ਕੈਪਟਨ ਨੇ ਖੱਟੜ ਦੇ ਕਿਸਾਨ-ਪੱਖੀ ਕਦਮਾਂ ਬਾਰੇ ਦਾਅਵੇ ਕੀਤੇ ਖਾਰਿਜ, ਕਿਹਾ-ਅਣਮਨੁੱਖੀ ਤਸ਼ੱਦਦ ’ਤੇ ਪਾ ਰਹੇ ਪਰਦਾ

Tuesday, Aug 31, 2021 - 09:28 PM (IST)

ਚੰਡੀਗੜ੍ਹ (ਬਿਊਰੋ)-ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਟਵੀਟਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਕਿਸਾਨਾਂ ਦੀ ਭਲਾਈ ਲਈ ਚੁੱਕੇ ਕਦਮਾਂ ਬਾਰੇ ਪੁੱਛੇ ਸਵਾਲਾਂ ਦਾ ਕਰਾਰਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਮਨੋਹਰ ਲਾਲ ਖੱਟੜ ਦੇ ਦਾਅਵਿਆਂ ਨੂੰ ਖਾਰਿਜ ਕੀਤਾ। ਉਨ੍ਹਾਂ ਇਸ ਨੂੰ ਭਾਜਪਾ ਆਗੂ ਵੱਲੋਂ ਆਪਣੀ ਸਰਕਾਰ ਵੱਲੋਂ ਕਿਸਾਨਾਂ ਉੱਤੇ ਕੀਤੇ ਗਏ ਅਣਮਨੁੱਖੀ ਤਸ਼ੱਦਦ ’ਤੇ ਪਰਦਾ ਪਾਉਣ ਦੀ ਕੋਝੀ ਕੋਸ਼ਿਸ਼ ਕਰਾਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੱਟੜ ਦੇ ਦਾਅਵੇ ਤੇ ਸਵਾਲ ਹੋਰ ਕੁਝ ਵੀ ਨਹੀਂ ਹਨ ਸਿਰਫ ਹਰਿਆਣਾ ਸਰਕਾਰ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਹਾਲ ਹੀ ’ਚ ਕੀਤੇ ਲਗਾਤਾਰ ਹਿੰਸਕ ਹਮਲਿਆਂ ਕਾਰਨ ਹੋ ਰਹੀ ਦੇਸ਼ਵਿਆਪੀ ਆਲੋਚਨਾ ਤੋਂ ਬਚਣ ਲਈ ਬਚਾਅ ਦਾ ਇਕ ਘਟੀਆ ਤਰੀਕਾ ਹੈ। ਹਰਿਆਣਾ ’ਚ ਕਿਸਾਨਾਂ ਉੱਤੇ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਜਾ ਰਹੇ ਵੱਖ-ਵੱਖ ਬਿਆਨਾਂ ਨੇ ਇਕ ਵਾਰ ਭਾਜਪਾ ਦੀ ਕਿਸਾਨ ਵਿਰੋਧੀ ਮਾਨਸਿਕਤਾ ਦਾ ਪੂਰੀ ਤਰ੍ਹਾਂ ਸਪੱਸ਼ਟ ਤੌਰ ’ਤੇ ਪਰਦਾਫਾਸ਼ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਲਵਪ੍ਰੀਤ ਲਾਡੀ ਖ਼ੁਦਕੁਸ਼ੀ ਮਾਮਲੇ ’ਚ ਬੇਅੰਤ ਕੌਰ ’ਤੇ ਲੱਗੀ ਧਾਰਾ 306

