ਮੁੜ ਦਹਿਲਿਆ ਪੰਜਾਬ, ਨਾਜਾਇਜ਼ ਮਾਈਨਿੰਗ ਕਾਰਨ ਗੁਰੂ ਨਗਰੀ ’ਚ ਚੱਲੀਆਂ ਗੋਲ਼ੀਆਂ

Monday, Sep 09, 2024 - 07:05 PM (IST)

ਮੁੜ ਦਹਿਲਿਆ ਪੰਜਾਬ, ਨਾਜਾਇਜ਼ ਮਾਈਨਿੰਗ ਕਾਰਨ ਗੁਰੂ ਨਗਰੀ ’ਚ ਚੱਲੀਆਂ ਗੋਲ਼ੀਆਂ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਅਗੰਮਪੁਰ ਵਿਖੇ ਪਿਛਲੇ ਲੰਬੇ ਸਮੇਂ ਤੋਂ ਚਲਦੀ ਨਾਜਾਇਜ਼ ਮਾਈਨਿੰਗ ਨੇ ਉਸ ਵੇਲੇ ਖ਼ਤਰਨਾਕ ਰੁੱਖ ਅਖ਼ਤਿਆਰ ਕਰ ਲਿਆ ਜਦੋਂ ਅੱਧੀ ਰਾਤ ਨੂੰ ਇਕ ਧਿਰ ਵੱਲੋਂ ਦੂਜੀ ਧਿਰ ਦੇ ਮੈਂਬਰਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ ਗਈਆਂ। ਇਸ ਸਬੰਧੀ ਪੁਲਸ ਕੋਲ ਬਿਆਨ ਦਰਜ ਕਰਵਾਉਂਦਿਆਂ ਗੁਰਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਵਾਰਡ ਨੰਬਰ 5 ਮੁਹੱਲਾ ਟਿੱਬਿਆ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਮੈਂ ਪਿਛਲੇ ਕੁਝ ਸਮੇਂ ਤੋਂ ਨਿਤਿਨ ਨੰਦਾ ਵਾਸੀ ਪਿੰਡ ਅਗੰਮਪੁਰ ਕੌਲ ਨੌਕਰੀ ਕਰਦਾ ਹਾਂ। ਨਿਤਿਨ ਨੰਦਾ ਵੱਲੋਂ ਉਸ ਦੀ ਦਰਿਆ ਨਾਲ ਲੱਗਦੀ ਜ਼ਮੀਨ ਦੀ ਦੇਖ-ਰੇਖ ਕਰਨ ਲਈ ਮੈਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ। ਬੀਤੀ 7 ਅਤੇ 8 ਅਗਸਤ ਦੀ ਦਰਮਿਆਨੀ ਰਾਤ ਕਰੀਬ 1:50 ’ਤੇ ਜਦੋਂ ਮੈਂ ਅਤੇ ਮਲਕੀਤ ਚੰਦ ਪੁੱਤਰ ਕਰਮ ਚੰਦ ਵਾਸੀ ਪਿੰਡ ਕਾਂਗੜ ਥਾਣਾ ਨੂਰਪੁਰਬੇਦੀ ਜ਼ਮੀਨ ਵੱਲ ਗੇੜਾ ਮਾਰਨ ਗਏ ਤਾਂ ਸਾਡੀ ਜ਼ਮੀਨ ਪਿੰਡ ਅਗੰਮਪੁਰ ਨੇੜੇ ਸਤਲੁਜ ਦਰਿਆ ਵਿਚ ਇਕ ਪੋਕਲੈਨ ਮਸ਼ੀਨ ਅਤੇ 3 ਟਿੱਪਰ ਨਾਜਾਇਜ਼ ਪੁਟਾਈ ਕਰਨ ਲੱਗੇ ਹੋਏ ਸਨ, ਜਿਸ ਸਬੰਧੀ ਮੇਰੇ ਵੱਲੋਂ ਮਸ਼ੀਨ ਦੇ ਆਪ੍ਰੇਟਰ ਨੂੰ ਨਜਾਇਜ਼ ਮਾਈਨਿੰਗ ਕਰਨ ਤੋਂ ਰੋਕਿਆ ਗਿਆ ਪਰ ਉਸ ਨੇ ਪੋਕਲੇਨ ਮਸ਼ੀਨ ਬੰਦ ਨਹੀਂ ਕੀਤੀ ਅਤੇ ਨਾਜਾਇਜ਼ ਮਾਈਨਿੰਗ ਕਰਦਾ ਰਿਹਾ।

ਇਹ ਵੀ ਪੜ੍ਹੋ- ਹੁਣ ਰੇਲਵੇ ਸਟੇਸ਼ਨ 'ਚ ਸ਼ੱਕੀ ਹਾਲਾਤ 'ਚ ਘੁੰਮਣ ਵਾਲਿਆਂ ਦੀ ਖੈਰ ਨਹੀਂ, ਜਾਰੀ ਹੋਏ ਸਖ਼ਤ ਹੁਕਮ

