ਹਕੂਮਤ’ ਕੀ ਹੁਣ ਫੌਰੀ ‘ਹਰਕਤ’ ’ਚ ਆਵੇਗੀ!

Sunday, Feb 16, 2020 - 11:59 PM (IST)

ਕੈਪਟਨ ‘ਹਕੂਮਤ’ ਕੀ ਹੁਣ ਫੌਰੀ ‘ਹਰਕਤ’ ’ਚ ਆਵੇਗੀ!

ਲੁਧਿਆਣਾ (ਮੁੱਲਾਂਪੁਰੀ)-ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਦਿੱਲੀ ਨਤੀਜੇ ਤੋਂ ਬਾਅਦ ਪੰਜਾਬ ’ਚ ਆਪਣੀ ਪਕਡ਼ ਨੂੰ ਮਜ਼ਬੂਤ ਕਰਨ ਲਈ ਅਤੇ ਲੋਕਾਂ ’ਚ ਆਧਾਰ, ਵਿਸ਼ਵਾਸ ਪੈਦਾ ਕਰਨ ਲਈ ਵੱਡੇ ਫੈਸਲੇ ਲੈਣ ਲਈ ਹਰਕਤ ’ਚ ਦੱਸੀ ਜਾ ਰਹੀ ਹੈ। ਦਿੱਲੀ ’ਚ ਆਏ ਕਾਂਗਰਸ ਖਿਲਾਫ ਸ਼ਰਮਨਾਕ ਨਤੀਜਿਆਂ ਦਾ ਕਿਧਰੇ ਪਰਛਾਵਾਂ ਪੰਜਾਬ ’ਤੇ ਪੈ ਜਾਵੇ, ਉਸ ਨੂੰ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਇਕ ਹਫਤੇ ਤੋਂ ਸੰਸਦ ਮੈਂਬਰਾਂ, ਵਿਧਾਇਕਾਂ, ਮੰਤਰੀਆਂ, ਪ੍ਰਸ਼ਾਸਨ ਅਧਿਕਾਰੀਆਂ ਅਤੇ ਹੋਰ ਖੂਫੀਆਂ ਤੰਤਰ ਜੋ ਸਰਕਾਰ ਦੀਆਂ ਅੱਖਾਂ ਅਤੇ ਕੰਨ ਵਜੋਂ ਜਾਣੇ ਜਾਂਦੇ ਮਹਿਕਮਿਆਂ ਦੀਆਂ ਰਿਪੋਰਟਾਂ ’ਤੇ ਵਾਚ ਕਰਦੀ ਦੱਸੀ ਜਾ ਰਹੀ ਹੈ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਪੰਜਾਬ ’ਚ ਮਹਿੰਗੀ ਬਿਜਲੀ ਦਾ ਮੁੱਦਾ ਕਾਂਗਰਸ ਸਰਕਾਰ ਦੇ ਸਿਰ ਚਡ਼੍ਹ ਕੇ ਬੋਲ ਰਿਹਾ ਹੈ ਅਤੇ ‘ਆਪ’ ਵਾਲੇ ਇਸ ਨੂੰ ਭਵਿੱਖ ’ਚ ਵੱਡਾ ਸਰਕਾਰ ਖਿਲਾਫ ਹਥਿਆਰ ਬਣਾ ਕੇ ਵਰਤਣ ਦੇ ਚੱਕਰ ’ਚ ਹਨ ਪਰ ਮੁੱਖ ਮੰਤਰੀ ਬਿਜਲੀ ਦੇ ਫੈਸਲੇ ਲੈਣ ’ਤੇ ਬਹੁਤ ਗੰਭੀਰ ਅਤੇ ਸਾਰੀਆਂ ਰਿਪੋਰਟਾਂ ’ਤੇ ਅਮਲ ਕਰਨ ਲਈ ਹਰ ਤਰ੍ਹਾਂ ਦੀ ਚਾਰਾਜੋਰੀ ’ਚ ਲੱਗੇ ਦੱਸੇ ਜਾ ਰਹੇ ਹਨ।

ਸੂਤਰਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਭਾਵੇਂ ਮੁੱਖ ਮੰਤਰੀ ਹਰ ਹਲਕੇ ਨੂੰ 25 ਕਰੋਡ਼ ਰੁਪਏ ਦੇਣ ਲਈ ਖ਼ਜ਼ਾਨੇ ਦਾ ਮੂੰਹ ਖੋਲ੍ਹਣ ਜਾ ਰਹੇ ਹਨ ਅਤੇ ਜਲਦੀ ਹੀ ਵੱਡੇ ਉੱਚ ਅਧਿਕਾਰੀਆਂ ਦੇ ਤਬਾਦਲਿਆਂ ਤੋਂ ਇਲਾਵਾ ਮਾਰਕੀਟ ਕਮੇਟੀਆਂ, ਜ਼ਿਲਾ ਸ਼ਿਕਾਇਤ ਕਮੇਟੀਆਂ ਅਤੇ ਰਹਿੰਦੀਆਂ ਚੇਅਰਮੈਨੀਆਂ ਅਤੇ 300 ਦੇ ਲਗਭਗ ਬੋਰਡਾਂ ਅਤੇ ਕਾਰਪੋਰੇਸ਼ਨ ਦੇ ਡਾਇਰੈਕਟਰਾਂ ਦੇ ਖਾਲੀ ਪਏ ਅਹੁਦਿਆਂ ’ਤੇ ਕਾਂਗਰਸੀ ਨੇਤਾਵਾਂ ਨੂੰ ਅਡਜਸਟ ਕਰਨ ਦੇ ਹੁਕਮ ਦਿੱਤੇ ਜਾਣ ਦੀ ਵੀ ਖਬਰ ਹੈ। ਸੂਤਰਾਂ ਨੇ ਦੱਸਿਆ ਕਿ ਜੇਕਰ ਉਪਰੋਕਤ ਫੈਸਲਿਆਂ ਅਤੇ ਗ੍ਰਾਟਾਂ ਤੋਂ ਇਲਾਵਾ ਵਰਕਰਾਂ ਦੀ ਪੁੱਛ ਪੜਤਾਲ ਅਤੇ ਵਰਕਰਾਂ ਦੇ ਕਲਗੀਆਂ ਲੱਗ ਗਈਆਂ ਤਾਂ ਪੰਜਾਬ ’ਚ 3 ਸਾਲਾਂ ਤੋਂ ਨਾਮੋਸ਼ੀ ਦੀ ਜ਼ਿੰਦਗੀ ਬਸਰ ਕਰ ਰਹੇ ਕਾਂਗਰਸੀਆਂ ਦੇ ਚਿਹਰੇ ’ਤੇ ਵਿਕਾਸ ਦੀ ਲਾਲੀ ਹੋਵੇਗੀ ਅਤੇ ਸਰਕਾਰ ਵਿਰੋਧੀਆਂ ਤੋਂ ਵੱਡੇ ਮੁੱਦੇ ਖੋਹ ਸਕਦੀ ਹੈ। ਇਸ ਸਾਰੇ ਮਾਮਲੇ ’ਤੇ ਸਿਆਸੀ ਪੰਡਤਾਂ ਨੇ ਕਿਹਾ ਕਿ ਜੇਕਰ ਹੋਇਆ ਤਾਂ ਦਿੱਲੀ ਚੋਣ ਨਤੀਜਿਆਂ ਦਾ ਅਸਰ ਵੀ ਮੱਠਾ ਪੈ ਜਾਵੇਗਾ।


author

Sunny Mehra

Content Editor

Related News