41 ਸਾਲ ਬਾਅਦ ਮਾਝਾ ਤੇ ਦੋਆਬਾ ਦੇ ਖੇਤਾਂ ’ਚ ਪੁੱਜਿਆ ਨਹਿਰੀ ਪਾਣੀ, ਅਜੇ 25 ਫੀਸਦੀ ਕਿਸਾਨ ਕਰ ਰਹੇ ਵਰਤੋਂ

Monday, Jul 29, 2024 - 02:32 PM (IST)

ਅੰਮ੍ਰਿਤਸਰ (ਨੀਰਜ)- ਇਕ ਜ਼ਮਾਨਾ ਸੀ ਜਦੋਂ ਖੇਤੀਬਾੜੀ ਲਈ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਦਰਿਆਵਾਂ ਦੇ ਪਾਣੀ ਦੀ ਵਰਤੋਂ ਹੋਣ ਕਾਰਨ ਜ਼ਮੀਨ ਦੇ ਅੰਦਰ ਦੇ ਪਾਣੀ ਦਾ ਪੱਧਰ ਬਿਲਕੁਲ ਨਾਰਮਲ ਸੀ। 5 ਤੋਂ 10 ਫੁੱਟ ਖੋਦਾਈ ਕਰਨ ’ਤੇ ਪਾਣੀ ਜ਼ਮੀਨ ਤੋਂ ਨਿਕਲ ਆਉਂਦਾ ਸੀ। ਅੰਗਰੇਜ਼ਾਂ ਦੇ ਜ਼ਮਾਨੇ ’ਚ ਅਰਬਾਂ ਰੁਪਏ ਖਰਚ ਕਰ ਕੇ ਪੂਰੇ ਪੰਜਾਬ ’ਚ ਨਾ ਸਿਰਫ ਨਹਿਰਾਂ ਦਾ ਜਾਲ ਵਿਛਾਇਆ ਗਿਆ ਸਗੋਂ ਲਿੰਕ ਨਹਿਰਾਂ ਤੋਂ ਲੈ ਕੇ ਛੋਟੇ ਸੂਏ ਵੀ ਬਣਾਏ ਤਾਂ ਕਿ ਇਕ-ਇਕ ਖੇਤ ’ਚ ਨਹਿਰ ਦਾ ਪਾਣੀ ਪਹੁੰਚ ਸਕੇ ਪਰ ਜਿਵੇਂ ਹੀ ਟਿਊਬਵੈੱਲ ਸਿਸਟਮ ਦੀ ਤਕਨੀਕ ਆਈ ਤਾਂ ਨਹਿਰਾਂ ਦੇ ਪਾਣੀ ਦੀ ਵਰਤੋਂ ਬੰਦ ਕਰਵਾ ਦਿੱਤੀ ਗਈ।ਕਿਸਾਨ ਪੂਰੀ ਤਰ੍ਹਾਂ ਟਿਊਬਵੈੱਲਜ਼ ’ਤੇ ਨਿਰਭਰ ਹੋ ਗਏ ਜਿਸ ਨਾਲ ਹਾਲਤ ਇਹ ਹੈ ਕਿ ਇਸ ਸਮੇਂ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਇਲਾਕੇ ਡਾਰਕ ਜ਼ੋਨ ’ਚ ਪੁੱਜ ਚੁੱਕੇ ਹਨ ਅਤੇ ਪਾਣੀ ਇੰਨਾ ਹੇਠਾਂ ਜਾ ਚੁੱਕਾ ਹੈ ਕਿ ਆਉਣ ਵਾਲੇ 2035 ਤੱਕ ਪਾਣੀ ਖਤਮ ਹੋਣ ਦੇ ਕਗਾਰ ’ਤੇ ਹੋਵੇਗਾ। ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ ਅਨੁਸਾਰ ਸਿੰਚਾਈ ਵਿਭਾਗ ਦੇ ਯਤਨਾਂ ਨਾਲ 41 ਸਾਲ ਬਾਅਦ ਮਾਝਾ ਦੇ ਦੋਆਬਾ ਦੇ ਖੇਤਾਂ ’ਚ ਨਹਿਰੀ ਪਾਣੀ ਪਹੁੰਚਾਇਆ ਗਿਆ ਹੈ ਜਿਸ ਲਈ ਸਿੰਚਾਈ ਵਿਭਾਗ ਨੇ ਨਹਿਰਾਂ ਦੀ ਸਫ਼ਾਈ ਦੇ ਨਾਲ-ਨਾਲ ਖੇਤਾਂ ਤੱਕ ਖਾਲ ਬਣਾਉਣ ਦਾ ਕੰਮ ਵੀ ਆਪਣੇ ਹੱਥ ’ਚ ਲੈ ਲਿਆ ਹੈ (ਨਹਿਰ ਤੋਂ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਇਕ ਦੋ ਤੋਂ ਤਿੰਨ ਫੁੱਟ ਚੌੜੀ ਨਾਲੀ ਬਣਾਈ ਜਾਂਦੀ ਹੈ ਜਿਸ ਨੂੰ ਖਾਲ ਕਿਹਾ ਜਾਂਦਾ ਹੈ)।

 ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਪੰਜਾਬ ਨੂੰ ਦਿੱਤੀ ਵੱਡੀ ਸੌਗਾਤ, ਰੇਲਵੇ ਓਵਰਬ੍ਰਿਜ ਦਾ ਕੀਤਾ ਉਦਘਾਟਨ

ਇਕੱਲੇ ਮਾਝਾ ਇਲਾਕੇ ’ਚ ਹੀ 2600 ਕਿਲੋਮੀਟਰ ਨਹਿਰਾਂ ਦਾ ਜਾਲ

ਖੇਤਾਂ ’ਚ ਫਸਲਾਂ ਦੀ ਸਿੰਚਾਈ ਲਈ ਇਕੱਲੇ ਮਾਝਾ ਖੇਤਰ ’ਚ ਹੀ 2600 ਕਿਲੋਮੀਟਰ ਨਹਿਰਾਂ ਦਾ ਜਾਲ ਸਰਕਾਰ ਵੱਲੋਂ ਵਿਛਾਇਆ ਗਿਆ ਸੀ ਪਰ 1980 ਦੇ ਦਹਾਕੇ ਤੋਂ ਬਾਅਦ ਨਹਿਰੀ ਪਾਣੀ ਦੀ ਵਰਤੋਂ ਮੁੱਖ ਤੌਰ ’ਤੇ ਮਾਝਾ ਤੇ ਦੋਆਬਾ ਦੇ ਇਲਾਕੇ ’ਚ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ।ਸ ਕਿਉਂਕਿ ਅਲਗ-ਅਲਗ ਸਿਆਸੀ ਪਾਰਟੀਆਂ ਵੱਲੋਂ ਕਿਸਾਨੀ ਵੋਟ ਬੈਂਕ ਹਾਸਲ ਕਰਨ ਲਈ ਟਿਊਬਵੈੱਲਜ਼ ਲਗਵਾਏ ਗਏ ਅਤੇ ਇਸ ’ਤੇ ਬਿਜਲੀ ਦਾ ਬਿੱਲ ਤੱਕ ਮੁਆਫ਼ ਕਰ ਦਿੱਤਾ ਗਿਆ ਜਿਸ ਨਾਲ ਕਿਸਾਨਾਂ ਨੇ ਟਿਊਬਵੈੱਲਜ਼ ਦੀ ਵਰਤੋਂ 100 ਫੀਸਦੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਹਿਰੀ ਪਾਣੀ ਨੂੰ ਭੁੱਲ ਗਏ।

