ਸਕੂਟਰੀ ''ਤੇ ਬੈਂਕ ਨੂੰ ਆ ਰਹੀ ਮਹਿਲਾ ਸੇਵਾਦਾਰ ਨੂੰ ਲੁੱਟਿਆ, ਨਕਦੀ ਤੇ ਮੋਬਾਈਲ ਖੋਹ ਕੇ ਲੁਟੇਰਾ ਹੋਇਆ ਫ਼ਰਾਰ
Sunday, Sep 08, 2024 - 07:06 AM (IST)

ਗੁਰਾਇਆ (ਮੁਨੀਸ਼) : ਪਹਿਲਾਂ ਤਾਂ ਲੁਟੇਰੇ ਸੜਕਾਂ ਅਤੇ ਮੁਹੱਲਿਆਂ ਵਿਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਹੁਣ ਤਾਂ ਘਰਾਂ ਵਿਚ ਦਾਖ਼ਲ ਹੋ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿੱਥੇ ਪਹਿਲਾਂ ਤਖਰਾਂ ਵਿਚ ਇਕ ਬਜ਼ੁਰਗ ਔਰਤ ਦੇ ਘਰ ਵਿਚ ਦਾਖਲ ਹੋ ਕੇ ਵਾਲੀਆਂ ਲੁੱਟ ਕੇ ਲੁਟੇਰਾ ਫ਼ਰਾਰ ਹੋ ਗਿਆ। ਅਜੇ ਉਸ ਨੂੰ ਫੜਨ ਵਿਚ ਪੁਲਸ ਅਸਫਲ ਸਾਬਤ ਹੋਈ ਸੀ ਕਿ ਹੁਣ ਸਕੂਟਰੀ 'ਤੇ ਬੈਂਕ ਨੂੰ ਆ ਰਹੀ ਮਹਿਲਾ ਸੇਵਾਦਾਰ ਨੂੰ ਮੋਟਰਸਾਈਕਲ ਸਵਾਰ ਲੁਟੇਰੇ ਨੇ ਲੁੱਟ ਦਾ ਸ਼ਿਕਾਰ ਬਣਾ ਲਿਆ।
ਜਾਣਕਾਰੀ ਮੁਤਾਬਕ ਕ੍ਰਿਸ਼ਨਾ ਦੇਵੀ ਵਾਸੀ ਪਿੰਡ ਅੱਟਾ, ਜਿਹੜੀ ਮਨਸੂਰਪੁਰ ਦੇ ਕੋਆਪ੍ਰੇਟਿਵ ਸੁਸਾਇਟੀ ਬੈਂਕ ਵਿਚ ਸੇਵਾਦਾਰ ਦੀ ਨੌਕਰੀ ਕਰਦੀ ਹੈ, ਪਿੰਡ ਤੋਂ ਬੈਂਕ ਨੂੰ ਆ ਰਹੀ ਸੀ ਅਤੇ ਰਸਤੇ ਵਿਚ ਇਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਉਸ ਦੀ ਸਕੂਟਰੀ ਅੱਗੇ ਆਪਣਾ ਮੋਟਰਸਾਈਕਲ ਲਗਾ ਕੇ ਉਸ ਦਾ ਪਰਸ ਖੋਹ ਕੇ ਉਸ ਵਿੱਚੋਂ 5000 ਦੀ ਨਕਦੀ ਅਤੇ ਉਸ ਦਾ ਮੋਬਾਈਲ ਲੁੱਟ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਗਰੋਂ ਪੀੜਤ ਨੇ ਇਸ ਦੀ ਸ਼ਿਕਾਇਤ 112 ਨੰਬਰ 'ਤੇ ਕੀਤੀ ਤਾਂ ਗੁਰਾਇਆ ਪੁਲਸ ਮੌਕੇ 'ਤੇ ਪਹੁੰਚੀ ਅਤੇ ਲੁੱਟ ਦਾ ਸ਼ਿਕਾਰ ਹੋਈ ਕ੍ਰਿਸ਼ਨਾ ਦੇਵੀ ਨੂੰ ਆਪਣੇ ਨਾਲ ਬਿਠਾ ਕੇ ਲੈ ਗਈ।
ਇਸ ਤੋਂ ਬਾਅਦ ਔਰਤ ਇੰਨੀ ਘਬਰਾ ਗਈ ਕਿ ਉਹ ਕੁਝ ਵੀ ਦੱਸਣ ਦੇ ਹਾਲਾਤ ਵਿਚ ਨਹੀਂ ਸੀ। ਹਾਲਾਂਕਿ ਪੁਲਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਔਰਤ ਵੱਲੋਂ ਕੋਈ ਵੀ ਕਾਰਵਾਈ ਨਾ ਕਰਵਾਉਣ ਬਾਰੇ ਉਨ੍ਹਾਂ ਨੂੰ ਕਿਹਾ ਗਿਆ ਹੈ ਪਰ ਕੀ ਗੁਰਾਇਆ ਪੁਲਸ ਇਨ੍ਹਾਂ ਲੁਟੇਰਿਆਂ, ਚੋਰਾਂ ਨੂੰ ਫੜਨ 'ਚ ਸਫਲ ਹੋਵੇਗੀ?
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8