ਨਾਜਾਇਜ਼ ਮਾਈਨਿੰਗ : ਅਫ਼ਸਰਾਂ ਨੂੰ ਜਵਾਬਦੇਹ ਬਣਾਉਣਾ ਸਹੀ ਪਰ ਨਾਕਾਫੀ ਕਰਾਰ

Saturday, Dec 30, 2017 - 05:23 AM (IST)

ਸਿੱਧਵਾਂ ਬੇਟ(ਜਸਬੀਰ ਸ਼ੇਤਰਾ)–ਪੰਜਾਬ 'ਚ ਨਾਜਾਇਜ਼ ਮਾਈਨਿੰਗ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਜ਼ਿਲੇ ਸਮੇਤ 6 ਜ਼ਿਲਿਆਂ ਦੇ ਅਫ਼ਸਰਾਂ ਦੀ ਇਸ ਮਾਮਲੇ 'ਚ ਜਵਾਬਦੇਹੀ ਤੈਅ ਕਰ ਦਿੱਤੀ ਹੈ, ਜੇ ਕਿਸੇ ਜ਼ਿਲੇ 'ਚ ਨਾਜਾਇਜ਼ ਮਾਈਨਿੰਗ ਸਾਹਮਣੇ ਆਉਂਦੀ ਹੈ ਤਾਂ ਉਸ ਜ਼ਿਲੇ ਦੇ ਅਫ਼ਸਰਾਂ ਦੀ ਜਵਾਬ-ਤਲਬੀ ਹੋਵੇਗੀ। ਇਸ ਮੁੱਦੇ ਨੂੰ ਚੁੱਕਦੇ ਆ ਰਹੇ ਤੇ ਸੰਘਰਸ਼ਸ਼ੀਲ ਆਗੂਆਂ ਤੇ ਜਥੇਬੰਦੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਫ਼ੈਸਲੇ ਨੂੰ ਦੇਰੀ ਨਾਲ ਚੁੱਕਿਆ ਸਹੀ ਕਦਮ ਕਰਾਰ ਦਿੱਤਾ ਹੈ ਪਰ ਨਾਲ ਹੀ ਇਸ ਨੂੰ ਨਾਕਾਫੀ ਵੀ ਕਿਹਾ ਹੈ। ਕਿਸਾਨ ਆਗੂ ਤੇ ਕੋਟਉਮਰਾ ਦੇ ਸਾਬਕਾ ਸਰਪੰਚ ਬਲਰਾਜ ਸਿੰਘ ਰਾਜੂ, ਸੀ. ਪੀ. ਐੱਮ. ਦੇ ਤਹਿਸੀਲ ਸਕੱਤਰ ਬਲਜੀਤ ਸਿੰਘ ਗੋਰਸੀਆਂ, ਰੇਤ ਦੇ ਓਵਰਲੋਡਰ ਵਾਹਨਾਂ ਨੂੰ ਪਿੰਡਾਂ 'ਚੋਂ ਬੰਦ ਕਰਨ ਦੇ ਮਤੇ ਪਾਉਣ ਵਾਲੀਆਂ ਪੰਚਾਇਤਾਂ ਵੱਲੋਂ ਆਗੂ ਸਰਪੰਚ ਬਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਕਈ ਸਾਲਾਂ ਤੋਂ ਨਾਜਾਇਜ਼ ਮਾਈਨਿੰਗ ਦਾ ਰੌਲਾ ਪੈ ਰਿਹਾ ਹੈ ਅਤੇ ਹੁਣ ਤਕ ਇਸ ਕੰਮ 'ਚ ਲੱਗੇ ਮਾਫ਼ੀਆ ਤੋਂ ਇਲਾਵਾ ਅਧਿਕਾਰੀ ਵੀ ਕਰੋੜਾਂ ਰੁਪਏ ਇਕੱਠੇ ਕਰ ਚੁੱਕੇ ਹਨ। ਇਸ 'ਚ ਸਿਵਲ ਤੇ ਪੁਲਸ ਅਧਿਕਾਰੀਆਂ ਤੋਂ ਇਲਾਵਾ ਵਿਭਾਗੀ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਸਾਰਿਆਂ ਦੀ ਜਾਇਦਾਦ ਵਿਜੀਲੈਂਸ ਹੋਣੀ ਚਾਹੀਦੀ ਹੈ। ਇਨ੍ਹਾਂ ਆਗੂਆਂ ਨੇ ਆਖਿਆ ਕਿ ਚੋਣਾਂ ਤੋਂ ਪਹਿਲਾਂ ਨਾਜਾਇਜ਼ ਰੇਤ ਖਨਨ ਵੱਡਾ ਤੇ ਭਖ਼ਵਾਂ ਮੁੱਦਾ ਸੀ। ਕੈਪਟਨ ਸਰਕਾਰ ਨੂੰ ਨੌਂ ਮਹੀਨੇ ਇਸ ਸਬੰਧੀ ਫ਼ੈਸਲਾ ਲੈਣ 'ਚ ਲੱਗ ਗਏ ਤੇ ਇਹ ਫ਼ੈਸਲਾ ਵੀ ਹਾਈ ਕੋਰਟ ਵੱਲੋਂ ਮਾਈਨਿੰਗ ਸਬੰਧੀ ਜਾਰੀ ਕੁਝ ਜ਼ਰੂਰੀ ਹਦਾਇਤਾਂ ਤੋਂ ਬਾਅਦ ਲਿਆ ਗਿਆ ਹੈ। 