ਪੰਜ ਦਰਿਆਵਾਂ ਦੀ ਧਰਤੀ ’ਤੇ ਪਾਣੀ ਦੀ ਕਮੀ ਨਹੀਂ ਪਰ ਘਟੀਆ ਸਿਆਸਤ

ਪੰਜਾਬ ਜਿਸ ਨੂੰ ਪੰਜ ਦਰਿਆਵਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪੰਜਾਬ ’ਚ ਪਾਣੀ ਦੀ ਕੋਈ ਕਮੀ ਨਹੀਂ ਹੈ ਅਤੇ ਕੁਦਰਤ ਮਿਹਰਬਾਨ ਹੈ। ਪਰ ਇਸ ਦੇ ਬਾਵਜੂਦ ਘਟੀਆ ਸਿਆਸਤ ਕਰਨ ਵਾਲੇ ਆਗੂਆਂ ਤੇ ਗਲਤ ਸਰਕਾਰੀ ਨੀਤੀਆਂ ਦੇ ਕਾਰਨ ਨਹਿਰੀ ਪਾਣੀ ਤੇ ਦਰਿਆਵਾਂ ਦੇ ਪਾਣੀ ਦੀ ਵਰਤੋਂ ਬਿਲਕੁਲ ਹੀ ਬੰਦ ਕਰ ਦਿੱਤੀ ਗਈ ਅਤੇ ਟਿਊਬਵੈੱਲਜ਼ ਦੇ ਜ਼ਰੀਏ ਜ਼ਮੀਨ ’ਚ ਬੋਰ ਕਰ ਕੇ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਜਿਸ ਨਾਲ ਕੁਝ ਇਲਾਕਿਆਂ ’ਚ ਇਸ ਸਮੇਂ ਪਾਣੀ 100 ਫੁੱਟ ਤੋਂ ਲੈ ਕੇ 500 ਫੁੱਟ ਤੱਕ ਹੇਠਾਂ ਜਾ ਚੁੱਕਾ ਹੈ। ਇਹੀ ਕਾਰਨ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇਕ ਵਾਰ ਫਿਰ ਤੋਂ ਨਹਿਰੀ ਪਾਣੀ ਵੱਲ ਕਿਸਾਨਾਂ ਦਾ ਧਿਆਨ ਕੇਂਦ੍ਰਿਤ ਕਰ ਰਹੀ ਹੈ।

ਇਹ ਵੀ ਪੜ੍ਹੋ- ਕਾਲੇ ਬੱਦਲਾਂ 'ਚ ਘਿਰਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਨਮੋਹਕ ਨਜ਼ਾਰਾ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂ

ਪਾਣੀ ਮਿੱਠਾ ਹੋਣ ਕਾਰਨ ਮਾਝਾ ਤੇ ਦੋਆਬਾ ’ਚ ਟਿਊਬਵੈੱਲਜ਼ ਲੱਗੇ

ਮਾਝਾ ਤੇ ਦੋਆਬਾ ਦੇ ਇਲਾਕੇ ’ਚ ਪਾਣੀ ਮਿੱਠਾ ਹੋਣ ਕਾਰਨ ਕਿਸਾਨਾਂ ਵੱਲੋਂ ਟਿਊਬਵੈੱਲਜ਼ ’ਤੇ ਹੀ ਸਾਰੀ ਨਿਰਭਰਤਾ ਕਰ ਲਈ ਗਈ ਜਦਕਿ ਮਾਲਵਾ ਇਲਾਕੇ ’ਚ ਪਾਣੀ ਭਾਰੀ ਹੋਣ ਕਾਰਨ ਲੋਕਾਂ ਨੇ ਨਹਿਰੀ ਪਾਣੀ ਦੀ ਵਰਤੋਂ ਕੀਤੀ। ਮਾਝਾ ਤੇ ਦੋਆਬਾ ’ਚ ਤਾਂ ਕਿਸਾਨਾਂ ਨੇ ਆਪਣੇ ਖੇਤਾਂ ’ਚ ਨਹਿਰਾਂ ਤੋਂ ਪਾਣੀ ਲਿਆਉਣ ਵਾਲੇ ਖਾਲ ਹੀ ਟ੍ਰੈਕਟਰ ਚਲਾ ਕੇ ਭਰ ਦਿੱਤੇ ਅਤੇ ਉਨ੍ਹਾਂ ’ਤੇ ਵੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ।

17184 ਖਾਲ ’ਚੋਂ 4 ਹਜ਼ਾਰ ਦੁਬਾਰਾ ਬਣਾਏ

ਸਿੰਚਾਈ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਾਝਾ ਤੇ ਦੋਆਬਾ ਇਲਾਕੇ ਦੇ 17184 ਖਾਲ ਜਿਨ੍ਹਾਂ ਨੂੰ ਖੇਤਾਂ ’ਚ ਮਿਲਾ ਦਿੱਤਾ ਗਿਆ ਸੀ ਉਸ ਵਿਚ 5 ਹਜ਼ਾਰ ਖਾਲ ਫਿਰ ਤੋਂ ਵਿਭਾਗ ਨੇ ਬਣਾ ਦਿੱਤੇ ਹਨ। ਜੂਨ ਦੇ ਮਹੀਨੇ ’ਚ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਕਰਦੇ ਹੀ ਸਾਰੀਆਂ ਖਾਲਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਟਿਊਬਵੈੱਲ ਨਹੀਂ ਚੱਲੇ ਅਤੇ ਹੇਠਾਂ ਜਾ ਚੁੱਕਿਆ ਪਾਣੀ ਦਾ ਪੱਧਰ ਫਿਰ ਤੋਂ ਨਾਰਮਲ ਹੋਣਾ ਸ਼ੁਰੂ ਹੋ ਚੁੱਕਾ ਹੈ ਪਰ ਵਿਭਾਗ ਦੇ ਯਤਨਾਂ ਦੇ ਬਾਵਜੂਦ 25 ਫੀਸਦੀ ਕਿਸਾਨ ਹੀ ਨਹਿਰੀ ਪਾਣੀ ਦੀ ਵਰਤੋਂ ਕਰ ਰਹੇ ਹਨ।