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਉੱਤੇ ਬਿਨਾਂ ਕਿਸੇ ਉਕਸਾਉਣ ਅਤੇ ਨਾਜਾਇਜ਼ ਹਮਲੇ ਲਈ ਮੁਆਫੀ ਮੰਗਣ ਦੀ ਬਜਾਏ ਖੱਟੜ ਬੇਸ਼ਰਮੀ ਨਾਲ ਪੁਲਸ ਦੀ ਕਾਰਵਾਈ ਦਾ ਬਚਾਅ ਕਰ ਰਹੇ ਸਨ। ਇਥੋਂ ਤੱਕ ਕਿ ਕਰਨਾਲ ਦੇ ਐੱਸ. ਡੀ. ਐੱਮ. ਦੀਆਂ ਪੁਲਸ ਨੂੰ ਦਿੱਤੀਆਂ ਹੈਰਾਨਕੁੰਨ ਹਦਾਇਤਾਂ ਨੂੰ ਵੀ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦਕਿ ਸਾਰੀ ਦੁਨੀਆ ਨੇ ਇਸ ਨੂੰ ਦੇਖਿਆ ਅਤੇ ਇਸ ਦੀ ਨਿਖੇਧੀ ਕੀਤੀ। ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਇਹ ਕਹਿਣਾ ਕਿ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਦੇ ਮੁਕਾਬਲੇ ਕਿਸਾਨਾਂ ਲਈ ਜ਼ਿਆਦਾ ਕੀਤਾ ਹੈ, ਦੇ ਘਿਨੌਣੇ ਦਾਅਵਿਆਂ ਨੂੰ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਖੱਟੜ ਨੂੰ ਪੁੱਛਿਆ, ‘‘ਜੇ ਅਜਿਹਾ ਹੈ ਤਾਂ ਤੁਹਾਡੇ ਆਪਣੇ ਸੂਬੇ ਦੇ ਕਿਸਾਨ ਤੁਹਾਡੇ ਅਤੇ ਤੁਹਾਡੀ ਪਾਰਟੀ (ਭਾਜਪਾ) ਤੋਂ ਨਾਰਾਜ਼ ਕਿਉਂ ਹਨ?’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਣ ’ਚ ਅਸਫਲ ਰਹਿਣ ਤੋਂ ਬਾਅਦ ਕਿ ਇਹ ਪੰਜਾਬ ਅਤੇ ਇਸ ਦੇ ਕਿਸਾਨ ਹਨ, ਜੋ ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਦੇ ਵਿਰੁੱਧ ਲੰਮੇ ਸਮੇਂ ਤੋਂ ਅੰਦੋਲਨ ਲਈ ਜ਼ਿੰਮੇਵਾਰ ਸਨ, ਹੁਣ ਖੱਟੜ ਝੂਠੇ ਅਤੇ ਅਤਿਕਥਨੀ ਵਾਲੇ ਦਾਅਵਿਆਂ ਦਾ ਸਹਾਰਾ ਲੈ ਰਹੇ ਹਨ।

ਇਹ ਵੀ ਪੜ੍ਹੋ : ਫਿਰੋਜ਼ਪੁਰ ’ਚ ਜਨਮ ਅਸ਼ਟਮੀ ਮੌਕੇ ਖੇਤੀ ਕਾਨੂੰਨਾਂ ਵਿਰੁੱਧ ਇੰਝ ਪ੍ਰਗਟਾਇਆ ਗਿਆ ਵਿਰੋਧ

