ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਪੂਰੀ, 23 ਜੁਲਾਈ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਰਨਗੇ ਬਜਟ ਪੇਸ਼

Monday, Jul 08, 2024 - 02:59 AM (IST)

ਨਵੀਂ ਦਿੱਲੀ/ਜੈਤੋ (ਭਾਸ਼ਾ, ਰਘੂਨੰਦਨ ਪਰਾਸ਼ਰ)-ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਜਟ ਤਿਆਰ ਕਰਨ ਦੀ ਪ੍ਰਕਿਰਿਆ ਤਹਿਤ ਉਦਯੋਗ ਜਗਤ ਅਤੇ ਸਮਾਜਿਕ ਖੇਤਰ ਦੇ ਪ੍ਰਤੀਨਿਧੀਆਂ ਸਮੇਤ ਵੱਖ-ਵੱਖ ਸਬੰਧਤ ਲੋਕਾਂ ਨਾਲ ਵਿਚਾਰ-ਵਟਾਂਦਰਾ ਪੂਰਾ ਕਰ ਲਿਆ ਹੈ। ਸੀਤਾਰਮਨ 23 ਜੁਲਾਈ ਨੂੰ ਆਪਣਾ 7ਵਾਂ ਬਜਟ ਪੇਸ਼ ਕਰਨਗੇ। ਇਹ ਨਰਿੰਦਰ ਮੋਦੀ 3.0 ਸਰਕਾਰ ਦਾ ਪਹਿਲਾ ਪੂਰਨ ਬਜਟ ਹੋਵੇਗਾ। ਇਹ ਬਜਟ 2047 ਤੱਕ ‘ਵਿਕਸਿਤ ਭਾਰਤ’ ਦਾ ਰਸਤਾ ਤਿਆਰ ਕਰੇਗਾ।
ਵਿੱਤ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਆਮ ਬਜਟ 2024-25 ਲਈ ਬਜਟ ਤੋਂ ਪਹਿਲਾਂ ਵਿਚਾਰ-ਵਟਾਂਦਰਾ 19 ਜੂਨ ਤੋਂ ਸ਼ੁਰੂ ਹੋਇਆ ਅਤੇ 5 ਜੁਲਾਈ, 2024 ਨੂੰ ਖਤਮ ਹੋਇਆ। ਵਿਚਾਰ-ਵਟਾਂਦਰੇ ਦੌਰਾਨ 10 ਹਿੱਤਧਾਰਕ ਸਮੂਹਾਂ ਦੇ 120 ਤੋਂ ਜ਼ਿਆਦਾ ਲੋਕਾਂ ਨੇ ਭਾਗ ਲਿਆ। ਇਨ੍ਹਾਂ ’ਚ ਕਿਸਾਨ ਸੰਘਾਂ ਅਤੇ ਖੇਤੀਬਾੜੀ ਅਰਥਸ਼ਾਸਤਰੀਆਂ ਤੋਂ ਇਲਾਵਾ ਵਪਾਰਕ ਸੰਗਠਨਾਂ, ਸਿੱਖਿਆ ਅਤੇ ਸਿਹਤ ਖੇਤਰ, ਰੋਜ਼ਗਾਰ ਅਤੇ ਕੌਸ਼ਲ, ਸੂਖਮ ਲਘੂ ਅਤੇ ਮਝੌਲੇ ਉਦਯੋਗ (ਐੱਮ.ਐੱਸ.ਐੱਮ.ਈ.), ਵਪਾਰ ਅਤੇ ਸੇਵਾਵਾਂ, ਉਦਯੋਗ, ਵਿੱਤੀ ਖੇਤਰ, ਪੂੰਜੀ ਬਾਜ਼ਾਰ ਅਤੇ ਬੁਨਿਆਦੀ ਢਾਂਚਾ, ਊਰਜਾ ਅਤੇ ਸ਼ਹਿਰੀ ਖੇਤਰ ਦੇ ਮਾਹਿਰ ਤੇ ਪ੍ਰਤੀਨਿਧੀ ਸ਼ਾਮਿਲ ਸਨ।

ਇਹ ਵੀ ਪੜ੍ਹੋ : ਆਂਧਰ ਪ੍ਰਦੇਸ਼ ‘ਚ ਸੀਮੈਂਟ ਫੈਕਟਰੀ ‘ਚ ਧਮਾਕਾ, 15 ਮਜ਼ਦੂਰ ਜ਼ਖਮੀ

ਇਸ ਦੌਰਾਨ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ, ਵਿੱਤ ਸਕੱਤਰ ਅਤੇ ਸਕੱਤਰ ਖਰਚਾ ਡਾ: ਟੀ.ਵੀ. ਸੋਮਨਾਥਨ, ਅਜੈ ਸੇਠ, ਸਕੱਤਰ, ਆਰਥਿਕ ਮਾਮਲਿਆਂ ਦੇ ਵਿਭਾਗ, ਦੀਪਮ ਦੇ ਸਕੱਤਰ ਤੁਹਿਨ ਕੇ. ਪਾਂਡੇ, ਵਿਵੇਕ ਜੋਸ਼ੀ, ਸਕੱਤਰ, ਵਿੱਤੀ ਸੇਵਾਵਾਂ ਵਿਭਾਗ, ਸੰਜੇ ਮਲਹੋਤਰਾ, ਸਕੱਤਰ, ਮਾਲ ਵਿਭਾਗ, ਸਬੰਧਤ ਮੀਟਿੰਗਾਂ ਦੌਰਾਨ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਮਨੋਜ ਗੋਵਿਲ, ਲਾਈਨ ਮੰਤਰਾਲਿਆਂ ਦੇ ਸਕੱਤਰ, ਮੁੱਖ ਆਰਥਿਕ ਸਲਾਹਕਾਰ ਡਾ. ਵੀ. ਅਨੰਤ ਨਾਗੇਸਵਰਨ ਅਤੇ ਵਿੱਤ ਮੰਤਰਾਲੇ ਅਤੇ ਹੋਰ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਵਿਚਾਰ-ਵਟਾਂਦਰੇ ਦੌਰਾਨ ਕੇਂਦਰੀ ਵਿੱਤ ਮੰਤਰੀ ਸੀਤਾਰਮਨ ਨੇ ਕੀਮਤੀ ਸੁਝਾਵਾਂ ਨੂੰ ਸਾਂਝਾ ਕਰਨ ਲਈ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਮਾਹਿਰਾਂ ਅਤੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਕੇਂਦਰੀ ਬਜਟ 2024-25 ਨੂੰ ਤਿਆਰ ਕਰਦੇ ਸਮੇਂ ਉਨ੍ਹਾਂ ਦੇ ਸੁਝਾਵਾਂ ਨੂੰ ਧਿਆਨ ਨਾਲ ਵਿਚਾਰਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


DILSHER

Content Editor

Related News