ਵੇਰਵਿਆਂ ਅਨੁਸਾਰ ਸਰਕਾਰ ਨੇ ਇਨ੍ਹਾਂ 6 ਜ਼ਿਲਿਆਂ ਦੇ ਅਫ਼ਸਰਾਂ ਨੂੰ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਸਖ਼ਤੀ ਤੇ ਗੰਭੀਰਤਾ ਨਾਲ ਕਾਰਵਾਈ ਕਰਨ ਲਈ ਕਹਿ ਦਿੱਤਾ ਹੈ। ਨੇੜਲੇ ਪਿੰਡ ਪਰਜੀਆਂ ਬਿਹਾਰੀਪੁਰ ਦੀ ਖੱਡ ਕਰਕੇ ਨਾਲ ਲੱਗਦੀਆਂ ਜ਼ਮੀਨਾਂ ਅਤੇ ਸਤਲੁਜ ਦਰਿਆ ਨੂੰ ਨੁਕਸਾਨ ਪਹੁੰਚਣ ਸਬੰਧੀ ਪਿੰਡ ਮੱਧੇਪੁਰ ਦੇ ਗੁਰਮੀਤ ਸਿੰਘ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਗੁਰਮੀਤ ਸਿੰਘ ਨੇ ਕਈ ਵਾਰ ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਵੀ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਉਸ ਨੂੰ ਚੁੱਕ ਕੇ ਕੁੱਟਣ ਦਾ ਮਾਮਲਾ ਵੀ ਹਾਈ ਕੋਰਟ 'ਚ ਪਹੁੰਚ ਗਿਆ। ਇਸ ਲਈ ਜ਼ਿੰਮੇਵਾਰ ਪੁਲਸ ਮੁਲਾਜ਼ਮਾਂ ਖ਼ਿਲਾਫ਼ ਅਦਾਲਤ ਵੱਲੋਂ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ। ਉਕਤ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਕਿਸ਼ਤੀਆਂ ਰਾਹੀਂ ਡੂੰਘਾ ਰੇਤਾ ਕੱਢਣ ਦੀ ਪਾਬੰਦੀ, ਪੌਪਲਾਈਨ ਮਸ਼ੀਨਾਂ 'ਤੇ ਰੋਕ, ਧੁੱਸੀ ਬੰਨ੍ਹ ਨੂੰ ਖ਼ਤਰੇ ਕਰਕੇ ਕਈ ਹਦਾਇਤਾਂ ਤੇ ਨਿਯਮ ਸਭ ਹਾਈ ਕੋਰਟ ਦੇ ਹੁਕਮ ਹਨ। ਉਨ੍ਹਾਂ ਕਿਹਾ ਕਿ ਨਿਯਮ ਛਿੱਕੇ ਟੰਗ ਕੇ ਚੱਲਦੇ ਰੇਤੇ ਦੇ ਓਵਰਲੋਡ ਵਾਹਨ ਇਲਾਕੇ ਦੀਆਂ ਸੜਕਾਂ ਨੂੰ ਤੋੜ ਰਹੇ ਹਨ। ਵਧੇਰੇ ਵਜ਼ਨ ਦਾ ਰੇਤਾ ਭਰਿਆ ਹੋਣ ਕਰਕੇ ਇਹ ਲੋਕਾਂ ਲਈ ਜਾਨ ਦਾ ਖੌਅ ਵੀ ਬਣੇ ਹੋਏ ਹਨ। ਮਾਈਨਿੰਗ ਅਫ਼ਸਰ ਬਲਵਿੰਦਰ ਸਿੰਘ ਨੇ ਇਲਾਕੇ 'ਚ ਕਿਧਰੇ ਵੀ ਨਾਜਾਇਜ਼ ਮਾਈਨਿੰਗ ਹੋਣ ਦੀ ਗੱਲ ਆਖੀ ਹੈ। ਟ੍ਰੈਫਿਕ ਇੰਚਾਰਜ ਨਿਸ਼ਾਨ ਸਿੰਘ ਦਾ ਕਹਿਣਾ ਸੀ ਕਿ ਰੇਤੇ ਓਵਰਲੋਡ ਵਾਹਨਾਂ ਖ਼ਿਲਾਫ਼ ਬਣਦੀ ਕਾਰਵਾਈ ਹੋਵੇਗੀ।


Related News