 ਇਹ ਵੀ ਪੜ੍ਹੋ- ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਿਸ਼ਤੀ ਹੋਈ ਬੰਦ

ਸ਼ਹਿਰਾਂ ’ਚ ਵੀ 24 ਘੰਟੇ ਮਿਲੇਗਾ ਨਹਿਰਾਂ ਦਾ ਸਾਫ਼ ਪਾਣੀ

ਖੇਤੀਬਾੜੀ ਦੇ ਨਾਲ-ਨਾਲ ਸ਼ਹਿਰੀ ਇਲਾਕਿਆਂ ’ਚ 24 ਘੰਟੇ ਸਾਫ ਨਹਿਰੀ ਪਾਣੀ ਦੀ ਸਹੂਲਤ ਦੇਣ ਲਈ ਵਿਸ਼ਵ ਬੈਂਕ ਦੀ ਮਦਦ ਨਾਲ ਯੂ.ਬੀ.ਡੀ.ਸੀ. ਕਨਾਲ ਵਾਟਰ ਟ੍ਰੀਟਮੈਂਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਜੋ ਆਖਰੀ ਪੜਾਅ ’ਚ ਹੈ। ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਸ਼ਹਿਰਾਂ ’ਚ ਨਹਿਰੀ ਸਾਫ ਪਾਣੀ ਉਪਲਬਧ ਕਰਵਾਇਆ ਜਾਵੇਗਾ ਅਤੇ ਵੱਲਾ ’ਚ ਵਾਟਰ ਟ੍ਰੀਟਮੈਂਟ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਨਹਿਰ ਦੇ ਪਾਣੀ ਨੂੰ ਸਾਫ ਕਰ ਕੇ ਪੀਣ ਦੇ ਪਾਣੀ ਲਈ ਇਸਤੇਮਾਲ ਕੀਤਾ ਜਾਵੇਗਾ ਕਿਉਂਕਿ ਸ਼ਹਿਰਾਂ ’ਚ ਨਗਰ ਨਿਗਮ ਦੇ ਟਿਊਬਵੈੱਲਜ਼ ਦਾ ਪਾਣੀ ਵੀ 600 ਫੁੱਟ ਹੇਠਾਂ ਜਾ ਚੁੱਕਾ ਹੈ ਜੋ ਖਤਰੇ ਦੀ ਘੰਟੀ ਵਜਾ ਰਿਹਾ ਹੈ।

ਸਿੰਚਾਈ ਵਿਭਾਗ ਵੱਲੋਂ ਨਹਿਰੀ ਸਫਾਈ ਤੇ ਖਾਲ ਬਣਾਉਣ ਦੇ ਲਈ 17060 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਫੀਲਡ ’ਚ ਉਤਾਰਿਆ ਗਿਆ ਹੈ। ਨਹਿਰ ਦਾ ਪਾਣੀ ਟਿਊਬਵੈੱਲਜ਼ ਦੇ ਪਾਣੀ ਦੀ ਤੁਲਨਾ ’ਚ ਜ਼ਿਆਦਾ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਖੇਤਾਂ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਖਾਦ ਪਾਉਣ ਦੀ ਲੋੜ ਵੀ ਘੱਟ ਪੈਂਦੀ ਹੈ। ਸਰਕਾਰ ਦੇ ਯਤਨਾਂ ਨਾਲ ਟਿਊਬਵੈੱਲਜ਼ ਦੀ ਵਰਤੋਂ ਬੰਦ ਹੋਵੇਗੀ ਅਤੇ ਪਾਣੀ ਦਾ ਪੱਧਰ ਨਾਰਮਲ ਹੋਣ ਦੇ ਨਾਲ-ਨਾਲ ਬਿਜਲੀ ਦੀ ਵੀ ਬਚਤ ਹੋਵੇਗੀ।

 ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਕਰੋੜਾਂ ਦੀ ਡਰੱਗ ਮਨੀ ਸਣੇ ਵਿਦੇਸ਼ੀ ਨਸ਼ਾ ਤਸਕਰਾਂ ਦੇ 2 ਸੰਚਾਲਕ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News