ਖੱਟੜ ਦੇ ਕਿਸਾਨ ਪੱਖੀ ਸਰਕਾਰ ਚਲਾਉਣ ਦੇ ਬੇਤੁਕੇ ਦਾਅਵਿਆਂ ਨੂੰ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਤੁਹਾਡੀ ਪਾਰਟੀ ਨੇ ਸਾਡੇ ਕੋਲ ਇਥੋਂ ਤੱਕ ਕਿ ਸਾਡੇ ਕਰਮਚਾਰੀਆਂ ਨੂੰ ਤਨਖਾਹ ਦੇਣ ਜੋਗਾ ਪੈਸਾ ਵੀ ਨਹੀਂ ਛੱਡਿਆ ਅਤੇ ਫਿਰ ਵੀ ਅਸੀਂ ਸਫਲਤਾਪੂਰਵਕ 5,64,143 ਛੋਟੇ ਅਤੇ ਦਰਮਿਆਨੇ ਕਿਸਾਨਾਂ ਦਾ 4624.38 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਅਤੇ 2.85 ਲੱਖ ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਲਈ 590 ਕਰੋੜ ਰੁਪਏ ਹੋਰ ਮਨਜ਼ੂਰ ਕੀਤੇ ਗਏ।’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਆਪਣੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਲਈ ਇੱਕ ਪੈਸਾ ਵੀ ਨਹੀਂ ਦਿੰਦਾ, ਜਦਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਖੇਤੀ ਮੋਟਰਾਂ ਲਈ ਹਰੇਕ ਸਾਲ 7200 ਕਰੋੜ ਰੁਪਏ (ਲਗਭਗ 17000 ਰੁਪਏ ਪ੍ਰਤੀ ਹੈਕਟੇਅਰ) ਬਿਜਲੀ ਸਬਸਿਡੀ ਦੇ ਰੂਪ ਵਿੱਚ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਘੱਟੋ-ਘੱਟ ਸਮਰਥਨ ਮੁੱਲ ’ਤੇ ਕਣਕ, ਝੋਨੇ ਅਤੇ ਕਪਾਹ ਜਿਹੀਆਂ ਮੁੱਖ ਫਸਲਾਂ ਦੀ ਖਰੀਦ ਦੇ ਮਾਮਲੇ ’ਚ ਨਾ ਸਿਰਫ ਦੇਸ਼ ਦੀ ਅਗਵਾਈ ਕਰ ਰਿਹਾ ਹੈ, ਬਲਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਭਾਰਤ ਖੁਰਾਕ ਨਿਗਮ ਦੀਆਂ ਗਲਤ ਨੀਤੀਆਂ ਦਰਮਿਆਨ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਕਿਸਾਨਾਂ ਨੂੰ ਵਾਧੂ ਸਹਾਇਤਾ ਵੀ ਪ੍ਰਦਾਨ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 2020-21 ’ਚ ਕਣਕ ਅਤੇ ਝੋਨੇ ਦੀ ਖਰੀਦ ’ਤੇ 62,000 ਕਰੋੜ ਰੁਪਏ ਖਰਚ ਕੀਤੇ ਹਨ। ਇਸ ਤੋਂ ਇਲਾਵਾ ਸਾਉਣੀ ਅਤੇ ਹਾੜ੍ਹੀ ਸੀਜ਼ਨ ’ਚ ਕ੍ਰਮਵਾਰ 1100 ਕਰੋੜ ਰੁਪਏ ਅਤੇ 900 ਕਰੋੜ ਰੁਪਏ ਵਾਧੂ ਖਰਚ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਫਸਲੀ ਵਿਭਿੰਨਤਾ ਲਈ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਬਹੁਤ ਸਾਰੇ ਫੰਡ ਮੁਹੱਈਆ ਕਰਵਾਏ ਹਨ। ਕਪਾਹ ਦੇ ਕਿਸਾਨਾਂ ਨੂੰ 9.95 ਕਰੋੜ ਮੱਕੀ ਉਤਪਾਦਕਾਂ ਨੂੰ 4.06 ਕਰੋੜ ਰੁਪਏ ਪਿਛਲੇ ਤਿੰਨ ਸਾਲਾਂ ’ਚ ਬਦਲਵੀਂ ਫਸਲ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੱਕੀ ਲਈ ਇਹ ਪ੍ਰਤੀ ਹੈਕਟੇਅਰ 7690 ਰੁਪਏ ਅਤੇ 7697 ਰੁਪਏ ਪ੍ਰਤੀ ਕਿਸਾਨ ਦੇ ਹਿਸਾਬ ਨਾਲ ਕੰਮ ਕਰਦਾ ਹੈ। ਨਰਮੇ ਲਈ 4150 ਰੁਪਏ ਪ੍ਰਤੀ ਹੈਕਟੇਅਰ ਅਤੇ 4600 ਰੁਪਏ ਪ੍ਰਤੀ ਕਿਸਾਨ ਦੇ ਹਿਸਾਬ ਨਾਲ ਕੰਮ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ‘ਪਾਣੀ ਬਚਾਓ, ਪੈਸਾ ਕਮਾਓ’ ਸਕੀਮ ਤਹਿਤ ਪੰਜਾਬ ਸਰਕਾਰ ਪਾਣੀ ਦੀ ਸੰਭਾਲ ਕਰਨ ਦੀਆਂ ਵਿਧੀਆਂ ਅਪਣਾਉਣ ਦੇ ਨਾਲ-ਨਾਲ ਝੋਨੇ ਦੀ ਬਜਾਏ ਹੋਰ ਬਦਲਵੀਆਂ ਫਸਲਾਂ ਬੀਜ ਕੇ ਬਿਜਲੀ ਦੀ ਬੱਚਤ ਕਰ ਰਹੇ ਕਿਸਾਨਾਂ ਨੂੰ ਬਿਜਲੀ ਦਾ 4 ਰੁਪਏ ਪ੍ਰਤੀ ਯੂਨਿਟ ਮੁਹੱਈਆ ਕਰਵਾ ਰਹੀ ਹੈ, ਜਿਹੜੇ ਕਿਸਾਨ ਹਨ।

ਇਹ ਵੀ ਪੜ੍ਹੋ : ਪਾਕਿ NSA ਵੱਲੋਂ ਪੱਛਮੀ ਦੇਸ਼ਾਂ ਨੂੰ ਧਮਕੀ, ਜੇ ਤਾਲਿਬਾਨ ਨੂੰ ਨਹੀਂ ਦਿੱਤੀ ‘ਮਾਨਤਾ’ ਤਾਂ 9/11 ਵਰਗੇ ਹੋਣਗੇ ਹਮਲੇ