ਇੰਨੇ ਨੂੰ ਮੌਕੇ ’ਤੇ ਆਦੇਸ਼ ਰਾਣਾ ਪੁੱਤਰ ਅਜੇ ਰਾਣਾ ਵਾਸੀ ਪਿੰਡ ਅਗੰਮਪੁਰ ਥਾਣਾ ਸ੍ਰੀ ਅਨੰਦਪੁਰ ਸਾਹਿਬ ਅਤੇ ਉਸ ਨਾਲ 3-4 ਅਣਪਛਾਤੇ ਵਿਅਕਤੀ ਆ ਗਏ ਅਤੇ ਆਉਂਦੇ ਸਾਰ ਹੀ ਮੇਰੇ ਅਤੇ ਮਲਕੀਤ ਚੰਦ ਦੇ ਗਲ ਪੈ ਗਏ, ਜਿਨ੍ਹਾਂ ਵੱਲੋਂ ਮੈਨੂੰ ਅਤੇ ਮਲਕੀਤ ਚੰਦ ਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦੇ ਹੱਥਾਂ ਵਿੱਚ ਇਕ ਰਾਈਫਲ ਅਤੇ ਤੇਜ਼ਧਾਰ ਹਥਿਆਰ ਸਨ। ਮੈਂ ਸਮੇਤ ਮਲਕੀਤ ਚੰਦ ਭੱਜਣ ਲੱਗਾ ਤਾਂ ਆਦੇਸ਼ ਰਾਣਾ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਗੋਲ਼ੀ ਮਾਰਨ ਲਈ ਕਿਹਾ, ਜਿਨ੍ਹਾਂ ਸਾਡੇ ਪਿੱਛੇ ਭੱਜ ਕੇ 2 ਫਾਇਰ ਕੀਤੇ। ਮੈਂ ਅਤੇ ਮਲਕੀਤ ਚੰਦ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।
ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਆਦੇਸ਼ ਰਾਣਾ ਅਤੇ ਉਸ ਦੇ 3-4 ਅਣਪਛਾਤੇ ਸਾਥੀਆਂ ਖ਼ਿਲਾਫ਼ ਸਾਡੇ ਨਾਲ ਗਾਲੀ ਗਲੋਚ ਕਰਨ ਅਤੇ ਮਾਰ ਦੇਣ ਦੀ ਨੀਯਤ ਨਾਲ ਸਾਡੇ ਗੋਲ਼ੀਆਂ ਚਲਾਉਣ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਕੀ ਕਹਿਣਾ ਹੈ ਅਕਾਲੀ ਆਗੂ ਦੇ ਪਿਤਾ ਦਾ
ਇਸ ਸਬੰਧੀ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਆਦੇਸ਼ ਰਾਣਾ ਦੇ ਪਿਤਾ ਅਜੇ ਰਾਣਾ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਿਸ ਧਿਰ ਵੱਲੋਂ ਸਾਡੇ ’ਤੇ ਨਾਜਾਇਜ਼ ਮਾਈਨਿੰਗ ਅਤੇ ਫਾਇਰਿੰਗ ਦੇ ਦੋਸ਼ ਲਗਾਏ ਜਾ ਰਹੇ ਹਨ, ਉਹ ਆਪ ਨਾਜਾਇਜ਼ ਮਾਈਨਿੰਗ ਦੇ ਕਿੰਗ ਹਨ।

ਕੀ ਕਹਿਣਾ ਹੈ ਪੁਲਸ ਦਾ
ਇਸ ਸਬੰਧੀ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨੇ ਕਿਹਾ ਕਿ ਪੁਲਸ ਵਲੋਂ ਆਦੇਸ ਰਾਣਾ ਪੁੱਤਰ ਅਜੇ ਰਾਣਾ ਵਾਸੀ ਅਗੰਮਪੁਰ ਸਮੇਤ ਤਿੰਨ ਚਾਰ ਅਣਪਛਾਤਿਆਂ ਖ਼ਿਲਾਫ਼ ਅਸਲਾ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਹਰੇਕ ਪਹਿਲੂ ’ਤੇ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਕਿਸੇ ਵੀ ਹਾਲਤ ਵਿਚ ਬਖ਼ਸ਼ੇ ਨਹੀਂ ਜਾਣਗੇ।

ਸ਼੍ਰੋਮਣੀ ਕਮੇਟੀ ਮੈਂਬਰ ਭਾਈ ਚਾਵਲਾ ਦਾ ਕੀ ਹੈ ਕਹਿਣਾ
ਇਸ ਸਬੰਧੀ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਸਰਕਾਰ ਵਲੋ ਵਿਰੋਧੀਆਂ ਨੂੰ ਦਬਾਉਣ ਲਈ ਇਹ ਮਸਲਾ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਆਦੇਸ਼ ਰਾਣਾ ਦੇ ਖ਼ਿਲਾਫ਼ ਕਾਰਵਾਈ ਦੀ ਸਖ਼ਤ ਨਿੰਦਾ ਕਰਦਾ ਹਾਂ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਸੜਕ ਹਾਦਸੇ ਦਾ ਸ਼ਿਕਾਰ ਹੋਏ MLA ਗੋਲਡੀ ਕੰਬੋਜ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News