ਇੰਗਲੈਂਡ ''ਚ ਸਾਜ਼ਿਸ਼, ਜਿੰਮੀ ਦੀ ਖੇਡ, ਮਿੰਟੂ- ਗੁਗਨੀ ਦੀ ਸੈਟਿੰਗ ਨਾਲ ਹੁੰਦੀਆਂ ਸਨ ਹੱਤਿਆਵਾਂ, ਰਮਨਦੀਪ ਦਿੰਦਾ ਸੀ ਪਨਾਹ

11/09/2017 4:43:12 AM

ਲੁਧਿਆਣਾ(ਪ੍ਰੀਤ, ਰਿਸ਼ੀ, ਜ.ਬ.)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਵੱਲੋਂ ਮੰਗਲਵਾਰ ਨੂੰ ਪੰਜਾਬ ਵਿਚ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਦੇ ਮਾਮਲੇ ਵਿਚ ਵੱਡਾ ਬ੍ਰੇਕ ਥਰੂ ਕੀਤਾ ਗਿਆ ਹੈ। ਇਨ੍ਹਾਂ ਹੱਤਿਆਵਾਂ ਦੇ ਮਾਮਲੇ ਵਿਚ 4 ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਕਈ ਹੋਰਾਂ ਨੂੰ ਪੁਲਸ ਨੇ ਪੁੱਛਗਿੱਛ ਲਈ ਰਾਊਂਡ-ਅਪ ਕੀਤਾ ਹੈ।  ਫਿਲਹਾਲ ਗ੍ਰਿਫਤਾਰ ਲੋਕਾਂ ਵਿਚ ਜਗਤਾਰ ਸਿੰਘ ਜੱਗੀ, ਜਿੰਮੀ ਸਿੰਘ (ਤਲਜੀਤ ਸਿੰਘ) ਅਤੇ ਗੈਂਗਸਟਰ ਧਰਮਿੰਦਰ ਗੁਗਨੀ ਨੇ ਨਾਵਾਂ ਦਾ ਹੀ ਪੁਲਸ ਨੇ ਖੁਲਾਸਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਹਿੰਦੂ ਆਗੂਆਂ ਦੀਆਂ ਜੋ ਹੱਤਿਆਵਾਂ ਹੋਈਆਂ ਉਸਦੀ ਸਾਜ਼ਿਸ਼ ਇੰਗਲੈਂਡ ਵਿਚ ਰਚੀ ਗਈ। ਵਾਰਦਾਤਾਂ ਨੂੰ ਅੰਜਾਮ ਦੇਣ ਲਈ ਜਿੰਮੀ ਸਿੰਘ ਪੰਜਾਬ ਆ ਕੇ ਖੇਡ ਖੇਡਦਾ ਸੀ। ਜੇਲ ਵਿਚ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਅਤੇ ਗੁਗਨੀ ਦੀ ਸੈਟਿੰਗ ਨਾਲ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਹੁੰਦੀਆਂ ਸਨ ਅਤੇ ਹੱਤਿਆ ਤੋਂ ਬਾਅਦ ਸ਼ੂਟਰ ਲੁਧਿਆਣਾ ਦੇ ਰਮਨਦੀਪ ਸਿੰਘ ਦੇ ਘਰ ਵਿਚ ਪਨਾਹ ਲੈਂਦੇ ਸਨ। 
ਜਿੰਮੀ ਦੀ ਗ੍ਰਿਫਤਾਰੀ ਤੇ ਪਰਮਜੀਤ ਸਿੰਘ ਪੰਮਾ ਕੁਨੈਕਸ਼ਨ
ਜਿੰਮੀ ਸਿੰਘ ਉਰਫ ਤਲਜੀਤ ਸਿੰਘ ਹੁਣ 31 ਅਕਤੂਬਰ ਨੂੰ ਇੰਗਲੈਂਡ ਤੋਂ ਸਿਆਸੀ ਪਨਾਹ ਨਾ ਮਿਲਣ ਤੋਂ ਬਾਅਦ ਭਾਰਤ ਡਿਪੋਰਟ ਕੀਤਾ ਗਿਆ ਤਾਂ ਪੰਜਾਬ ਪੁਲਸ ਨੇ ਉਸ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ। ਉਸ ਸਮੇਂ ਜਿੰਮੀ ਸਿੰਘ ਦਾ ਭਰਾ ਤਰਲੋਕ ਸਿੰਘ ਉਸਨੂੰ ਰਸੀਵ ਕਰਨ ਲਈ ਏਅਰਪੋਰਟ ਗਿਆ ਸੀ, ਪਰ ਪੁਲਸ ਨੇ ਤਰਲੋਕ ਸਿੰਘ ਨੂੰ ਜਿੰਮੀ ਸਿੰਘ ਨਾਲ ਮਿਲਣ ਨਹੀਂ ਦਿੱਤਾ। ਸੂਤਰਾਂ ਮੁਤਾਬਿਕ ਜਿੰਮੀ ਸਿੰਘ ਦੀ ਗ੍ਰਿਫਤਾਰੀ ਪਿੱਛੇ ਦੋ ਕਾਰਨ ਸਾਹਮਣੇ ਆ ਰਹੇ ਹਨ। ਪਹਿਲਾ ਜਿੰਮੀ ਸਿੰਘ ਦੇ ਭਰਾ ਤਰਲੋਕ ਸਿੰਘ ਵੱਲੋਂ ਪੁਲਸ ਦੇ ਸਾਹਮਣੇ ਉਸਨੂੰ ਹਥਿਆਰ ਮੁਹੱਈਆ ਕਰਵਾਉਣ ਦੀ ਗੱਲ ਉਜਾਗਰ ਕਰਨਾ ਅਤੇ ਦੂਜਾ ਜਿੰਮੀ ਸਿੰਘ ਦੇ ਖਾਲਿਸਤਾਨ ਟਾਈਗਰ ਫੋਰਸ ਦੇ ਅੱਤਵਾਦੀ ਪਰਮਜੀਤ ਸਿੰਘ ਪੰਮਾ ਨਾਲ ਸਬੰਧ। ਜਿੰਮੀ ਸਿੰਘ ਗਰਮਖਿਆਲੀ ਆਗੂ ਹੈ। ਸੂਤਰਾਂ ਮੁਤਾਬਿਕ ਉਹ ਸੋਸ਼ਲ ਮੀਡੀਆਂ 'ਤੇ ਅਕਸਰ ਉਕਸਾਉਣ ਵਾਲੇ ਬਿਆਨ ਦਿੰਦਾ ਸੀ। ਇਸ ਤਰ੍ਹਾਂ ਉਹ ਆਈ. ਐੱਸ. ਆਈ. ਦੇ ਲਿੰਕ ਵਿਚ ਆਇਆ।


Related News