ਖੱਟੜ ਦੇ ਇਸ ਮਾਣਮੱਤੇ ਦਾਅਵੇ ਕਿ ਉਨ੍ਹਾਂ ਦੀ ਸਰਕਾਰ ਭੁਗਤਾਨ ’ਚ ਦੇਰੀ ਲਈ 12 ਫ਼ੀਸਦੀ ਵਿਆਜ ਦੇ ਰਹੀ ਹੈ, ਦੀ ਖਿੱਲੀ ਉਡਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਦੇ ਬਿਲਕੁਲ ਉਲਟ ਪੰਜਾਬ ਸਰਕਾਰ 72 ਘੰਟਿਆਂ ਦੇ ਅੰਦਰ-ਅੰਦਰ ਕਿਸਾਨ ਦੇ ਖਾਤਿਆਂ ’ਚ ਸਿੱਧਾ ਭੁਗਤਾਨ ਕਰ ਰਹੀ ਹੈ, ਜਿਸ ਨਾਲ ਵਿਆਜ ਦੇਣ ਦੀ ਜ਼ਰੂਰਤ ਹੀ ਨਹੀਂ ਰਹਿੰਦੀ। ਉਨ੍ਹਾਂ ਨੇ ਖੱਟੜ ਨੂੰ ਜਵਾਬ ਦਿੰਦਿਆਂ ਕਿਹਾ, ‘‘ਇਹ ਤੁਹਾਡੀ ਸਰਕਾਰ ਦੀ ਖਰੀਦ ਪ੍ਰਕਿਰਿਆ ਦਾ ਢਿੱਲਾ ਪ੍ਰਬੰਧ ਅਤੇ ਕਿਸਾਨਾਂ ਪ੍ਰਤੀ ਤੁਹਾਡਾ ਉਦਾਸੀਨਤਾ ਭਰਿਆ ਰਵੱਈਆ ਹੈ, ਜਿਸ ਕਾਰਨ ਭੁਗਤਾਨ ’ਚ ਦੇਰੀ ਹੋ ਰਹੀ ਹੈ।’’ ਚੌਲ ਤਕਨਾਲੋਜੀ ਤਹਿਤ ਸਿੱਧੀ ਬੀਜਾਈ ਨੂੰ ਅਪਣਾਉਣ ਵਾਲੇ ਕਿਸਾਨ ਨੂੰ 5000 ਰੁਪਏ ਪ੍ਰਤੀ ਏਕੜ ਦੇ ਪ੍ਰੋਤਸਾਹਨ ਸਬੰਧੀ ਖੱਟੜ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਦੇ 1.00 ਲੱਖ ਹੈਕਟੇਅਰ ਦੇ ਮੁਕਾਬਲੇ ਪੰਜਾਬ ’ਚ 40 ਫ਼ੀਸਦੀ ਸਬਸਿਡੀ (ਜਾਂ 900 ਮਸ਼ੀਨਾਂ ’ਤੇ 16000 ਰੁਪਏ) ਨਾਲ ਮੌਜੂਦਾ ਸਮੇਂ ਡੀ. ਐੱਸ. ਆਰ. ਤਕਨਾਲੋਜੀ ਅਧੀਨ 6.01 ਲੱਖ ਹੈਕਟੇਅਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੱਟੜ ਨੂੰ ਪੁੱਛਿਆ, ‘‘ਪਰਾਲੀ ਪ੍ਰਬੰਧਨ ਲਈ ਇਹ 1000 ਰੁਪਏ ਪ੍ਰਤੀ ਏਕੜ ਕੀ ਹੈ, ਜਿਸ ਬਾਰੇ ਤੁਸੀਂ ਦਾਅਵਾ ਕਰ ਰਹੇ ਹੋ ? ਅਸੀਂ 2500 ਰੁਪਏ ਪ੍ਰਤੀ ਏਕੜ ਦਿੰਦੇ ਹਾਂ, ਜੋ ਵਿੱਤੀ ਸਾਲ 2020 ’ਚ 19.93 ਕਰੋੜ ਰੁਪਏ ਸੀ, ਜਿਸ ਨਾਲ 31231 ਕਿਸਾਨਾਂ ਨੂੰ ਲਾਭ ਹੋਇਆ ਤਾਂ ਇਸ ਸਮੇਂ ਦੌਰਾਨ ਤੁਹਾਡੀ ਸਰਕਾਰ ਨੇ ਪਰਾਲੀ ਪ੍ਰਬੰਧਨ ਲਈ ਅਸਲ ’ਚ ਕਿੰਨਾ ਖਰਚ ਕੀਤਾ?’’


Manoj

Content Editor

Related News